• Home
  • ਮੋਦੀ ਦੀ ਸਕੀਮ ਤੇ ਕੈਪਟਨ ਦਾ ਪਹਿਰਾ:-ਫ਼ਰਵਰੀ ਮਹੀਨੇ ਅਖੀਰ ਤੱਕ 2000 ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਹੋਣਗੇ ਜਮਾਂ:- ਪੜ੍ਹੋ ਖੁਸ਼ਖਬਰੀ

ਮੋਦੀ ਦੀ ਸਕੀਮ ਤੇ ਕੈਪਟਨ ਦਾ ਪਹਿਰਾ:-ਫ਼ਰਵਰੀ ਮਹੀਨੇ ਅਖੀਰ ਤੱਕ 2000 ਰੁਪਏ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਹੋਣਗੇ ਜਮਾਂ:- ਪੜ੍ਹੋ ਖੁਸ਼ਖਬਰੀ

ਆਮਦਨ ਸਹਾਇਤਾ ਵਜੋਂ ਸਾਲਾਨਾ 6000 ਰੁਪਏ ਦੀ ਰਾਸ਼ੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਹੋਵੇਗੀ ਜਮਾਂ

ਬਠਿੰਡਾ, 21 ਫ਼ਰਵਰੀ : ਕਿਸਾਨਾਂ ਨੂੰ ਆਮਦਨ ਸਹਾਇਤਾ ਵਜੋਂ ਸਾਲਾਨਾ 6000 ਰੁਪਏ ਦੀ ਰਾਸ਼ੀ ਉਨਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕਰਨ ਦੀ ਸਕੀਮ ਤਹਿਤ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਛੋਟੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸਕੀਮ ਤਹਿਤ ਆਪਣੇ ਫ਼ਾਰਮ ਭਰਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜ ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨ ਪਰਿਵਾਰਾਂ ਦੀ ਮਾਲੀ ਸਹਾਇਤਾ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਨੇ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ' ਦਾ ਐਲਾਨ ਕੀਤਾ ਹੈ ਜਿਸ ਤਹਿਤ ਬਰਾਬਰ ਤਿੰਨ ਕਿਸ਼ਤਾਂ ਵਿੱਚ ਰਾਸ਼ੀ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਜਮਾਂ ਕਰਵਾਈ ਜਾਏਗੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਨੇਪਰੇ ਚਾੜਨ ਲਈ ਖੇਤੀਬਾੜੀ ਵਿਭਾਗ ਨੂੰ ਨੋਡਲ ਵਿਭਾਗ ਵਜੋਂ ਨਾਮਜ਼ਦ ਕੀਤਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਕੀਮ ਨੂੰ ਪਾਰਦਰਸ਼ੀ ਤੇ ਪ੍ਰੇਸ਼ਾਨੀ ਮੁਕਤ ਢੰਗ ਨਾਲ ਲਾਗੂ ਕਰਾਉਣ ਨੂੰ ਯਕੀਨੀ ਬਣਾਉਣ ਲਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ। ਉਨਾਂ ਕਿਹਾ ਕਿ ਕਿਸਾਨ ਪਿੰਡ ਪੱਧਰ 'ਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਉਪਲਬਧ ਸਵੈ-ਘੋਸ਼ਣਾ ਫ਼ਾਰਮ ਭਰਨ। ਕਿਸਾਨਾਂ ਵੱਲੋਂ ਭਰੇ ਗਏ ਇਹ ਫ਼ਾਰਮ ਸਹਿਕਾਰੀ ਸਭਾਵਾਂ ਵੱਲੋਂ ਤਿਆਰ ਕੀਤੇ ਆਈ.ਟੀ. ਪੋਰਟਲ ਉਪਰ ਅਪਲੋਡ ਕੀਤੇ ਜਾਣਗੇ ਅਤੇ ਇਸ ਮਹੀਨੇ ਦੇ ਅੰਤ ਤੱਕ ਸਕੀਮ ਦੀ ਪਹਿਲੀ ਕਿਸ਼ਤ ਵਜੋਂ 2000 ਰੁਪਏ ਦੀ ਰਾਸ਼ੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਹੋ ਜਾਵੇਗੀ।

ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਖੇਤੀਬਾੜੀ ਸਕੱਤਰ ਅਤੇ ਇਸ ਸਕੀਮ ਦੇ ਸੂਬਾਈ ਨੋਡਲ ਅਫ਼ਸਰ ਸ੍ਰੀ ਕੇ.ਐਸ. ਪੰਨੂ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਇਸ ਸਕੀਮ ਤਹਿਤ ਛੋਟਾ ਪਰਿਵਾਰ ਜਿਸ ਵਿੱਚ ਪਤੀ, ਪਤਨੀ ਤੇ 18 ਸਾਲ ਘੱਟ ਉਮਰ ਦੇ ਬੱਚੇ ਹਨ ਅਤੇ ਸਾਂਝੇ ਰੂਪ ਵਿੱਚ ਪੰਜ ਏਕੜ ਤੋਂ ਵੱਧ ਜ਼ਮੀਨ ਨਹੀਂ ਹੈ, ਨੂੰ ਲਾਭ ਦੇ ਯੋਗ ਮੰਨਿਆ ਜਾਵੇਗਾ। ਜਿਨਾਂ ਛੋਟੇ ਕਿਸਾਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਸਰਕਾਰੀ, ਬੋਰਡ, ਕਾਰਪੋਰੇਸ਼ਨ ਜਾਂ ਕਿਸੇ ਸਵੈ-ਨਿਰਭਰ ਸੰਸਥਾ ਵਿੱਚ ਨੌਕਰੀ ਕਰ ਰਿਹਾ ਜਾਂ ਸੇਵਾ ਮੁਕਤ ਹੋ ਚੁੱਕਾ ਹੈ, ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਪਰ ਇਹ ਸ਼ਰਤ ਉਨਾਂ ਪਰਿਵਾਰਾਂ 'ਤੇ ਲਾਗੂ ਨਹੀਂ ਹੁੰਦੀ, ਜਿਨਾਂ ਪਰਿਵਾਰਾਂ ਦਾ ਕੋਈ ਮੈਂਬਰ ਦਰਜਾ-4 ਦੀ ਨੌਕਰੀ ਕਰਦਾ ਹੈ ਜਾਂ ਸੇਵਾ ਮੁਕਤ ਹੋ ਕੇ 10,000 ਤੋਂ ਘੱਟ ਪੈਨਸ਼ਨ ਲੈ ਰਿਹਾ ਹੈ। ਇਸੇ ਤਰਾਂ ਹੀ ਆਮਦਨ ਕਰ ਭਰਨ ਵਾਲੇ ਮੌਜੂਦਾ ਜਾਂ ਸੇਵਾ-ਮੁਕਤ ਸੰਵਿਧਾਨਕ ਅਹੁਦੇ ਵਾਲੇ ਅਧਿਕਾਰੀ, ਵਿਧਾਇਕ, ਸੰਸਦ ਮੈਂਬਰ, ਮੇਅਰ, ਜ਼ਿਲਾ ਪ੍ਰੀਸ਼ਦ ਚੇਅਰਮੈਨ ਵੀ ਇਸ ਸਕੀਮ ਤੋਂ ਲਾਹਾ ਨਹੀਂ ਲੈ ਸਕਣਗੇ। ਚੰਗੇ ਕਿੱਤਿਆਂ ਨਾਲ ਜੁੜੇ ਪੇਸ਼ੇਵਰ ਡਾਕਟਰ, ਇੰਜੀਨੀਅਰ, ਨਕਸ਼ਾ ਨਵੀਸ, ਵਕੀਲ ਤੇ ਚਾਰਟਰਡ ਅਕਾਊਂਟੈਂਟ ਵੀ ਇਸ ਸਕੀਮ ਤੋਂ ਲਾਭ ਲੈਣ ਦੇ ਯੋਗ ਨਹੀਂ ਹਨ।

ਉਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਦੋ ਲੱਖ ਤੋਂ ਵੱਧ ਕਿਸਾਨਾਂ ਵਲੋਂ ਫ਼ਾਰਮ ਭਰੇ ਜਾ ਚੁੱਕੇ ਹਨ ਅਤੇ ਸਹਿਕਾਰਤਾ ਵਿਭਾਗ ਵੱਲੋਂ ਇਨਾਂ ਫ਼ਾਰਮਾਂ ਨੂੰ ਪੋਰਟਲ 'ਤੇ ਅਪਲੋਡ ਵੀ ਕੀਤਾ ਜਾ ਰਿਹਾ ਹੈ। ਉਨਾਂ ਯੋਗ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਪਿੰਡ ਦੀਆਂ ਸਹਿਕਾਰੀ ਸਭਾਵਾਂ ਵਿੱਚ ਪਹੁੰਚ ਕੇ ਫ਼ਾਰਮ ਭਰਨ ਲਈ ਅਪੀਲ ਕੀਤੀ ਤਾਂ ਜੋ ਇਨਾਂ ਕਿਸਾਨਾਂ ਦੀ ਜ਼ਮੀਨ ਦੀ ਸ਼ਨਾਖ਼ਤ ਦੀ ਕਾਰਵਾਈ ਛੇਤੀ ਮੁਕੰਮਲ ਕੀਤੀ ਜਾ ਸਕੇ ਅਤੇ ਉਨਾਂ ਦੇ ਫ਼ਾਰਮਾਂ ਨੂੰ ਪੋਰਟਲ ਤੇ ਅਪਲੋਡ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਸਰਕਾਰ ਦੀ ਸੂਬੇ ਵਿੱਚ ਕਰੀਬ 9-10 ਲੱਖ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਦੇਣ ਦੀ ਯੋਜਨਾ ਹੈ।