• Home
  • ਕਾਂਗਰਸੀ ਆਗੂ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ, ਡੇਰਾ ਬੱਸੀ ‘ਚ ਸਨਸਨੀ

ਕਾਂਗਰਸੀ ਆਗੂ ਦੀ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ, ਡੇਰਾ ਬੱਸੀ ‘ਚ ਸਨਸਨੀ

ਚੰਡੀਗੜ੍ਹ, :ਇੱਥੋਂ ਨੇੜਲੇ ਕਸਬਾ ਡੇਰਾ ਬੱਸੀ ਦੇ ਕਾਂਗਰਸੀ ਆਗੂ ਦੀ ਅੱਜ ਦਰੱਖ਼ਤ ਨਾਲ ਲਟਕਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਬਿਲਡਰ ਦਾ ਕੰਮ ਕਰਦੇ ਕਾਂਗਰਸੀ ਆਗੂ ਦਾ ਨਾਂ ਜਸਬੀਰ ਸਿੰਘ ਜੱਸਾ ਦੱਸਿਆ ਜਾ ਰਿਹਾ ਹੈ, ਜੋ ਡੇਰਾ ਬੱਸੀ ਦੀ ਆਸ਼ੀਆਨਾ ਕਾਲੋਨੀ ਵਿਚ ਰਹਿ ਰਿਹਾ ਸੀ।

ਪੁਲਿਸ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ ਅਤੇ ਖੁਦਕੁਸ਼ੀ ਤੇ ਕਤਲ ਦੀਆਂ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਉਸ ਦੇ ਕਤਲ ਦਾ ਖਦਸ਼ਾ ਜਤਾਇਆ ਹੈ।

45 ਸਾਲਾ ਜੱਸਾ ਦੀ ਰਿਹਾਇਸ਼ ਨੇੜੇ ਸਵੇਰ ਵੇਲੇ ਕੈਂਪਰਾਂ ਦੇ ਪਾਣੀ ਦੀ ਸਪਲਾਈ ਦੇਣ ਆਏ ਟੈਂਪੂ ਚਾਲਕ ਨੇ ਦਰੱਖ਼ਤ ਨਾਲ ਝੂਲ ਰਹੀ ਲਾਸ਼ ਨੂੰ ਵੇਖ ਕੇ ਗਾਰਡ ਨੂੰ ਸੂਚਿਤ ਕੀਤਾ ਜਿਸ ਨੇ ਅੱਗੋਂ ਪੁਲਿਸ ਨੂੰ ਸੂਚਿਤ ਕੀਤਾ।

ਕਾਫ਼ੀ ਸਮੇਂ ਤੋਂ ਕਾਂਗਰਸ ਵਿਚ ਸਰਗਰਮੀ ਨਾਲ ਕੰਮ ਕਰਦੇ ਆ ਰਹੇ ਜੱਸਾ ਦੀ ਪਤਨੀ ਮੀਰਾ ਕੁਮਾਰੀ ਡੇਰਾ ਬੱਸੀ ਸ਼ਹਿਰੀ ਕਾਂਗਰਸ ਕਮੇਟੀ ਦੀ ਮਹਿਲਾ ਪ੍ਰਧਾਨ ਹਨ। ਦੋ ਭੈਣਾਂ ਦਾ ਇਕਲੌਤਾ ਭਰਾ ਜੱਸਾ ਸੋਮਵਾਰ ਤੜਕੇ 2.25 ਵਜੇ ਘਰੋਂ ਬਾਹਰ ਆਇਆ ਅਤੇ 2.35 ਵਜੇ ਮੁੜ ਘਰ ਵਾਪਸ ਆ ਗਿਆ। ਦੁਬਾਰਾ ਉਹ ਕਦੋਂ ਘਰੋਂ ਨਿਕਲਿਆ ਪਰਿਵਾਰ ਨੂੰ ਵੀ ਇਸ ਦਾ ਪਤਾ ਨਹੀਂ। ਸਵੇਰੇ ਕਰੀਬ 6 ਵਜੇ ਜਦੋਂ ਘਰਾਂ ਵਿਚ ਪਾਣੀ ਦੇ ਕੈਂਪਰਾਂ ਦੀ ਸਪਲਾਈ ਦੇਣ ਆਏ ਇਕ ਟੈਂਪੂ ਚਾਲਕ ਨੇ ਉਸ ਦੀ ਲਾਸ਼ ਪਿੱਪਲ ਦੇ ਦਰੱਖ਼ਤ ਨਾਲ ਲਟਕਦੀ ਵੇਖੀ।

ਪੁਲਿਸ ਨੂੰ ਮੌਕੇ ਤੋਂ ਇਕ ਪਲਾਸਟਿਕ ਦਾ ਨੀਲੇ ਰੰਗ ਦਾ ਡਰੰਮ ਵੀ ਬਰਾਮਦ ਹੋਇਆ ਹੈ, ਜਾਪਦਾ ਹੈ ਕਿ ਉਸ ਨੇ ਉਸ ਤੇ ਚੜ੍ਹ ਕੇ ਫਾਹਾ ਲਿਆ ਹੋ ਸਕਦਾ ਹੈ। ਫਿਲਹਾਲ ਪੁਲਿਸ ਨੇ ਡਰੰਮ ਅਤੇ ਫਾਹਾ ਲੈਣ ਵਾਲੀ ਰੱਸੀ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਨੂੰ ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ। ਪੁਲਿਸ ਨੇ ਸੀਆਰਪੀਸੀ 174 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।