• Home
  • ਮੋਗਾ ਕੋਰੀਅਰ ਧਮਾਕਾ : ਪੁਲਿਸ ਦੋਸ਼ੀਆਂ ਦੇ ਨੇੜੇ ਪਹੁੰਚੀ-ਦੁਸ਼ਮਣੀ ਕੱਢਣ ਲਈ ਰਿਸ਼ਤੇਦਾਰ ਨੇ ਬਣਾਈ ਸੀ ਯੋਜਨਾ

ਮੋਗਾ ਕੋਰੀਅਰ ਧਮਾਕਾ : ਪੁਲਿਸ ਦੋਸ਼ੀਆਂ ਦੇ ਨੇੜੇ ਪਹੁੰਚੀ-ਦੁਸ਼ਮਣੀ ਕੱਢਣ ਲਈ ਰਿਸ਼ਤੇਦਾਰ ਨੇ ਬਣਾਈ ਸੀ ਯੋਜਨਾ

ਮੋਗਾ, (ਖ਼ਬਰ ਵਾਲੇ ਬਿਊਰੋ): ਅੱਜ ਸਵੇਰੇ ਮੋਗਾ ਕੋਰੀਅਰ ਧਮਾਕਾ ਮਾਮਲੇ 'ਚ ਪੁਲਿਸ ਨੇ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰ ਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਸੀ ਪਰ ਹੁਣ ਪਤਾ ਲੱਗਾ ਹੈ ਕਿ ਪੁਲਿਸ ਦੋਸ਼ੀਆਂ ਦੇ ਕਾਫ਼ੀ ਨੇੜੇ ਪਹੁੰਚ ਚੁੱਕੀ ਹੈ। ਪਿਛਲੇ ਦੋ ਦਿਨਾਂ ਤੋਂ ਸੁਰੱਖਿਆ ਤੇ ਖ਼ੁਫੀਆ ਏਜੰਸੀਆਂ ਬਾਰੀਕ ਤੋਂ ਬਾਰੀਕ ਜਾਂਚ ਕਰ ਰਹੀਆਂ ਹਨ। ਪੁਲਿਸ ਨੇ ਕਈ ਥਿਊਰੀਆਂ 'ਤੇ ਕੰਮ ਕਰਦਿਆਂ ਇਹ ਪਤਾ ਲਗਾਇਆ ਹੈ ਕਿ ਬੰਬ ਧਮਾਕੇ ਦੀ ਯੋਜਨਾ ਸੰਗਰੂਰ ਵਾਸੀ ਰਾਕੇਸ਼ ਸ਼ਰਮਾ ਦੇ ਕਿਸੇ ਰਿਸ਼ਤੇਦਾਰ ਦੀ ਸੀ। ਰਾਕੇਸ਼ ਸ਼ਰਮਾ ਦੀ ਪਟਿਆਲਾ ਰੋਡ 'ਤੇ ਸਪੇਅਰ ਪਾਰਟਸ ਦੀ ਦੁਕਾਨ ਹੈ। ਪੁਲਿਸ ਸੂਤਰਾਂ ਨੇ ਦਸਿਆ ਹੈ ਕਿ ਮੋਗਾ ਕੋਰੀਅਰ ਸਰਵਿਸ 'ਤੇ ਵੀ ਉਨਾਂ ਲੋਕਾਂ ਨੇ ਪੈਸੇ ਦੇ ਕੇ ਬੰਦਾ ਭੇਜਿਆ ਸੀ।
ਪੁਲਿਸ ਸੂਤਰ ਇਹ ਵੀ ਦਸਦੇ ਹਨ ਕਿ ਉਸ ਪੈਕਟ 'ਚ ਦੋ ਬੰਬ ਸਨ ਤੇ ਦੋਵੇਂ ਇੰਨੇ ਖ਼ਤਰਨਾਕ ਸਨ ਕਿ ਜੇਕਰ ਉਹ ਸਹੀ ਢੰਗ ਨਾਲ ਚੱਲ ਜਾਂਦੇ ਤਾਂ ਕਈ ਦੁਕਾਨਾਂ ਉਡਾ ਸਕਦੇ ਸਨ।
ਪੁਲਿਸ ਦੇ ਅਧਿਕਾਰੀਆਂ ਨੇ 'ਖ਼ਬਰ ਵਾਲਾ ਡਾਟ ਕਾਮ' ਨੂੰ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਸਿਆ ਕਿ ਇਹ ਕੋਰੀਅਰ ਸੰਗਰੂਰ ਵਾਸੀ ਰਾਕੇਸ਼ ਸ਼ਰਮਾ ਕੋਲ ਜਾਣਾ ਸੀ ਤੇ ਉਸ ਦੇ ਰਿਸ਼ਤੇਦਾਰ ਵਲੋਂ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਸੀ ਪਰ ਮੋਗਾ ਵਿਖੇ ਹੀ ਦੁਕਾਨਦਾਰ ਵਲੋਂ ਪੈਕੇਟ ਖੋਲ ਲੈਣ ਕਾਰਨ ਉਸ ਦੀ ਜਾਨ ਬਚ ਰਹੀ। ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਦਿਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਦੋਸ਼ੀ ਛੇਤੀ ਹੀ ਪੁਲਿਸ ਦੇ ਸ਼ਿਕੰਜੇ 'ਚ ਹੋਣਗੇ।