• Home
  • ਪਟਿਆਲਾ ਫੈਸਟੀਵਲ :ਸਾਇਕਲ ਪੋਲੋ ਚੈਂਪੀਅਨਸ਼ਿਪ ‘ਚ ਕਿਲਾ ਮੁਬਾਰਕ ਤੇ ਬਹਾਦਰਗੜ੍ਹ ਦੀਆਂ ਟੀਮਾਂ 4-4 ਅੰਕਾਂ ਨਾਲ ਬਰਾਬਰ -ਕੌਮਾਂਤਰੀ ਮੈਚਾਂ ‘ਚ ਦਸਤਾਰਾਂ ਸਜਾ ਕੇ ਖੇਡਣ ਵਾਲੇ ‘ਸਾਰਾਗੜ੍ਹੀ’ ਟੀਮ ਦੇ ਮੈਂਬਰਾਂ ਨੇ ਖੇਡੀ ਸਾਇਕਲ ਪੋਲੋ

ਪਟਿਆਲਾ ਫੈਸਟੀਵਲ :ਸਾਇਕਲ ਪੋਲੋ ਚੈਂਪੀਅਨਸ਼ਿਪ ‘ਚ ਕਿਲਾ ਮੁਬਾਰਕ ਤੇ ਬਹਾਦਰਗੜ੍ਹ ਦੀਆਂ ਟੀਮਾਂ 4-4 ਅੰਕਾਂ ਨਾਲ ਬਰਾਬਰ -ਕੌਮਾਂਤਰੀ ਮੈਚਾਂ ‘ਚ ਦਸਤਾਰਾਂ ਸਜਾ ਕੇ ਖੇਡਣ ਵਾਲੇ ‘ਸਾਰਾਗੜ੍ਹੀ’ ਟੀਮ ਦੇ ਮੈਂਬਰਾਂ ਨੇ ਖੇਡੀ ਸਾਇਕਲ ਪੋਲੋ

ਪਟਿਆਲਾ, 23 ਫਰਵਰੀ :ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2019 ਦੇ ਪੰਜਵੇਂ ਦਿਨ ਅੱਜ ਇੱਥੇ ਪੋਲੋ ਗਰਾਊਂਡ ਵਿਖੇ ਵਿਰਾਸਤੀ ਖੇਡ ਸਾਇਕਲ ਪੋਲੋ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। 'ਪਟਿਆਲਾ ਹੈਰੀਟੇਜ ਫੈਸਟੀਵਲ ਸਾਇਕਲ ਪੋਲੋ ਚੈਂਪੀਅਨਸ਼ਿਪ' 'ਚ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਿਲਚਸਪ ਅਤੇ ਫਸਵੇਂ ਮੁਕਾਬਲੇ ਮਗਰੋਂ 4-4 ਅੰਕਾਂ ਨਾਲ ਬਰਾਬਰ ਰਹੀਆਂ। ਜਦੋਂਕਿ ਪ੍ਰਦਰਸ਼ਨੀ ਮੈਚ ਦੌਰਾਨ ਪਟਿਆਲਾ ਚਾਰਜ਼ਰਸ ਦੀ ਟੀਮ ਨੇ ਪਟਿਆਲਾ ਰੇਡਰਜ ਦੀ ਟੀਮ ਨੂੰ 10-8 ਅੰਕਾਂ ਨਾਲ ਹਰਾਇਆ।ਇਸ ਮੌਕੇ ਸਾਇਕਲ ਪੋਲੋ ਦੇ ਖਿਡਾਰੀਆਂ ਨੂੰ ਸਨਮਾਨਤ ਕਰਨ ਪੁੱਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਸਾਇਕਲ ਪੋਲੋ 1940 ਤੋਂ ਪੂਰੇ ਵਿਸ਼ਵ ਭਰ 'ਚ ਖੇਡੀ ਜਾਣ ਵਾਲੀ ਜਾਂਬਾਜ, ਰੌਚਕ ਤੇ ਵਿਰਾਸਤੀ ਖੇਡ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਨੌਜਵਾਨ ਵਰਗ 'ਚ ਖੇਡਾਂ ਦਾ ਜਜ਼ਬਾ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਤੇ ਦਿਨੋ-ਦਿਨ ਲੁਪਤ ਹੋ ਰਹੀਆਂ ਖੇਡਾਂ ਨਾਲ ਜੋੜਨ ਲਈ ਸਾਇਕਲ ਪੋਲੋ ਦੇ ਮੁਕਾਬਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਕਰਵਾਏ ਹਨ।ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼, ਪੰਜਾਬ ਦੀ ਸੱਭਿਆਚਾਰਕ ਪ੍ਰੰਪਰਾ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਇਸ ਫੈਸਟੀਵਲ ਨੂੰ ਪਟਿਆਲਵੀਆਂ ਨੇ ਭਰਵਾਂ ਹੁੰਗਾਰਾ ਦੇ ਕੇ ਇਸਦਾ ਅਨੰਦ ਮਾਣਿਆ ਹੈ ਅਤੇ ਆਸ ਹੈ ਕਿ 3 ਮਾਰਚ ਤੱਕ ਚੱਲਣ ਵਾਲੇ ਕਰਾਫ਼ਟ ਮੇਲੇ 'ਚ ਵੀ ਲੋਕ ਇਸੇ ਤਰ੍ਹਾਂ ਪੁੱਜਣਗੇ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਇਸ ਸਾਇਕਲ ਪੋਲੋ ਮੈਚ 'ਚ ਹਿੱਸਾ ਲੈਣ ਵਾਲੀਆਂ ਚਾਰੇ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਅਤੇ ਸਾਇਕਲ ਪੋਲੋ ਚੈਂਪੀਅਨਸ਼ਿਪ ਦਾ ਕੱਪ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਦੋਵੇਂ ਟੀਮਾਂ ਨੂੰ ਸਾਂਝੇ ਤੌਰ 'ਤੇ ਪ੍ਰਦਾਨ ਕੀਤਾ।ਇਸ ਤੋਂ ਪਹਿਲਾਂ ਸਾਇਕਲ ਪੋਲੋ ਦੇ ਹੋਏ ਮੈਚ ਦੌਰਾਨ ਕਿਲਾ ਮੁਬਾਰਕ ਦੀ ਟੀਮ ਨੇ ਪਹਿਲੇ ਚੱਕਰ 'ਚ ਦੋ ਗੋਲ ਕੀਤੇ। ਜਦੋਂਕਿ ਦੂਸਰੇ ਚੱਕਰ 'ਚ ਬਹਾਦਰਗੜ੍ਹ ਦੀ ਟੀਮ ਨੇ ਦੋ ਗੋਲ ਅਤੇ ਕਿਲਾ ਮੁਬਾਰਕ ਦੀ ਟੀਮ ਨੇ ਇੱਕ ਗੋਲ ਕੀਤਾ। ਇਸ ਤਰ੍ਹਾਂ ਤੀਜੇ ਚੱਕਰ 'ਚ ਦੋਵੇਂ ਟੀਮਾਂ ਨੇ ਇੱਕ-ਇੱਕ ਹੋਰ ਗੋਲ ਕੀਤਾ ਅਤੇ ਆਖਰੀ ਚੱਕਰ 'ਚ ਦੋਵੇਂ ਟੀਮਾਂ ਨੇ 4-4 ਅੰਕਾਂ ਨਾਲ ਬਰਾਬਰੀ ਕਰਦਿਆਂ ਇਹ ਮੈਚ ਡਰਾਅ ਹੋ ਗਿਆ। ਜਦੋਂਕਿ ਬਹਾਦਰਗੜ੍ਹ ਟੀਮ 'ਚ ਸ੍ਰੀ ਅਸ਼ਵਨੀ ਸ਼ਰਮਾ, ਬ੍ਰਿਗੇਡੀਅਰ ਵੀ. ਸਹਿਗਲ, ਮੇਜਰ ਰੌਬਿਨ ਕੇ ਮਥਾਈ, ਮੇਜਰ ਅਮਿਤ ਸੂਦਨ ਅਤੇ ਰਿਸਾਲਦਾਰ ਮੇਜਰ ਮੋਹਿਤ ਦੂਬੇ ਵੀ ਕੌਮੀ ਤੇ ਕੌਮਾਂਤਰੀ ਪੋਲੋ ਖਿਡਾਰੀ ਹਨ। ਇਸ ਮੈਚ ਦੇ ਅੰਪਾਇਰ ਸ. ਹਰਪ੍ਰੀਤ ਸਿੰਘ ਸਨ, ਕੁਮੈਂਟਰੀ ਕਰਨਲ ਪੈਰੀ ਗਰੇਵਾਲ ਅਤੇ ਕੌਮੀ ਕੋਚ ਡਾ. ਐਮ.ਐਸ. ਦਰਦੀ ਨੇ ਕੀਤੀ। ਜਿਕਰਯੋਗ ਹੈ ਕਿ ਕਿਲਾ ਮੁਬਾਰਕ ਦੀ ਟੀਮ ਦੇ ਮੈਂਬਰ ਸ੍ਰੀ ਰਜੇਸ਼ ਸਹਿਗਲ, ਸ. ਗੁਰਪਾਲ ਸਿੰਘ ਸੰਧੂ, ਕਰਨਲ ਐਨ.ਐਸ. ਸੰਧੂ ਅਤੇ ਸ. ਜੈ ਸ਼ੇਰਗਿੱਲ ਉਸ ਇਤਿਹਾਸਕ ਸਾਰਾਗੜ੍ਹੀ ਟੀਮ ਦੇ ਮੈਂਬਰ ਹਨ, ਜਿਹੜੇ ਕਿ ਇਤਿਹਾਸਕ ਲੜਾਈ 'ਸਾਰਾਗੜ੍ਹੀ' ਦੇ ਨਾਮ 'ਤੇ ਇੰਗਲੈਂਡ 'ਚ ਹੁੰਦੀ ਪੋਲੋ ਚੈਂਪੀਅਨਸ਼ਿਪ 'ਚ ਹਿੱਸਾ ਲੈਂਦੇ ਹਨ। ਦੂਸਰੀ ਤੇ ਤੀਸਰੀ ਪੀੜ੍ਹੀ 'ਚ ਲਗਾਤਾਰ ਪੋਲੋ ਖੇਡਦੇ ਆ ਰਹੇ ਅਤੇ ਆਪਣੀਆਂ ਖ਼ੁਦ ਦੀਆਂ ਪੋਲੋ ਟੀਮਾਂ ਵਾਲੇ ਇਹ ਚਾਰੋ ਖਿਡਾਰੀ ਕੌਮੀ ਤੇ ਕੌਮਾਂਤਰੀ ਪੋਲੋ ਮੈਚਾਂ ਦੌਰਾਨ ਵੀ ਸਿਰ 'ਤੇ ਦਸਤਾਰਾਂ ਸਜਾ ਕੇ ਪੋਲੋ ਖੇਡਦੇ ਹਨ ਅਤੇ ਇਨ੍ਹਾਂ ਦੀ ਬਦੌਲਤ ਭਾਰਤ ਦਾ ਨਾਮ ਪੋਲੋ 'ਚ ਕੌਮਾਂਤਰੀ ਪੱਧਰ 'ਤੇ ਚਮਕਦਾ ਹੈ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਪੋਲੋ ਲੱਕੜ ਦੀ ਬਾਲ ਨਾਲ ਖੇਡੀ ਨਾਲ ਖੇਡੀ ਜਾਣ ਵਾਲੀ ਇੱਕ ਜਾਂਬਾਜ ਅਤੇ ਜੋਰ ਵਾਲੀ ਖੇਡ ਹੈ, ਜਿਸ ਨੂੰ ਕਿ ਬਹੁਤ ਸਾਵਧਾਨੀ ਨਾਲ ਖੇਡਿਆ ਜਾਂਦਾ ਹੈ ਅਤੇ ਜਰਾ ਜਿੰਨੀ ਅਣਗਹਿਲੀ ਖਿਡਾਰੀ ਦੇ ਵੱਡੀ ਚੋਟ ਲਗਵਾ ਸਕਦੀ ਹੈ।ਖੇਡ ਮੁਕਾਬਲੇ ਦੌਰਾਨ ਪੀਆਰਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਜੇਸ਼ ਸ਼ਰਮਾ, ਕੈਪਟਨ ਅਮਰਜੀਤ ਸਿੰਘ ਜੇਜੀ, ਸ੍ਰੀਮਤੀ ਨਿਸ਼ਾ ਸਹਿਗਲ, ਸ. ਵਿਕਰਮ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਐਸ.ਪੀ. (ਸਥਾਨਕ) ਰਵਦੀਪ ਗਰੇਵਾਲ, ਐਸ.ਪੀ. (ਸਿਟੀ) ਸ. ਹਰਮਨ ਹਾਂਸ, ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰਕੇ ਸਾਇਕਲ ਪੋਲੋ ਦੇ ਮੈਚਾਂ ਦਾ ਅਨੰਦ ਮਾਣਿਆ। ਨੰ: ਲਸਪ(ਪ੍ਰੈ.ਰੀ.)-2019/ਫੋਟੋ ਕੈਪਸ਼ਨ- ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਪੋਲੋ ਗਰਾਊਂਡ ਵਿਖੇ 'ਪਟਿਆਲਾ ਹੈਰੀਟੇਜ ਫੈਸਟੀਵਲ ਸਾਇਕਲ ਪੋਲੋ ਚੈਂਪੀਅਨਸ਼ਿਪ' ਦੌਰਾਨ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਨੂੰ ਚੈਂਪੀਅਨਸ਼ਿਪ ਕੱਪ ਦੇ ਕੇ ਸਨਮਾਨਤ ਕਰਦੇ ਹੋਏ।