• Home
  • ਅਮਰੀਕਾ ‘ਚ ਵਰਸੇਗਾ 38 ਲੱਖ ਕਰੋੜ ਲਿਟਰ ਪਾਣੀ

ਅਮਰੀਕਾ ‘ਚ ਵਰਸੇਗਾ 38 ਲੱਖ ਕਰੋੜ ਲਿਟਰ ਪਾਣੀ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਫਲੋਰੈਂਸ ਤੂਫ਼ਾਨ ਅਮਰੀਕਾ ਦੇ ਪੂਰਬੀ ਤੱਟ 'ਤੇ ਪਹੁੰਚ ਗਿਆ ਹੈ ਜਿਸ ਕਾਰਨ ਕੈਰੇਲੀਨਾ ਵਿਚ 150 ਕਿਲੋਮੀਟਰ ਦੀ ਗਤੀ ਨਾਲ ਹਵਾਵਾਂ ਚੱਲੀਆਂ ਤੇ ਲਗਭਗ ਇਕ ਲੱਖ ਘਰਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ। ਅਮਰੀਕੀ ਵੈਬਸਾਈਟ ਵੈਦਰਮਾਡਲਜ਼ ਨੇ ਇਕ ਅਨੁਮਾਨ ਅਨੁਸਾਰ ਦਸਿਆ ਹੈ ਕਿ ਅਗਲੇ ਹਫ਼ਤੇ ਇਕੱਲੇ ਕੈਰੇਲੀਨਾ ਵਿਚ 38 ਲੱਖ ਕਰੋੜ ਲਿਟਰ ਪਾਣੀ ਵਰਸੇਗਾ ਜਿਸ ਨਾਲ ਸਮੱਸਿਆਵਾਂ ਪੈਦਾ ਹੋਣਗੀਆਂ। ਨੈਸ਼ਨਲ ਹੈਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਭਾਵੇਂ ਤੂਫਾਨ ਦੀ ਰਫ਼ਤਾਰ ਘਟੀ ਹੈ ਪਰ ਖ਼ਤਰਾ ਟਲਿਆ ਨਹੀਂ ਹੈ।
ਦਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਮੌਸਮ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਸੀ ਕਿ ਦੇਸ਼ 'ਚ 1 ਮੀਟਰ ਤਕ ਮੀਂਹ ਪਵੇਗਾ ਤੇ ਅਮਰੀਕਾ ਦੇ ਪੂਰਬੀ ਤੱਟ 'ਤੇ ਵਸੇ ਇਲਾਕਿਆਂ ਵਿਚ ਹੜ ਆ ਜਾਵੇਗਾ ਪਰ ਹਵਾ ਦੀ ਗਤੀ ਕਾਰਨ ਅਮਰੀਕੀਆਂ ਨੂੰ ਕੁਝ ਸੁੱਖ ਦਾ ਸਾਹ ਮਿਲੇਗਾ।
ਇਸ ਤੋਂ ਪਹਿਲਾਂ ਇਹ ਅਨੁਮਾਨ ਸੀ ਕਿ ਧਰਤੀ 'ਤੇ ਚਾਰ ਮੀਟਰ ਤਕ ਪਾਣੀ ਭਰ ਜਾਵੇਗਾ ਤੇ ਨਦੀਆਂ ਦਾ ਵਹਾਅ ਬਦਲ ਕੇ ਸ਼ਹਿਰਾਂ ਵਲ ਹੋ ਜਾਵੇਗਾ।
ਇਸ ਸਮੇਂ ਭਾਵੇਂ ਤੂਫਾਨ ਨੂੰ ਕੈਟਾਗਰੀ 4 ਤੋਂ 2 ਵਿਚ ਕਰ ਦਿਤਾ ਗਿਆ ਹੈ ਪਰ ਫਿਰ ਵੀ ਪ੍ਰਸ਼ਾਸਨ ਚੌਕਸ ਹੈ ਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਸਮੁੰਦਰੀ ਤੱਟਾਂ ਤੋਂ ਦੂਰ ਰਹਿਣ।