• Home
  • ਰੈਲੀ-ਰੈਲੀ ਦੀ ਖੇਡ ਨੇ ਅਕਾਲੀਆਂ ਤੇ ਕਾਂਗਰਸੀਆਂ ਦੀ ਸਾਂਝ ਭਿਆਲੀ ਜੱਗ ਜਾਹਿਰ ਕੀਤੀ : ਖਹਿਰਾ

ਰੈਲੀ-ਰੈਲੀ ਦੀ ਖੇਡ ਨੇ ਅਕਾਲੀਆਂ ਤੇ ਕਾਂਗਰਸੀਆਂ ਦੀ ਸਾਂਝ ਭਿਆਲੀ ਜੱਗ ਜਾਹਿਰ ਕੀਤੀ : ਖਹਿਰਾ

ਚੰਡੀਗੜ, (ਖ਼ਬਰ ਵਾਲੇ ਬਿਊਰੋ):ਆਪ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸੀ ਤੇ ਅਕਾਲੀ ਪੰਜਾਬ 'ਚ 'ਰੈਲੀ-ਰੈਲੀ' ਦੀ ਖੇਡ ਖੇਡਣ 'ਚ ਵਿਅਸਤ ਹੋ ਗਏ ਹਨ ਤੇ ਦੋਹਾਂ ਪਾਰਟੀਆਂ 'ਚ ਹੋਏ ਸਮਝੌਤੇ ਦੇ ਸੰਕੇਤ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਢਲੇ ਮਸਲੇ ਬੇਰੁਜ਼ਗਾਰੀ, ਗਰੀਬੀ, ਕਿਸਾਨ ਖ਼ੁਦਕੁਸ਼ੀਆਂ ਆਦਿ ਦੇ ਮਾਮਲੇ ਉਥੇ ਦੇ ਉਥੇ ਹੀ ਖੜੇ ਹਨ ਪਰ ਸੱਤਾਧਾਰੀ ਧਿਰ ਨੇ ਅਕਾਲੀ ਦਲ ਨਾਲ ਸਮਝੌਤਾ ਕਰ ਕੇ ਰੈਲੀਆਂ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਉਨਾ ਦੋਸ਼ ਲਾਇਆ ਕਿ ਕਾਂਗਰਸ ਲੋਕਾਂ ਦਾ ਧਿਆਨ ਬੇਅਦਬੀ ਮਾਮਲਿਆਂ ਤੋਂ ਹਟਾਉਣ ਅਤੇ ਅਕਾਲੀਆਂ ਨੂੰ ਬਚਾਉਣ ਲਈ ਅਜਿਹਾ ਕਰ ਰਹੀ ਹੈ।
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੁਝ ਨਹੀਂ ਕੀਤਾ। ਉਨਾਂ ਖੁਲਾਸਾ ਕੀਤਾ ਕਿ ਜਿਨਾਂ ਪੁਲਿਸ ਅਧਿਕਾਰੀਆਂ ਵਿਰੁਧ ਧਾਰਾ 302 ਅਧੀਨ ਮਾਮਲਾ ਦਰਜ ਸੀ, ਮੁੱਖ ਮੰਤਰੀ ਦੀ ਪੁਲਿਸ ਉਨਾਂ ਨੂੰ ਬਚਾਉਂਦੀ ਰਹੀ ਤੇ ਆਖ਼ਰ ਉਹ ਹਾਈਕੋਰਟ ਦੀ ਸ਼ਰਣ 'ਚ ਆ ਕੇ ਸਟੇਅ ਲੈ ਗਏ। ਉਨਾਂ ਕਿਹਾ ਕਿ ਜਿਨਾਂ ਪੁਲਿਸ ਅਧਿਕਾਰੀਆਂ ਕੋਲ ਕੋਈ ਅਗਾਊਂ ਜ਼ਮਾਨਤ ਨਹੀਂ ਸੀ, ਉਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਖਹਿਰਾ ਨੇ ਕਿਹਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲਿਆਂ ਤੇ ਗੋਲੀਕਾਂਡ ਮਾਮਲਿਆਂ 'ਚ ਵੀ ਨਾਨਕ ਨਾਮ ਲੇਵਾ ਪਾਣੀਆਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਬਾਕੀ ਕਿਸੇ ਹੋਰ ਮਾਮਲੇ 'ਚ ਇਨਸਾਫ਼ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ।

ਇਸ ਸਮੇਂ ਖਹਿਰਾ ਨੇ ਐਲਾਨ ਕੀਤਾ ਕਿ 21 ਸਤੰਬਰ ਨੂੰ ਚੰਡੀਗੜ ਦੇ ਕਿਸਾਨ ਭਵਨ ਵਿਖੇ ਨਾਨਕ ਨਾਮ ਲੇਵਾ ਸਿੱਖਾਂ ਦਾ ਇਕੱਠ ਬੁਲਾਇਆ ਗਿਆ ਹੈ ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਇਨਸਾਫ਼ ਮੋਰਚੇ ਦੇ ਆਗੂਆਂ, ਜਾਗਦੀ ਜ਼ਮੀਰ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਉਨਾਂ ਦਸਿਆ ਕਿ ਇਸ ਕਨਵੈਸਨਸ਼ਨ ਵਿਚ ਅਗਲੀ ਕਾਰਵਾਈ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।