• Home
  • ਸੀਟੂ ਆਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਕੈਨੇਡੀਅਨ ਕਲੋਨਾਈਜ਼ਰ ਵਿਰੁੱਧ ਮੁਕੱਦਮਾ ਦਰਜ

ਸੀਟੂ ਆਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਕੈਨੇਡੀਅਨ ਕਲੋਨਾਈਜ਼ਰ ਵਿਰੁੱਧ ਮੁਕੱਦਮਾ ਦਰਜ

ਰਾਏਕੋਟ, /ਲੁਧਿਆਣਾ -(ਖ਼ਬਰ ਵਾਲੇ ਬਿਊਰੋ  ) ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੁਬਾਈ ਸਕੱਤਰ ਸਾਥੀ ਦਲਜੀਤ ਕੁਮਾਰ ਗੋਰਾ ਨੂੰ ਟੈਲੀਫੋਨ ‘ਤੇ ਅਸ਼ਲੀਲ ਗਾਲੀ ਗਲੋਚ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਿਰੁਧ ਬੀਤੀ ਦੇਰ ਰਾਤ ਤੱਕ ਭਾਰੀ ਗਿਣਤੀ ਲੋਕਾਂ ਵੱਲੋਂ ਥਾਣਾ ਰਾਏਕੋਟ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਆਖਰ ਐਸ.ਐਸ.ਪੀ ਲੁਧਿਆਣਾ (ਦਿਹਾਤੀ) ਵਰਿੰਦਰ ਸਿੰਘ ਬਰਾੜ ਦੇ ਦਖਲ ਬਾਅਦ ਇੱਕ ਕਨੇਡੀਅਨ ਨਾਗਰਿਕ ਸਮੇਤ ਦੋ ਵਿਰੁਧ ਮੁਕੱਦਮਾਂ ਦਰਜ਼ ਕੀਤਾ ਗਿਆ ਹੈ। ਐਸ.ਐਚ.ਓ ਸਿਟੀ ਰਾਏਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਨੇਡੀਅਨ ਨਾਗਰਿਕ ਭੁਪਿੰਦਰ ਸਿੰਘ ਗਰੇਵਾਲ ਅਤੇ ਰਾਏਕੋਟ ਵਾਸੀ ਦਿਨੇਸ਼ ਵਰਮਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 294 ਅਤੇ 506 ਅਧੀਨ ਮੁਕੱਦਮਾਂ ਨੰਬਰ 99 ਕਾਮਰੇਡ ਦਲਜੀਤ ਕੁਮਾਰ ਗੋਰਾ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ।
ਐਸ.ਐਚ.ਓ ਜਸਵਿੰਦਰ ਸਿੰਘ ਅਨੁਸਾਰ ਦਲਜੀਤ ਕੁਮਾਰ ਗੋਰਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਭੁਪਿੰਦਰ ਸਿੰਘ ਗਰੇਵਾਲ ਵਿਰੁਧ ਥਾਣਾ ਸਿਟੀ ਰਾਏਕੋਟ ਵਿੱਚ ਪਹਿਲਾਂ ਤੋਂ ਹੀ ਦਰਜ਼ ਦੋ ਮੁਕੱਦਮਿਆਂ ਵਿੱਚ ਉਹ ਮੁੱਖ ਗਵਾਹ ਹੈ ਅਤੇ 29 ਅਕਤੂਬਰ ਨੂੰ ਗਵਾਹੀ ਦੇਣ ਲਈ ਜਗਰਾਉਂ ਦੀ ਅਦਾਲਤ ਨੇ ਉਸ ਨੂੰ ਪਾਬੰਦ ਕੀਤਾ ਹੋਇਆ ਹੈ। ਜਿਸ ਤੋਂ ਬੁਖਲਾਹਟ ਵਿੱਚ ਆ ਕੇ ਭੁਪਿੰਦਰ ਸਿੰਘ ਗਰੇਵਾਲ ਨੇ ਆਪਣੇ ਸਾਥੀ ਦਿਨੇਸ਼ ਵਰਮਾ ਦੇ ਫੋਨ ਤੋਂ ਦੋ ਵਾਰ ਫੋਨ ਕਰਕੇ ਅਸ਼ਲੀਲ ਗਾਲੀ-ਗਲੋਚ ਕੀਤੀ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਗਵਾਹੀ ਦੇਣ ਦੀ ਸੂਰਤ ਵਿੱਚ ਸਬਕ ਸਿਖਾਉਣ ਲਈ ਵੀ ਵੰਗਾਰਿਆ ਸੀ।
ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਗਰੇਵਾਲ ਗਰੀਨ ਸਿਟੀ ਰਾਏਕੋਟ ਵਿੱਚ ਰਹਿੰਦਾ ਹੈ ਅਤੇ ਕਨੇਡਾ ਦਾ ਨਾਗਰਿਕ ਹੈ। ਉਸ ਵਿਰੁਧ ਥਾਣਾ ਸਿਟੀ ਰਾਏਕੋਟ ਵਿੱਚ ਧੱਕੇ ਨਾਲ ਕਬਜ਼ਾ ਕਰਨ, ਭੰਨ-ਤੋੜ ਕਰਨ ਅਤੇ ਅਪਰਾਧਿਕ ਸਾਜਿਸ਼ ਵਰਗੀਆਂ ਸੰਗੀਨ ਧਾਰਾਵਾਂ ਅਧੀਨ ਦੋ ਮੁਕੱਦਮੇਂ ਪਹਿਲਾਂ ਹੀ ਦਰਜ਼ ਹਨ। ਵਿਦੇਸ਼ੀ ਨਾਗਰਿਕ ਹੁੰਦਿਆਂ ਧੋਖੇ ਨਾਲ ਅਸਲਾ ਲਾਇਸੰਸ ਬਣਾਉਣ ਬਾਰੇ ਮੁਕੱਦਮਾਂ ਵੀ ਥਾਣਾ ਸਿਟੀ ਰਾਏਕੋਟ ਵਿੱਚ ਦਰਜ਼ ਹੋ ਚੁੱਕਾ ਹੈ।ਇਸੇ ਤਰ੍ਹਾਂ ਇੱਕ ਹੋਰ ਵਿਦੇਸ਼ੀ ਨਾਗਰਿਕ ਮੱਖਣ ਸਿੰਘ ਗਰੇਵਾਲ ਨਾਲ ਜ਼ਮੀਨੀ ਖਰੀਦੋ ਫਰੋਖਤ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਦਾ ਮੁਕੱਦਮਾ ਐਨ.ਆਰ.ਆਈ ਥਾਣਾ ਜਗਰਾਉਂ ਵਿੱਚ ਵੀ ਦਰਜ਼ ਹੈ।ਇਸੇ ਦੌਰਾਨ ਕੱਲ ਦਰਜ਼ ਹੋਏ ਮੁਕੱਦਮੇਂ ਵਿੱਚ ਭੁਪਿੰਦਰ ਸਿੰਘ ਗਰੇਵਾਲ ਦੇ ਸਹਿਯੋਗੀ ਦਿਨੇਸ਼ ਵਰਮਾ ਨੇ ਖੁੱਦ ਥਾਣਾ ਹਾਜ਼ਰ ਹੋ ਕੇ ਪੁਲਿਸ ਜਾਂਚ ਵਿੱਚ ਬਿਆਨ ਦਰਜ਼ ਕਰਵਾਏ ਹਨ ਕਿ ਉਹ ਭੁਪਿੰਦਰ ਸਿੰਘ ਗਰੇਵਾਲ ਅਤੇ ਰਾਜਾ ਗਰੇਵਾਲ ਸਮੇਤ ਕੱਲ ਸ਼ਾਮ ਨੂੰ ਲੁਧਿਆਣਾ ਗਿਆ ਸੀ।ਜਿਥੇ ਉਸ ਦੇ ਫੋਨ ਤੋਂ ਜਾਣਬੁੱਝ ਕੇ ਦਲਜੀਤ ਕੁਮਾਰ ਗੋਰਾ ਨੂੰ ਧਮਕੀਆਂ ਦਿੱਤੀਆਂ ਸਨ। ਉਸ ਨੇ ਜਾਂਚ ਅਧਿਕਾਰੀ ਨੂੰ ਦੱਸਿਆ ਕਿ ਉਹ ਬੇਕਸੂਰ ਹੈ ਅਤੇ ਉਹ ਲੋੜ ਪੈਣ ‘ਤੇ ਅਦਾਲਤ ਵਿੱਚ ਵੀ ਗਵਾਹੀ ਦੇਣ ਲਈ ਤਿਆਰ ਹੈ।