• Home
  • ਨਵੇਂ ਜਥੇਦਾਰ ਦੀ ਭਾਲ :-ਕੌਣ ਬਣੇਗਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ.?

ਨਵੇਂ ਜਥੇਦਾਰ ਦੀ ਭਾਲ :-ਕੌਣ ਬਣੇਗਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ.?

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਇਸ ਤਰਾਂ ਲੱਗ ਰਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਵਧਿਆ ਰੌਲਾ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੁਰਬਾਨੀ ਲਵੇਗਾ। ਸੂਤਰ ਦਸਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਅਕਾਲੀ ਦਲ ਦੇ ਹੁਕਮਰਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ  ਗਿਆਨੀ ਗੁਰਬਚਨ ਸਿੰਘ ਨੂੰ ਅਹੁਦਾ ਤਿਆਗਣ ਦੇ  ਹੁਕਮ ਹੋ ਚੁੱਕੇ ਹਨ । ਪੰਜਾਬ ਚ  ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਹਲਕਿਆਂ ਚ ਵਧੀ ਤਲਖੀ ਕਾਰਨ ਜਿੱਥੇ ਅਕਾਲੀ ਦਲ ਫੂਕ ਫੂਕ ਕੇ ਪੈਰ ਰੱਖ ਰਿਹਾ ਹੈ ,ਉੱਥੇ ਜੱਥੇਦਾਰ  ਗਿਆਨੀ ਗੁਰਬਚਨ ਸਿੰਘ ਜਿਵੇਂ ਚੁੱਪ ਹੀ ਹੋ ਗਏ ਹਨ ਤੇ ਉਨਾਂ ਨੇ ਮੀਡੀਆ ਤੋਂ ਦੂਰੀ ਬਣਾ ਰੱਖੀ ਹੈ।

ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਵਿਧਾਨ ਸਭਾ ਅੰਦਰ ਰਿਪੋਰਟ ਪੇਸ਼ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਿਰੁੱਧ ਸੰਗੀਨ ਦੋਸ਼ ਲੱਗਣ ਤੋਂ ਬਾਅਦ ਕਰਲੇ ਬਾਦਲ ਪਰਿਵਾਰ ਖਿਲਾਫ਼ ਹੀ ਨਹੀਂ ਸਗੋਂ ਸਿੱਖ ਹਲਕਿਆਂ ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ।

ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਅਕਾਲੀ ਦਲ ਹਾਈ ਕਮਾਂਡ ਨੇ ਵੀ ਮੂਡ ਬਣਾ ਲਿਆ ਹੈ ਕਿ ਜਥੇਦਾਰ ਦੀ ਕੁਰਬਾਨੀ ਦੇ ਕੇ ਪਾਰਟੀ ਦੀ ਡੁੱਬਦੀ ਸ਼ਾਖ ਨੂੰ ਬਚਾ ਲਿਆ ਜਾਵੇ।
ਹੁਣ ਸਵਾਲ ਉਠਦਾ ਹੈ ਕਿ ਗਿਆਨੀ ਗੁਰਬਚਨ ਸਿੰਘ ਤੋਂ ਬਾਅਦ ਇਸ ਅਹੁਦੇ ਲਈ ਕੌਣ ਫਿਟ ਬੈਠਦਾ ਹੈ। ਅਕਾਲੀ ਦਲ ਨੇ ਅੰਦਰੋ-ਅੰਦਰੀ ਜਥੇਦਾਰ ਦੀ ਭਾਲ ਤੇਜ਼ ਕਰ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਸੰਤਾ ਸਿੰਘ ਉਮੈਦਪੁਰੀ ਤੇ ਕਿਰਪਾਲ ਸਿੰਘ ਬਡੂੰਗਰ ਨੂੰ ਟਟੋਲਿਆ ਹੈ ਪਰ ਦੋਹਾਂ ਨੇ ਨਾਂਹ 'ਚ ਸਿਰ ਹਿਲਾ ਕੇ ਅਕਾਲੀ ਦਲ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ। ਇਹ ਵੀ ਪਤਾ ਲੱਗਿਆ ਹੈ  ਕਿ ਅਕਾਲੀ ਦਲ ਗਰਮ ਖਿਆਲੀਆਂ ਨਾਲ ਵੀ ਸਾਂਝ ਭਿਆਲੀ ਕਰਨ ਨੂੰ ਫਿਰਦਾ ਹੈ। ਇਸ ਨਾਲ ਅਕਾਲੀ ਦਲ ਨੂੰ ਦੋ ਫ਼ਾਇਦੇ ਹੋ ਜਾਣਗੇ। ਇਕ ਤਾਂ ਇਹ ਕਿ ਗਰਮ ਖਿਆਲੀ ਅਕਾਲੀ ਦਲ ਵਿਰੁਧ ਬੋਲਣੋ ਹਟ ਜਾਣਗੇ ਤੇ ਦੂਜਾ ਧਾਰਮਿਕ ਗਤੀਵਿਧੀਆਂ ਦੀ ਡੋਰ ਉਨਾਂ ਗਲ ਪਾ ਕੇ ਅਕਾਲੀ ਦਲ ਕੁਝ ਸਮੇਂ ਲਈ ਸੁਰਖੁਰੂ ਹੋ ਜਾਵੇਗਾ।
ਦੂਜੇ ਪਾਸੇ ਅਕਾਲੀ ਦਲ ਨੂੰ ਇਹ ਵੀ ਡਰ ਹੈ ਕਿਧਰੇ ਅਕਾਲ ਤਖ਼ਤ ਸਾਹਿਬ ਦਾ ਅਜਿਹਾ ਜਥੇਦਾਰ ਨਾ ਬਣ ਜਾਵੇ ਕਿ ਜਿਹੜਾ ਬਾਅਦ 'ਚ ਉਨਾਂ ਦੇ ਆਗੂਆਂ ਨੂੰ ਹੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਲਵੇ। ਅਕਾਲੀ ਨੂੰ ਭਾਈ ਰਣਜੀਤ ਸਿੰਘ ਦਾ ਅਕਾਲ ਤਖ਼ਤ ਦੇ ਜਥੇਦਾਰ ਵਾਲਾ ਟਾਈਮ  ਵਾਰ-ਵਾਰ ਚੇਤੇ ਆ ਜਾਂਦਾ ਹੈ। ਉਂਝ ਭਾਵੇ ਅਕਾਲੀ ਦਲ ਨੇ  ਭਾਈ ਬਲਵੰਤ ਸਿੰਘ ਰਾਜੋਆਣਾ  ਨੂੰ ਬਚਾਉਣ ਲਈ ਰਾਸ਼ਟਰਪਤੀ ਤੇ ਗ੍ਰਹਿ ਮੰਤਰੀ ਤਕ ਵੀ ਪਹੁੰਚ ਕੀਤੀ ਹੈ ਪਰ ਲੋਕ ਸਮਝਦੇ ਹਨ ਕਿ ਇਹ ਵੀ ਅਕਾਲੀ ਦਲ ਦਾ ਚੋਣ ਸਟੰਟ ਸੀ ਤੇ ਲੋਕਾਂ ਕੋਲੋਂ ਅਕਾਲੀ ਦਲ ਦੀ ਭਾਈ ਰਾਜੋਆਣਾ ਬਾਰੇ ਨੀਤੀ ਵੀ ਕੋਈ ਛੁਪੀ ਨਹੀਂ ਹੋਈ।
ਇਸ ਸਮੇਂ ਅਕਾਲੀ ਦਲ ਪੂਰੀ ਦੁਚਿੱਤੀ 'ਚ ਹੈ ਕਿ ਇਸ ਅਹੁਦੇ ਲਈ ਕਿਸ ਦੀ ਚੋਣ ਕੀਤੀ ਜਾਵੇ।