• Home
  • ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿਆਂ ਦਾ ਵਿਕਾਸ ਹੀ ਮੇਰਾ ਏਂਜਡਾ ਸੁਨੀਲ ਜਾਖੜ ਕਿਹਾ, ਲੋਕਾਂ ਨੂੰ ਡਾਇਲਾਗ ਡਲੀਵਰੀ ਨਹੀਂ ਕੰਮ ਦੀ ਡਲੀਵਰੀ ਚਾਹੀਦੀ ਹੈ

ਗੁਰਦਾਸਪੁਰ ਤੇ ਪਠਾਨਕੋਟ ਜ਼ਿਲਿਆਂ ਦਾ ਵਿਕਾਸ ਹੀ ਮੇਰਾ ਏਂਜਡਾ ਸੁਨੀਲ ਜਾਖੜ ਕਿਹਾ, ਲੋਕਾਂ ਨੂੰ ਡਾਇਲਾਗ ਡਲੀਵਰੀ ਨਹੀਂ ਕੰਮ ਦੀ ਡਲੀਵਰੀ ਚਾਹੀਦੀ ਹੈ

ਗੁਰਦਾਸਪੁਰ, 5 ਮਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੇ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਇੱਥੇ ਉਦਯੋਗ ਸਥਾਪਿਤ ਕਰਨੇ ਹੀ ਉਨਾਂ ਦਾ ਮੁੱਖ ਏਂਜਡਾ ਹੈ। ਉਨਾਂ ਨੇ ਕਿਹਾ ਕਿ ਇਸ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਫਿਲਮੀ ਸਿਤਾਰਿਆਂ ਦੀ ਡਾਇਲਾਗ ਡਲੀਵਰੀ ਨਹੀਂ ਚਾਹੀਦੀ ਸਗੋਂ ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈ ਜੋ ਕਿ ਇਕ ਤਜਰਬੇਕਾਰ ਸਾਂਸਦ ਹੀ ਕਰਵਾ ਸਕਦਾ ਹੈ।  ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਉਮੀਦਵਾਰ ਨੂੰੂ ਸਥਾਨਕ ਮੁਸਕਿਲਾਂ ਦੀ ਸਮਝ ਹੀ ਨਹੀਂ ਹੈ ਤਾਂਹੀ ਉਹ ਹਲਕੇ ਦੀਆਂ ਸਮੱਸਿਆਵਾਂ ਅਤੇ ਉਨਾਂ ਦੇ ਹੱਲ ਸਬੰਧੀ ਆਪਣਾ ਕੋਈ ਰੋਡ ਮੈਪ ਸਾਂਝਾ ਕਰਨ ਦੀ ਬਜਾਏ ਰੋਡ ਸ਼ੋਅ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਪਿੱਛਲੇ 16 ਮਹੀਨਿਆਂ ਵਿਚ ਕੀਤੇ ਆਪਣੇ ਕੰਮ ਦੇ ਅਧਾਰ ਤੇ ਉਹ ਵੋਟਾਂ ਮੰਗ ਰਹੇ ਹਨ ਅਤੇ ਨਾਲ ਹੀ ਉਨਾਂ ਅਗਲੇ 5 ਸਾਲ ਵਿਚ ਆਪਣੀਆਂ ਹਲਕੇ ਦੇ ਵਿਕਾਸ ਦੀਆਂ ਤਰਜੀਹਾਂ ਵੀ ਵੋਟਰਾਂ ਨਾਲ ਚੋਣ ਬੈਠਕਾਂ ਦੌਰਾਨ ਸਾਂਝੀਆਂ ਕੀਤੀਆਂ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਛੋਟੇ ਜਿਹੇ ਕਾਰਜਕਾਲ ਦੌਰਾਨ ਉਨਾਂ ਨੇ 5 ਰੇਲਵੇ ਓਵਰ ਅੰਡਰ ਬ੍ਰਿਜਾਂ ਦੇ ਨਿਰਮਾਣ ਸਬੰਧੀ ਕਾਰਵਾਈ ਪੂਰੀ ਕਰਵਾਈ ਹੈ, ਜਿਸ ਸਬੰਧੀ 172 ਕਰੋੜ ਰੁਪਏ ਦੀ ਪ੍ਰਵਾਨਗੀ ਪੰਜਾਬ ਸਰਕਾਰ ਨੇ ਰੇਲਵੇ ਨੂੰ ਦੇ ਦਿੱਤੀ ਹੈ। ਤਿੰਨ ਰੇਲ ਓਵਰ ਬ੍ਰਿਜਾਂ ਸਬੰਧੀ ਰੇਲਵੇ ਵੱਲੋਂ ਪ੍ਰਵਾਨਗੀ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਵਿਚ ਦੀਨਾਨਗਰ ਦਾ ਆਰ.ਓ.ਬੀ., ਗੁਰਦਾਸਪੁਰ ਅਤੇ ਨਲੰਗਾ ਦਾ ਰੇਲਵੇ ਅੰਡਰ ਬ੍ਰਿਜ ਸਾਮਿਲ ਹੈ ਜਦ ਕਿ ਪਠਾਨਕੋਟ ਅਤੇ ਸੁਜਾਨਪੁਰ ਵਿਚ ਵੀ ਅਜਿਹੇ ਆਰ.ਓ.ਬੀ. ਆਰ.ਯੁ.ਬੀ. ਦੇ ਨਿਰਮਾਣ ਸਬੰਧੀ ਕਾਰਵਾਈ ਚੱਲ ਰਹੀ ਹੈ । ਇਸੇ ਤਰਾਂ ਉਨਾਂ ਦੱਸਿਆ ਕਿ ਲਿੰਕ ਰੋਡ ਰਿਪੇਅਰ ਪ੍ਰੋਗਰਾਮ ਸਾਲ 2018 19 ਫੇਜ਼ ਇਕ ਤਹਿਤ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ 1361 ਕਿਲੋਮੀਟਰ ਸੜਕਾਂ ਦੀ 144 ਕਰੋੜ ਨਾਲ ਮੁਰੰਮਤ ਦਾ ਕੰਮ ਹੋ ਰਿਹਾ ਹੈ ਜਿਸ ਵਿਚੋਂ 749 ਕਿਲੋਮੀਟਰ ਸੜਕਾਂ ਦੀ ਮੁਰੰਮਤ ਹੋ ਚੁੱਕੀ ਹੈ ਜਦ ਕਿ ਬਾਕੀ ਦਾ ਕੰਮ ਪ੍ਰਗਤੀ ਅਧੀਨ ਹੈ। ਬਟਾਲਾ ਕਾਦੀਆਂ ਰੋਡ ਦੀ ਮੁਰੰਮਤ ਦਾ ਕੰਮ 4.40 ਕਰੋੜ ਰੁਪਏ ਨਾਲ ਅਤੇ ਗੁਰਦਾਸਪੁਰ ਮੁਕੇਰੀਆਂ ਰੋਡ ਦੀ ਮੁਰੰਮਤ ਦਾ ਕੰਮ 6.26 ਕਰੋੜ ਰੁਪਏ ਨਾਲ ਚੱਲ ਰਿਹਾ ਹੈ।ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਐਲਾਣੀ ਨਿਆਏ ਸਕੀਮ ਦਾ ਜਿਕਰ ਕਰਦਿਆਂ ਸ੍ਰੀ ਜਾਖੜ ਨੇ ਦੱਸਿਆ ਕਿ ਇਸ ਸਕੀਮ ਤਹਿਤ ਉਨਾਂ ਸਾਰੇ ਪਰਿਵਾਰਾਂ ਨੂੰ 6000 ਰੁਪਏ ਮਹੀਨਾ ਕੇਂਦਰੀ ਸਹਾਇਤਾ ਪਰਿਵਾਰ ਦੀ ਮਹਿਲਾ ਮੁੱਖੀ ਦੇ ਬੈਂਕ ਖਾਤੇ ਵਿਚ ਮਿਲੇਗੀ ਜਿੰਨਾਂ ਪਰਿਵਾਰਾਂ ਦੀ ਸਲਾਨਾ ਆਮਦਨ 72000 ਰੁਪਏ ਤੋਂ ਘੱਟ ਹੈ।  ਇਸ ਮੌਕੇ ਵਿਧਾਇਕ ਸ: ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨੀ ਹੁਣ ਤੈਅ ਹੈ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਸਾਡੇ ਨੁੰਮਾਇੰਦੇ ਹੋਣ ਨਾਲ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਵੇਗੀ। ਉਨਾਂ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜਾ ਮਾਫੀ ਸਕੀਮ ਲਾਗੂ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਦ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਨੀਤੀਆਂ ਹੀ ਕਿਸਾਨ ਵਿਰੋਧੀ ਰਹੀਆਂ ਹਨ।