• Home
  • ਬਿੱਟੂ ਦੇ ਹੌਸਲੇ ਹੋਏ ਬੁਲੰਦ :-ਬਾਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਸਾਥ ਦੇਣ ਦਾ ਦਿੱਤਾ ਭਰੋਸਾ

ਬਿੱਟੂ ਦੇ ਹੌਸਲੇ ਹੋਏ ਬੁਲੰਦ :-ਬਾਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਸਾਥ ਦੇਣ ਦਾ ਦਿੱਤਾ ਭਰੋਸਾ

ਲੁਧਿਆਣਾ, 13 ਮਈ – ਕਾਂਗਰਸ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਜ਼ਿਲਾ ਬਾਰ ਐਸੋਸੀਏਸ਼ਨ (ਡੀਬੀਏ) ਲੁਧਿਆਣਾ ਦੇ ਪ੍ਰਧਾਨ ਅਸ਼ੋਕ ਮਿੱਤਲ ਅਤੇ ਜ਼ਿਲਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਵਰਿੰਦਰ ਸ਼ਰਮਾ ਬੌਬੀ ਦੀ ਅਗਵਾਈ ਹੇਠ ਸਮਾਜ ਦੇ ਪ੍ਰਭਾਵਸ਼ਾਲੀ ਵਕੀਲ ਭਾਈਚਾਰੇ ਵੱਲੋਂ ਸ. ਬਿੱਟੂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਜ਼ਿਲਾ ਕਚਹਿਰੀ ਕੰਪਲੈਕਸ ਵਿਖੇ ਅੱਜ ਦੋਹਾਂ ਜੱਥੇਬੰਦੀਆਂ ਦੇ ਹੋਏ ਵੱਖੋ-ਵੱਖਰੇ ਸਭਾਵਾਂ ਵਿੱਚ ਸ. ਬਿੱਟੂ ਨੂੰ ਸਮਰਥਨ ਦਿੰਦਿਆਂ ਉਨਾਂ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ।

ਇਸ ਸਮੇਂ ਸ. ਬਿੱਟੂ ਨੇ ਕਿਹਾ ਕਿ ਵਕੀਲ ਭਾਈਚਾਰੇ ਦਾ ਲੋਕਾਂ ਵਿੱਚ ਬਹੁਤ ਸਤਿਕਾਰ ਹੈ ਅਤੇ ਦੇਸ਼ ਦੀ ਤਰੱਕੀ ਲਈ ਨੀਤੀਆਂ ਘੜਣ ਵਿੱਚ ਉਨਾਂ ਦਾ ਯੋਗਦਾਨ ਹਮੇਸ਼ਾਂ ਹੀ ਵੱਡਮੁੱਲਾ ਰਿਹਾ ਹੈ। ਸ. ਬਿੱਟੂ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵੱਡਾ ਹਿੱਸਾ ਪਾਇਆ ਹੈ ਅਤੇ ਆਜ਼ਾਦੀ ਦੇ ਬਾਅਦ ਵੀ ਦੇਸ਼ ਦੀ ਅਖੰਡਤਾ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ। ਕਾਂਗਰਸ ਪਾਰਟੀ ਨੇ ਦੇਸ਼ ਦੇ ਵਿਕਾਸ ਲਈ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੀ ਭਲਾਈ ਲਈ ਕੰਮ ਕੀਤਾ ਹੈ। ਉਨਾਂ ਅੱਗੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਲਈ ਸੰਸਦ ਦੇ ਅੰਦਰ ਅਤੇ ਬਾਹਰ ਆਪਣੀ ਆਵਾਜ਼ ਉਠਾਉਂਦਾ ਰਿਹਾ ਹਾਂ ਅਤੇ ਆਪਣੇ ਵੋਟਰਾਂ ਲਈ 24 ਘੰਟੇ ਹਾਜ਼ਿਰ ਰਹਿਣ ਦਾ ਯਤਨ ਕੀਤਾ ਹੈ।
ਦੋਵਾਂ ਐਸੋਸੀਏਸ਼ਨਾਂ ਨੇ ਸ. ਬਿੱਟੂ ਨੂੰ ਕੋਟ ਕੰਪਲੈਕਸ ਦੀਆਂ ਅਨੇਕਾਂ ਕਮੀਆਂ ਬਾਰੇ ਜਾਣੂ ਕਰਵਾਇਆ ਜਿਸ 'ਤੇ ਉਨਾਂ ਦੁਬਾਰਾ ਐਮਪੀ ਚੁਣੇ ਜਾਣ 'ਤੇ ਆਪਣੇ ਐਮਪੀ ਲੈਡ ਫੰਡ 'ਚੋਂ ਜ਼ਿਲਾ ਬਾਰ ਐਸੋਸੀਏਸ਼ਨ ਲਈ 50 ਲੱਖ ਅਤੇ ਜ਼ਿਲਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਲਈ 10 ਲੱਖ ਰੁਪਏ ਜਾਰੀ ਕਰਨ ਦਾ ਭਰੋਸਾ ਦਵਾਇਆ। ਉਨਾਂ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਉਨਾਂ ਨੂੰ ਵੱਧ ਤੋਂ ਵੱਧ ਵੋਟਾਂ ਪੁਆ ਕੇ ਜਿਤਾਉਣ। ਡੀਬੀਏ ਦੇ ਪ੍ਰਧਾਨ ਅਸ਼ੋਕ ਮਿੱਤਲ ਅਤੇ ਹੋਰ ਅਹੁਦੇਦਾਰਾਂ ਨੇ ਸ. ਬਿੱਟੂ ਦਾ ਕੋਰਟ ਕੰਪਲੈਕਸ ਪੁੱਜਣ 'ਤੇ ਸਵਾਗਤ ਕੀਤਾ।
ਉਨਾਂ ਅੱਗੇ ਕਿਹਾ ਕਿ ਉਨਾਂ ਦੇ ਦਾਦਾ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਅਤੇ ਕਈ ਹੋਰ ਕਾਂਗਰਸੀ ਆਗੂਆਂ ਨੇ ਰਾਜ ਵਿੱਚ ਸ਼ਾਂਤੀ ਦੀ ਬਹਾਲੀ ਲਈ ਜਾਨਾਂ ਕੁਰਬਾਨ ਕੀਤੀਆਂ। ਉਹ (ਬਿੱਟੂ) ਵੀ ਉਨਾਂ ਦੇ ਮਾਰਗ ਤੇ ਚਲਦਿਆਂ ਦੇਸ਼ ਹਿੱਤ ਵਾਲੀ ਅਤੇ ਇਮਾਨਦਾਰੀ ਵਾਲੀ ਰਾਜਨੀਤੀ ਕਰਦੇ ਹਨ। ਉਨਾਂ ਨੇ ਦਾਅਵਾ ਕੀਤਾ ਕਿ ਉਨਾਂ ਦੇ ਸਾਂਸਦ ਵਜੋਂ 10 ਸਾਲ ਦੇ ਕਾਰਜਕਾਲ ਦੌਰਾਨ ਉਨਾਂ ਦਾ ਦਾਮਨ ਬਿਲਕੁਲ ਸਾਫ ਰਿਹਾ ਅਤੇ ਉਹ ਅੱਗੋਂ ਵੀ ਲੋਕਾਂ ਦੀ ਨਿਰਸਵਾਰਥ ਸੇਵਾ ਕਰਦੇ ਰਹਿਣਗੇ। ਉਨਾਂ ਕਿਹਾ ਕਿ ਉਹ ਸਾਂਸਦ ਵਿੱਚ ਵਕੀਲਾਂ ਦੇ ਮੁੱਦੇ ਉਠਾਉਣਗੇ ਅਤੇ ਹਮੇਸ਼ਾਂ ਵਕੀਲ ਭਾਈਚਾਰੇ ਦੇ ਨਾਲ ਖੜਣਗੇ। ਸ. ਬਿੱਟੂ ਨੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀਆਂ ਪਿਛਲੇ ਪੰਜ ਸਾਲਾਂ ਦੌਰਾਨ ਨਾਕਾਮੀਆਂ ਬਾਰੇ ਵੀ ਜ਼ਿਕਰ ਕੀਤਾ। ਇਸ ਮੀਟਿੰਗ ਦੌਰਾਨ ਕੈਸ਼ੀਅਰ ਮਨੀਸ਼ਾ ਮਿੱਢਾ, ਜੁਆਇੰਟ ਸਕੱਤਰ ਮਨ਼ਨ ਬੇਰੀ, ਕੌਂਸਲਰ ਮਮਤਾ ਆਸ਼ੂ, ਕੌੰਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਕੁਲਵੰਤ ਸਿੱਧੂ, ਗੋਲਡੀ ਸ਼ਰਮਾ, ਸ਼ਿਵਾਲੀ ਰਤਨ, ਰਾਜਿੰਦਰ ਕੁਮਾਰ ਰਤਨ , ਬਲਕਰਣ ਸੰਧੂ, ਕਮਲਜੀਤ ਸ਼ਰਮਾ, ਅਮਿਤ ਅਗਨੀਹੋਤਰੀ, ਪਤਵਿੰਦਰ ਗਰੇਵਾਲ, ਸਤਵਿੰਦਰ ਗਰੇਵਾਲ ਵੀ ਹਾਜ਼ਰ ਸਨ।