• Home
  • ਸਿੱਖ ਵਿਰਾਸਤ ਤੇ ਹਮਲਾ :- ਹੁਣ ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਨੂੰ ਗੱਤਕਾ ਮੁਕਾਬਲੇ ਕਰਾਉਣ ਲਈ ਫੀਸ ਦੇ ਕੇ ਲੈਣੀ ਪੈ ਸਕਦੀ ਆਗਿਆ -ਦਿੱਲੀ ਦੀ ਕੰਪਨੀ ਨੇ ਗੱਤਕਾ ਤੇ ਸ਼ਾਸਤਰਾਂ ਨੂੰ ਕਾਨੂੰਨੀ ਤੌਰ ਤੇ ਆਪਣੇ ਨਾਂ ਤੇ”ਪੇਟੈਂਟ” ਕਰਵਾ ਕੇ ਕੀਤਾ ਕਬਜ਼ਾ :-ਪੜ੍ਹੋ ਪੂਰਾ ਮਾਮਲਾ

ਸਿੱਖ ਵਿਰਾਸਤ ਤੇ ਹਮਲਾ :- ਹੁਣ ਸ਼੍ਰੋਮਣੀ ਕਮੇਟੀ ਤੇ ਹੋਰ ਜਥੇਬੰਦੀਆਂ ਨੂੰ ਗੱਤਕਾ ਮੁਕਾਬਲੇ ਕਰਾਉਣ ਲਈ ਫੀਸ ਦੇ ਕੇ ਲੈਣੀ ਪੈ ਸਕਦੀ ਆਗਿਆ -ਦਿੱਲੀ ਦੀ ਕੰਪਨੀ ਨੇ ਗੱਤਕਾ ਤੇ ਸ਼ਾਸਤਰਾਂ ਨੂੰ ਕਾਨੂੰਨੀ ਤੌਰ ਤੇ ਆਪਣੇ ਨਾਂ ਤੇ”ਪੇਟੈਂਟ” ਕਰਵਾ ਕੇ ਕੀਤਾ ਕਬਜ਼ਾ :-ਪੜ੍ਹੋ ਪੂਰਾ ਮਾਮਲਾ

ਚੰਡੀਗੜ 14 ਮਾਰਚ: ਸ਼੍ਰੋਮਣੀ ਗੁ:ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਸਿੱਖਾਂ ਦੀ ਮਾਰਸ਼ਲ ਖੇਡ ਗੱਤਕਾ ਕਰਵਾਉਣ ਲਈ ਫੀਸ ਦੇ ਕੇ ਆਗਿਆ ਲੈਣੀ ਪਵੇਗੀ ,ਕਿਉਂਕਿ ਦਿੱਲੀ ਦੀ ਇੱਕ ਕੰਪਨੀ ਨੇ ਗੱਤਕਾ ਤੇ ਗੱਤਕਾ ਖੇਡ ਚ ਵਰਤੇ ਜਾਂਦੇ ਸਾਰੇ ਵਿਰਾਸਤੀ ਸ਼ਸਤਰਾਂ ਨੂੰ ਕਾਨੂੰਨੀ ਤੌਰ ਤੇ ਆਪਣੇ ਨਾਂ ਤੇ "ਪੇਟੈਂਟ " ਕਰਵਾ ਲਿਆ ਹੈ ।ਇਸ ਦਾ ਖੁਲਾਸਾ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ (ਰਜ਼ਿ.) ਤੇ ਵਿਸ਼ਵ ਗੱਤਕਾ ਫੈਡਰੇਸ਼ਨ (ਰਜ਼ਿ.) ਵੱਲੋਂ ਕੀਤਾ ਗਿਆ । ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦਿੱਲੀ ਦੀ ਇੱਕ ਨਿੱਜੀ ਪ੍ਰੋਪਰਾਈਟਰਸ਼ਿੱਪ ਵਾਲੀ ਲਿਮਟਿਡ ਫਰਮ ਵੱਲੋਂ ਸਿੱਖ ਸ਼ਸਤਰ ਵਿੱਦਿਆ ਅਤੇ ਗੱਤਕੇ ਦੇ ਨਾਮ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਉਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਗੱਤਕਾ ਖੇਡ ਸਿੱਖ ਇਤਿਹਾਸ ਤੇ ਵਿਰਾਸਤ ਨਾਲ ਜੁੜੀ, ਗੁਰੂ ਸਾਹਿਬਾਨ ਵੱਲੋਂ ਵਰੋਸਾਈ ਸਮੁੱਚੀ ਕੌਮ ਦੀ ਮਾਣਮੱਤੀ ਤੇ ਪੁਰਾਤਨ ਖੇਡ ਹੈ ਅਤੇ ਕੋਈ ਵੀ ਇਸ ਨੂੰ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਸਕਦਾ।

ਉਕਤ ਸਬੰਧੀ ਇੱਕ ਬਿਆਨ ਵਿੱਚ ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਕੱਤਰ ਤੇਜਿੰਦਰ ਸਿੰਘ ਗਿੱਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਕੰਪਨੀ ਕਾਨੂੰਨ ਤਹਿਤ ਰਜਿਸਟਰਡ ਇੱਕ ਨਿੱਜੀ ਫਰਮ ਨੇ ਦੋ ਨਾਮ - ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ, ਦੇ ਨਾਵਾਂ ਨੂੰ ਦਿੱਲੀ ਤੋਂ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਇਆ ਹੈ ਜੋ ਕਿ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਕੋਝਾ ਮਜਾਕ ਅਤੇ ਸਮੁੱਚੀ ਸਿੱਖ ਕੌਮ ਨੂੰ ਚੁਣੌਤੀ ਦੇਣ ਸਮਾਨ ਹੈ। ਇਸ ਧਾਰਮਿਕ ਮੁੱਦੇ ‘ਤੇ ਸਬੰਧਿਤ ਨਿੱਜੀ ਫਰਮ ਨੂੰ ਸਖਤ ਚਿਤਾਵਨੀ ਦਿੰਦਿਆਂ ਚੋਟੀ ਦੀਆਂ ਉਕਤ ਸੰਸਥਾਵਾਂ ਨੇ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦਾ ਮਕਸਦ ਸਿੱਖ ਧਰੋਹਰ ‘ਤੇ ਕਬਜਾ ਕਰਨਾ ਦੇ ਤੁੱਲ ਕਰਾਰ ਦਿੱਤਾ ਹੈ।

ਉਨਾਂ ਕਿਹਾ ਕਿ ਜੇਕਰ ਇਸ ਨਿੱਜੀ ਫਰਮ ਨੇ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦੀ ਅਵੱਗਿਆ ਸਬੰਧੀ ਤੁਰੰਤ ਸਿੱਖ ਕੌਮ ਤੋਂ ਮਾਫੀ ਨਾ ਮੰਗੀ ਅਤੇ ਇਨਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰੰਤ ਰੱਦ ਨਾ ਕਰਾਇਆ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਸਪੱਸ਼ਟ ਕੀਤਾ ਕਿ ਭਾਰਤੀ ਟਰੇਡ ਮਾਰਕ ਕਾਨੂੰਨ ਤਹਿਤ ਅਨੁਸਾਰ ਕਿਸੇ ਨਵੀਂ ਕਾਢ ਜਾਂ ਨਵੀਂ ਤਕਨੀਕ ਤਿਆਰ ਹੋਣ ’ਤੇ ਹੀ ਪੇਟੈਂਟ ਕਰਾਇਆ ਜਾ ਸਕਦਾ ਹੈ ਜਦਕਿ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਤਾਂ ਪੁਰਾਤਨ ਗੁਰ ਇਤਿਹਾਸ, ਗੁਰਬਾਣੀ, ਸਿੱਖ ਸੱਭਿਆਚਾਰ, ਧਰਮ ਅਤੇ ਵਿਰਸੇ ਦਾ ਅਟੁੱਟ ਅੰਗ ਹੈ ਜਿਸ ‘ਤੇ ਕਬਜਾ ਕਰਨ, ਇਸ ਧਰੋਹਰ ਨੂੰ ਵੇਚਣ ਜਾਂ ਇਸ ਰਾਹੀਂ ਪੈਸਾ ਕਮਾਉਣ ਦੀ ਖੁੱਲ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ।

ਇਸੇ ਦੌਰਾਨ ਉਨਾਂ ਇਹ ਵੀ ਸਪੱਸ਼ਟ ਕੀਤਾ ਹੈ ਦਿੱਲੀ ਵਿਖੇ ਇਸੇ ਨਿੱਜੀ ਫਰਮ ਵੱਲੋਂ ਕਰਵਾਈ ਜਾ ਰਹੀ ‘ਵਰਲਡ ਗੱਤਕਾ ਲੀਗ’ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦਾ ਕੋਈ ਸਬੰਧ ਨਹੀਂ ਅਤੇ ਨਾ ਹੀ ਇਸ ਗੱਤਕਾ ਲੀਗ ਨੂੰ ਉਨਾਂ ਵੱਲੋਂ ਕੋਈ ਵੀ ਮਾਨਤਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਲਿਮਟਿਡ ਤੇ ਨਿੱਜੀ ਫਰਮ ਵੱਲੋਂ ਇਹ ਲੀਗ ਕਰਵਾਉਣ ਦਾ ਪ੍ਰਚਾਰ ਕਰਕੇ ਗੱਤਕਾ ਖਿਡਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਸਥਾਪਤ ਕਾਨੂੰਨ ਤੇ ਨਿਯਮਾਂ ਅਨੁਸਾਰ ਕਿਸੇ ਵੀ ਪੱਧਰ ਦਾ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟ ਸਿਰਫ ਵਿਸ਼ਵ ਖੇਡ ਫੈਡਰੇਸ਼ਨ ਜਾਂ ਰਾਸ਼ਟਰੀ ਖੇਡ ਫੈਡਰੇਸ਼ਨ ਦੀ ਨਿਗਰਾਨੀ ਹੇਠ ਹੀ ਕਰਵਾਇਆ ਜਾ ਸਕਦਾ ਹੈ ਜਦ ਕਿ ਇਸ ਲੀਗ ਨੂੰ ਕਰਵਾਉਣ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਜਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਤੋਂ ਕੋਈ ਵੀ ਪ੍ਰਵਾਨਗੀ ਨਹੀਂ ਲਈ ਗਈ ਜੋ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨੈਸ਼ਨਲ ਸਪੋਰਟਸ ਕੋਡ ਅਤੇ ਭਾਰਤੀ ਓਲੰਪਿਕ ਚਾਰਟਰ ਦੀ ਘੋਰ ਉਲੰਘਣਾ ਹੈ।

ਗਰੇਵਾਲ ਨੇ ਦੇਸ਼-ਵਿਦੇਸ਼ ਵਿਚ ਵੱਸਦੇ ਸਮੂਹ ਗੱਤਕਾ ਖਿਡਾਰੀਆਂ ਅਤੇ ਉਕਤ ਦੋਹਾਂ ਗੱਤਕਾ ਸੰਸਥਾਵਾਂ ਨਾਲ ਜੁੜੇ ਰੈਫਰੀਆਂ ਅਤੇ ਕੋਚਾਂ ਨੂੰ ਕਿਹਾ ਹੈ ਕਿ ਉਹ ਇੱਕ ਵਿਅਕਤੀ ਵੱਲੋਂ ਨਿੱਜੀ ਤੌਰ ’ਤੇ ਕਰਵਾਈ ਜਾ ਰਹੀ ਅਜਿਹੀ ਲੀਗ ਜਾਂ ਟੂਰਨਾਮੈਂਟ ਵਿੱਚ ਹਰਗਿਜ ਭਾਗ ਨਾ ਲੈਣ ਕਿਉਂਕਿ ਅਜਿਹੇ ਗੈਰਮਾਨਤਾ ਪ੍ਰਾਪਤ ਟੂਰਨਾਮੈਂਟ ਦੌਰਾਨ ਮਿਲਣ ਵਾਲੇ ਸਰਟੀਫਿਕੇਟਾਂ ਦੀ ਵੀ ਕੋਈ ਮਾਨਤਾ ਨਹੀਂ ਹੋਵੇਗੀ।