• Home
  • ਕਿਲ੍ਹਾ ਰਾਏਪੁਰ ਖੇਡਾਂ ਨੂੰ ਭੈੜੀ ਨਜ਼ਰ ਲੱਗੀ ! ਕੀ ਨਹੀਂ ਹੋਣਗੀਆਂ ਖੇਡਾਂ ?ਪੜ੍ਹੋ:- ਖੇਡ ਸੰਪਾਦਕ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ

ਕਿਲ੍ਹਾ ਰਾਏਪੁਰ ਖੇਡਾਂ ਨੂੰ ਭੈੜੀ ਨਜ਼ਰ ਲੱਗੀ ! ਕੀ ਨਹੀਂ ਹੋਣਗੀਆਂ ਖੇਡਾਂ ?ਪੜ੍ਹੋ:- ਖੇਡ ਸੰਪਾਦਕ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ

ਪੰਜਾਬ ਦੀਆਂ ਪੇਂਡੂ ਮਿਨੀ ਓਲੰਪਿਕ ਅਖਵਾਉਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਪੰਜਾਬ ਦੀਆਂ ਖੇਡਾਂ ਦੀਆਂ ਇੱਕ ਵਿਰਾਸਤ ਹਨ। 1933 'ਚ ਸ਼ੁਰੂ ਹੋਈਆਂ ਇੰਨ੍ਹਾਂ ਖੇਡਾਂ ਨੇ ਪੰਜਾਬ 'ਚ ਪੇਂਡੂ ਖੇਡ ਮੇਲਿਆਂ ਦੀ ਸ਼ੁਰੂਆਤ ਕੀਤੀ। 1930 'ਚ ਕਿਲ੍ਹਾ ਰਾਏਪੁਰ ਦੇ ਐਬੀ ਕਾਕਿਆਂ ਨੂੰ ਹਾਕੀ ਖੇਡਣ ਦਾ ਅਜਿਹਾ ਸ਼ੌਕ ਪਿਆ। ਉਸੇ ਸਾਲ ਅੰਮ੍ਰਿਤਸਰ ਵਿਖੇ ਦਿਵਾਲੀ ਕੱਪ ਖੇਡਣ ਗਏ ਕਿਲ੍ਹਾ ਰਾਏਪੁਰ ਦੀ ਟੀਮ ਦੂਜੇ ਨੰਬਰ 'ਤੇ ਆ ਗਈ। ਇਸ ਮਾਣਮੱਤੀ ਜਿੱਤ ਨੇ ਉਨ੍ਹਾਂ ਐਬੀ ਕਾਕਿਆਂ ਦਾ ਅਜਿਹਾ ਹੌਸਲਾ ਵਧਾਇਆ ਕਿ ਉਨ੍ਹਾਂ ਨੇ ਆਪਣੇ ਪਿੰਡ 'ਚ ਹੀ ਖੇਡਾਂ ਕਰਾਉਣ ਦਾ ਫੈਸਲਾ ਕੀਤਾ। 1933 'ਚ ਉਨ੍ਹਾਂ ਨੇ ਗਰੇਵਾਲ ਐਜੂਕੇਸ਼ਨ ਸੁਸਾਇਟੀ ਕੀਤੀ। 1933 'ਚ ਹਾਕੀ ਅਤੇ ਵਾਲੀਬਾਲ ਦੇ ਖੇਡ ਮੁਕਾਬਲੇ ਕਰਾਏ। ਫਿਰ 1934 'ਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੀ ਸਥਾਪਨਾ ਹੋਈ। ਇੰਦਰ ਸਿੰਘ ਗਰੇਵਾਲ, ਮੇਹਰ ਸਿੰਘ ਪੀ.ਸੀ.ਐਸ, ਹਰਚੰਦ ਸਿੰਘ, ਜੁਗਿੰਦਰ ਸਿੰਘ ਪੀ.ਟੀ ਸਾਹਿਬ, ਓਲੰਪੀਅਨ ਕਰਨਲ ਗੁਰਚਰਨ ਸਿੰਘ ਹੋਰ ਵਗੈਰਾ-ਵਗੈਰਾ ਪੁਰਾਣੇ ਬਜ਼ੁਰਗ ਇੰਨ੍ਹਾਂ ਖੇਡਾਂ ਦੇ ਬਾਨੀ ਮੈਂਬਰਾਂ ਵਜੋਂ ਸਨ। 1933 ਤੋਂ ਲੈ ਕੇ 1948 ਤੱਕ ਕਿਲ੍ਹਾ ਰਾਏਪੁਰ ਖੇਡਾਂ ਦਾ ਕੋਈ ਪ੍ਰਧਾਨ ਜਾਂ ਸਕੱਤਰ ਨਹੀਂ ਸੀ। ਸਿਰਫ਼ 13 ਮੈਂਬਰੀ ਕਮੇਟੀ ਹੀ ਖੇਡਾਂ ਲਈ ਕੰਮ ਕਰਦੀ ਸੀ। 1948 ਤੋਂ ਬਾਅਦ ਪ੍ਰਧਾਨ ਸਕੱਤਰ ਬਣਨੇ ਸ਼ੁਰੂ ਹੋਏ। ਭਾਰਤ ਦੀ ਅਜ਼ਾਦੀ ਤੋਂ ਬਾਅਦ ਮੀਡੀਆ ਨੇ ਇੰਨ੍ਹਾਂ ਖੇਡਾਂ ਬਾਰੇ ਲਿਖਣਾ ਸ਼ੁਰੂ ਕੀਤਾ। 1955 'ਚ ਨਾਰੰਗਵਾਲ ਦੇ ਪ੍ਰਹਲਾਦ ਸਿੰਘ ਨੇ ਆਪਣੇ ਪੁੱਤਰ ਭਗਵੰਤ ਸਿੰਘ ਦੀ ਯਾਦ 'ਚ 100 ਤੋਲੇ ਦਾ ਗੋਲਡ ਕੱਪ ਹਾਕੀ ਮੁਕਾਬਲੇ ਲਈ ਦਾਨ ਕੀਤਾ। 1955 ਤੋਂ ਭਗਵੰਤ ਮੈਮੋਰੀਅਲ ਗੋਲਡ ਕੱਪ ਹਾਕੀ ਦੇ ਮੁਕਾਬਲੇ ਲਈ ਦੇਸ਼ ਦੀਆਂ ਨਾਮੀ ਟੀਮਾਂ, ਦੇਸ਼ ਦੇ ਨਾਮੀ ਖਿਡਾਰੀ, ਭਾਵੇਂ ਉਹ ਹਾਕੀ ਦਾ ਜਾਦੂਗਰ ਧਿਆਨਚੰਦ ਹੋਵੇ ਜਾਂ ਪੈਨਲਟੀ ਕਾਰਨਰ ਕਿੰਗ ਪ੍ਰਿਥੀਪਾਲ ਸਿੰਘ ਹੋਵੇ, ਵਿਸ਼ਵ ਕੱਪ ਜੇਤੂ ਕਪਤਾਨ ਅਜੀਤਪਾਲ ਸਿੰਘ ਹੋਵੇ ਜਾਂ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਹੋਵੇ। ਗੱਲ ਕੀ, ਦੇਸ਼ ਦਾ ਕੋਈ ਅਜਿਹਾ ਨਾਮੀ ਖਿਡਾਰੀ ਨਹੀਂ ਬਚਿਆ ਜੋ 1990 ਦਹਾਕੇ ਤੱਕ ਇਸ ਭਗਵੰਤ ਮੈਮੋਰੀਅਲ ਗੋਲਡ ਹਾਕੀ ਕੱਪ ਲਈ ਨਾ ਖੇਡਿਆ ਹੋਵੇ। ਸਮੇਂ ਸਮੇਂ 'ਤੇ ਕਬੱਡੀ ਦੇ ਨਾਮੀ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਖੇਡਾਂ ਕਰਾਉਣ ਵਾਲੀ ਪਹਿਲੀ ਪੀੜ੍ਹੀ ਉਮਰ ਦੇ ਹਿਸਾਬ ਨਾਲ ਨਰਮ ਪਈ ਤਾਂ ਤਾਰਾ ਸਿੰਘ, ਬਖਸ਼ੀ ਸਿੰਘ, ਸਿਕੰਦਰ ਸਿੰਘ, ਬਾਬੂ ਸਿੰਘ ਐਸ.ਪੀ  ਵਰਗੇ ਨਾਮੀ ਨੌਜਵਾਨਾਂ ਨੇ ਵਾਗਡੋਰ ਸੰਭਾਲੀ।

ਫੇਰ ਦਲਜੀਤ ਸਿੰਘ ਗਰੇਵਾਲ, ਨਾਮੀ ਅਥਲੀਟ ਹਰਭਜਨ ਸਿੰਘ, ਬੀ.ਐਸ ਗਰੇਵਾਲ ਹੁਰਾਂ ਨੇ ਸਮੇਂ ਸਮੇਂ 'ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ। ਫਿਰ 80 ਵੇਂ ਦਹਾਕੇ ਤੋਂ ਬਾਅਦ ਪਰਮਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਗਰੇਵਾਲ ਹੁਰਾਂ ਦੀ ਟੀਮ ਅੱਗੇ ਆਈ। ਕੁੱਲ ਮਿਲਾ ਕੇ ਜੇ ਸਾਰੇ ਨਾਮ ਲਿਖੀਏ ਤਾਂ ਲਿਸਟ ਬਹੁਤ ਲੰਬੀ ਹੋ ਜਾਊ, ਪਰ ਪੀੜ੍ਹੀ ਦਰ ਪੀੜ੍ਹੀ ਅੱਜ ਪੰਜਵੀਂ ਪੀੜ੍ਹੀ ਕਿਲ੍ਹਾ ਰਾਏਪੁਰ ਖੇਡਾਂ ਦੀ ਸਫਲਤਾ ਲਈ ਆਪਣਾ ਕੰਮ ਕਰ ਰਹੀ ਹੈ। 1984 ਦੀਆਂ ਲਾਸ ਏਂਜਲਸ ਖੇਡਾਂ ਦੌਰਾਨ ਖੇਡਾਂ ਦੇ ਬਾਨੀ ਜੁਗਿੰਦਰ ਸਿੰਘ ਪੀ.ਟੀ ਸਾਹਿਬ ਅਮਰੀਕਾ ਓਲੰਪਿਕ ਖੇਡਾਂ ਦੇਖਣ ਗਏ। ਉਥੋਂ ਉਨ੍ਹਾਂ ਦੇ ਮਾਣ ਸਤਿਕਾਰ 'ਚ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਪੇਂਡੂ ਮਿੰਨੀ ਓਲੰਪਿਕ ਖੇਡਾਂ ਦਾ ਦਰਜਾ ਮਿਲਿਆ। ਇਸ ਨਾਮ ਨਾਲ ਹੀ ਅੱਜ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਪੂਰੀ ਦੁਨੀਆ 'ਚ ਚਰਚਿਤ ਹਨ। ਭਾਵੇਂ ਸ਼ੁਰੂਆਤ ਹਾਕੀ ਤੇ ਵਾਲੀਬਾਲ ਮੁਕਾਬਲਿਆਂ ਨਾਲ ਹੋਈ। ਵਕਤ ਪੈਣ ਦੇ ਨਾਲ ਹੀ ਬੈਲਗੱਡੀਆਂ ਦੀ ਦੌੜਾਂ, ਬਲਦਾਂ ਦੀਆਂ ਸੁਹਾਗਾ ਦੌੜਾਂ, ਊਠਾਂ ਦੇ ਮੁਕਾਬਲੇ, ਰਵਾਇਤੀ ਖੇਡਾਂ, ਕਦੇ ਮਾਡਰਨ ਖੇਡਾਂ ਦੇ ਨਾਲ ਰੰਗ ਬਦਲਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਪਿਛਲੇ 8 ਦਹਾਕਿਆਂ 'ਚ ਇੱਕ ਅਜਿਹਾ ਇਤਿਹਾਸ ਲਿਖ ਗਈਆਂ ਕਿ ਭਾਵੇਂ ਪਿੰਡ ਵਾਲੇ ਇੰਨ੍ਹਾਂ ਖੇਡਾਂ ਨੂੰ ਹੁਣ ਬੰਦ ਵੀ ਕਰ ਦੇਣ, ਪਰ ਇੰਨ੍ਹਾਂ ਖੇਡਾਂ ਦਾ ਇਤਿਹਾਸ ਹਮੇਸ਼ਾ ਚਲਦਾ ਰਹੇਗਾ। ਇੰਨ੍ਹਾਂ ਖੇਡਾਂ ਨੂੰ ਦੇਖਦਿਆਂ ਪਿੰਡਾਂ 'ਚ ਪੇਂਡੂ ਖੇਡ ਮੇਲਿਆਂ ਦਾ ਜਾਗ ਲੱਗਿਆ। ਚੰਗੇ ਭਾਗਾਂ ਨੂੰ ਐਤਕੀਂ ਪੰਜਾਬ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ। ਚੰਗਾ ਰੰਗ ਬੰਨ੍ਹਿਆ ਜਾਣਾ ਸੀ। ਅੱਜ ਦੀਆਂ ਮੇਰੇ ਪਿੰਡ ਦੀਆਂ ਜਰਖੜ ਖੇਡਾਂ ਵੀ ਚਰਚਿਤ ਹੋ ਚੁੱਕੀਆਂ ਹਨ। ਅਤੇ ਮੈਂ ਜਰਖੜ ਖੇਡਾਂ ਦਾ ਸਾਰਾ ਸਿਹਰਾ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਦਿੰਦਾ ਹਾਂ ਕਿਉਂਕਿ 1985 'ਚ ਅਸੀਂ ਵੀ ਕਿਲ੍ਹਾ ਰਾਏਪੁਰ ਖੇਡਾਂ 'ਚ ਪ੍ਰਣ ਕੀਤਾ ਸੀ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਸੀ ਕਿ ਕਦੇ ਜਰਖੜ 'ਚ ਵੀ ਅਜਿਹੀਆਂ ਖੇਡਾਂ ਹੋਣਗੀਆਂ। ਅੱਜ ਜਰਖੜ ਖੇਡਾਂ ਜੇਕਰ ਕਿਸੇ ਮੁਕਾਮ 'ਤੇ ਹਨ ਤਾਂ ਅਸੀਂ ਉਸਦਾ ਸਲੂਟ ਕਿਲ੍ਹਾ ਰਾਏਪੁਰ ਨੂੰ ਕਰਦੇ ਹਾਂ।ਗੱਲ ਕੀ, ਬੜੇ ਉਤਰਾਅ ਚੜ੍ਹਾ ਆਏ। 1973-74 'ਚ ਸਮੱਸਿਆਵਾਂ ਆਈਆਂ। ਫਿਰ 1981-82 'ਚ ਵੀ ਖੇਡਾਂ ਬੰਦ ਰਹੀਆਂ। ਫਿਰ 1997-98 'ਚ ਵੀ ਖੇਡਾਂ ਰੁਕਣ ਦਾ ਪੰਗਾ ਪਿਆ। ਇਸਦਾ ਵੱਡਾ ਕਾਰਨ ਇੱਕੋ ਸੀ, ਰਾਜਨੀਤਿਕ ਲੋਕਾਂ ਦੀ ਖੇਡਾਂ 'ਚ ਘੁਸਪੈਠ, ਪ੍ਰਬੰਧਕਾਂ ਦੀ ਆਪਣੀ ਹਉਮੇ, ਅਹੁਦਿਆਂ ਦੀ ਲੜਾਈ ਅਤੇ ਖੇਡਾਂ 'ਚ ਪੁ਼ਲੀਸ ਦੀ ਦਖਲਅੰਦਾਜ਼ੀ ਹੋਣਾ ਜੋ ਖੇਡਾਂ ਲਈ ਇਕ ਵੱਡੀ ਰੁਕਾਵਟ ਬਣਿਆ। ਜ਼ਮੀਨ ਸਟੇਡੀਅਮ ਲਈ ਦਾਨ ਕੀਤੀ ਸੁਹਾਵੀਆ ਪੱਤੀ ਨੇ। ਉਸਦਾ ਰਿਣੀ ਇਕੱਲੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਖੇਡ ਜਗਤ ਨੂੰ ਹੋਣਾ ਚਾਹੀਦਾ ਹੈ। ਕਿਉਂਕਿ ਪੰਜਾਬ 'ਚ ਜੋ ਅੱਜ ਖੇਡਾਂ ਦੀ ਜੋਤ ਜਗਦੀ ਹੈ, ਉਹ ਇੰਨ੍ਹਾਂ ਖੇਡਾਂ ਕਰਕੇ ਹੀ ਹੈ। ਜਿਥੇ ਚਾਰ ਭਾਂਡੇ ਹੁੰਦੇ ਨੇ, ਖੜਕਦੇ ਉਥੇ ਹੀ ਹਨ। ਜਿਥੇ ਭਾਂਡੇ ਹੀ ਨਹੀਂ, ਉਥੇ ਖੜਕਣਾ ਵੀ ਕੀ ਹੈ। ਅੱਜ ਸੁਹਾਵੀਆ ਪੱਤੀ ਨੇ ਕੋਟ ਕਚਹਿਰੀਆਂ ਦੇ 20 ਸਾਲ ਚੱਕਰ ਕੱਢ ਕੇ ਕੇਸ ਜਿੱਤ ਕੇ ਸਟੇਡੀਅਮ 'ਤੇ ਆਪਣਾ ਹੱਕ ਜਤਾਇਆ ਹੈ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵਾਲੇ ਆਪਣਾ ਹੱਕ ਜਤਾ ਰਹੇ ਨੇ। ਕੌਣ ਜਿੱਤਿਆ, ਕੌਣ ਹਾਰਿਆ, ਕਿਸਦਾ ਕਬਜ਼ਾ, ਕਿਸਦਾ ਨਹੀਂ, ਆਮ ਲੋਕਾਂ ਤੇ ਖੇਡ ਪ੍ਰੇਮੀਆਂ ਦਾ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਕੱਲਾ ਪੰਜਾਬ ਨਹੀਂ, ਪੂਰੀ ਦੁਨੀਆ, ਸਾਡਾ ਮੀਡੀਆ ਤੇ ਵਿਦੇਸ਼ੀ ਮੀਡੀਆ ਇਹੀ ਚਾਹੁੰਦਾ ਹੈ ਕਿ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਰੂਰ ਹੋਣ। ਕਿਲ੍ਹਾ ਰਾਏਪੁਰ ਵਾਲੇ ਆਪਸ 'ਚ ਲੜਨ ਜਾਂ ਭਿੜਨ ਪਰ ਜੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨਹੀਂ ਹੁੰਦੀਆਂ ਤਾਂ ਪੰਜਾਬ ਦੇ ਖੇਡ ਸੱਭਿਆਚਾਰ ਦੀ ਮੌਤ ਯਕੀਨੀ ਹੈ। ਇਸ ਲਈ ਕਿਲ੍ਹਾ ਰਾਏਪੁਰ ਵਾਲਿਆਂ ਨੂੰ ਰਲ ਬੈਠ ਕੇ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਖੇਡਾਂ ਹਰ ਹੀਲੇ ਹੋਣ, ਭਾਵੇਂ ਕੋਈ ਮਰਜੀ ਕਰਾਵੇ। ਲੱਖਾਂ ਕਰੋੜਾਂ ਖੇਡ ਪ੍ਰੇਮੀਆਂ ਦੀਆਂ ਆਸਾਂ 'ਤੇ ਪਾਣੀ ਨਾ ਫੇਰੋ, ਕਿਉਂਕਿ ਕਿਲ੍ਹਾ ਰਾਏਪੁਰ ਖੇਡਾਂ ਉਨ੍ਹਾਂ ਦੀ ਜਿੰਦ ਜਾਨ ਹਨ। ਬੜਾ ਦੁੱਖ ਹੋਇਆ ਇਸ ਵਾਰ ਇੰਨ੍ਹਾਂ ਖੇਡਾਂ ਦੀਆਂ ਤਿੰਨ ਵਾਰ ਤਰੀਕਾਂ ਰੱਖੀਆਂ ਗਈਆਂ। ਪਹਿਲਾਂ 1 ਤੋਂ 3 ਫਰਵਰੀ, ਫਿਰ 22 ਤੋਂ 24 ਫਰਵਰੀ ਤੇ ਫਿਰ 8 ਤੋਂ 10 ਮਾਰਚ। ਗਰੇਵਾਲ ਸਪੋਰਟਸ ਐਸੋਸੀਏਸ਼ਨ ਖੇਡਾਂ ਦੀਆਂ ਤਿਆਰੀਆਂ ਕਰਦੇ ਰਹੇ। ਪਰ ਸੁਹਾਵੀਆ ਪੱਤੀ ਵਾਲੇ ਸਟੇਡੀਅਮ 'ਤੇ ਕਬਜ਼ੇ ਦੀ ਤਿਆਰੀ ਕਰਦੇ ਰਹੇ। ਅਖ਼ੀਰ ਮਾਰਚ ਦੇ ਪਹਿਲੇ ਹਫਤੇ ਸੁਹਾਵੀਆ ਪੱਤੀ ਵਾਲੇ ਅਦਾਲਤ ਦੇ ਕਾਗਜ਼ ਪੱਤਰਾਂ ਨਾਲ ਸਟੇਡੀਅਮ 'ਤੇ ਕਬਜ਼ਾ ਕਰ ਗਏ। 10 ਮਾਰਚ ਨੂੰ ਜਿਸ ਦਿਨ ਇਸ ਵਰ੍ਹੇ ਦੀਆਂ ਖੇਡਾਂ ਦਾ ਰੰਗ ਬੰਨ੍ਹਣਾ ਸੀ, ਉਹ ਦਿਨ ਸੁਹਾਵੀਆ ਪੱਤੀ ਵਾਲਿਆਂ ਨੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ। ਉਨ੍ਹਾਂ 'ਤੇ ਆਪਣਾ ਭੋਗ ਪਾਇਆ, ਪਰ ਖੇਡ ਪ੍ਰੇਮੀਆਂ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਉਨ੍ਹਾਂ ਨੇ ਕਿਲ੍ਹਾ ਰਾਏਪੁਰ ਖੇਡਾਂ ਦਾ ਹੀ ਭੋਗ ਪਾ ਦਿੱਤਾ ਹੋਵੇ। ਹਾਲਾਂਕਿ ਸੁਹਾਵੀਆ ਪੱਤੀ ਵਾਲੇ ਇਹ ਦਾਅਵਾ ਕਰਦੇ ਹਨ ਕਿ ਅਸੀਂ ਇਸੇ ਸਾਲ ਦੇ ਅੰਤ 'ਚ ਖੇਡਾਂ ਕਰਾਵਾਂਗੇ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵਾਲੇ ਇਹ ਦਾਅਵਾ ਕਰਦੇ ਹਨ ਕਿ ਸਾਨੂੰ ਕੋਰਟ ਵੱਲੋਂ ਜਲਦੀ ਹੀ ਸਟੇਅ ਮਿਲ ਜਾਣਾ ਹੈ ਤੇ ਅਸੀਂ ਖੇਡਾਂ ਹਰ ਹਾਲਤ 'ਚ ਕਰਾਵਾਂਗੇ। ਪਰ ਫਾਇਦਾ ਕੀ ਹੈ ਇੰਨ੍ਹਾਂ ਲੜਾਈਆਂ, ਝਗੜਿਆਂ ਦਾ ? ਕਿਲ੍ਹਾ ਰਾਏਪੁਰ ਵਾਲਿੳ ਯਾਦ ਰੱਖੋ, ਇਥੇ ਰਾਜੇ-ਮਹਾਰਾਜਿਆਂ ਦੇ ਮਹਿਲ ਉੱਜੜ ਗਏ। ਵੱਡੀਆਂ-ਵੱਡੀਆਂ ਇਮਾਰਤਾਂ ਵਿਰਾਨ ਹੋ ਗਈਆਂ। ਤੁਹਾਡਾ ਤਾਂ ਸਟੇਡੀਅਮ ਚੀਜ਼ ਹੀ ਕੀ ਹੈ। ਪਤਾ ਲੱਗਿਆ ਕਿ ਇੱਕ ਹਫਤੇ ਤੋਂ ਸਟੇਡੀਅਮ ਬੰਦ ਹੈ ਤੇ ਸਟੇਡੀਅਮ ਦੇ ਘਾਹ ਨੂੰ ਕੋਈ ਪਾਣੀ ਵੀ ਨਹੀਂ ਲੱਗ ਰਿਹਾ, ਸਟੇਡੀਅਮ ਦੀ ਹਾਲਤ ਖਸਤਾ ਹੋਣ ਲੱਗ ਪਈ ਹੈ। ਹਲਾਤ ਜੇਕਰ ਇੰਝ ਹੀ ਬਣੇ ਰਹੇ ਤਾਂ ਕਿਲ੍ਹਾ ਰਾਏਪੁਰ ਦੇ ਖੇਡ ਸਟੇਡੀਅਮ ਨੇ ਵੀਰਾਨ ਹੋਣ 'ਚ ਬਹੁਤੀ ਦੇਰ ਨਹੀਂ ਲਾਉਣੀ। ਇਹ ਸਾਡੀਆਂ ਦਿਲੀ ਭਾਵਨਾਵਾਂ ਨੇ ਕਿ ਕਿਲ੍ਹਾ ਰਾਏਪੁਰ ਖੇਡਾਂ ਕਿਵੇਂ ਵੀ ਹੋਣ, ਹਰ ਹਾਲਤ 'ਚ ਹੋਣ । ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹਾਂ। ਪਰ ਕਿਸੇ ਲੜਾਈ ਝਗੜੇ ਵਿਚਕਾਰ ਨਹੀਂ, ਸਗੋਂ ਖੇਡਾਂ ਕਰਾਉਣ ਦੇ ਸਹਿਯੋਗ 'ਚ ਅਸੀਂ ਉਨ੍ਹਾਂ ਦੇ ਨਾਲ ਹਾਂ, ਕਿਉਂਕਿ ਜੋ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੇ ਪੰਜਾਬ ਦੀਆਂ ਖੇਡਾਂ 'ਚ ਪਿਰਤ ਪਾਈ ਹੈ, ਉਹ ਇੱਕ ਬਹੁਤ ਹੀ ਸੁਨਹਿਰੀ ਇਤਿਹਾਸ ਦੀ ਗਾਥਾ ਹੈ। ਪਰਮਾਤਮਾ ਕਰੇ ਕਿ ਇਹ ਇਤਿਹਾਸ ਦੀ ਗਾਥਾ ਕਦੇ ਵੀ ਨਾ ਮਿਟੇ । ਕਿਲ੍ਹਾ ਰਾਏਪੁਰ ਦੇ ਲੋਕ ਆਪ ਖੁਦ ਬਹੁਤ ਸਿਆਣੇ ਹਨ। ਇੰਨ੍ਹਾਂ ਨੂੰ ਸਾਡੀਆਂ ਬਹੁਤੀਆਂ ਮੱਤਾਂ ਦੀ ਬਹੁਤੀ ਲੋੜ ਨਹੀਂ। ਪਰਮਾਤਮਾ ਖੇਡਾਂ ਦੇ ਸਾਰੇ ਪ੍ਰਬੰਧਕਾਂ ਨੂੰ ਸੁਮੱਤ ਬਖਸ਼ੇ। ਖੇਡਾਂ 'ਤੇ ਭਲੀ ਕਰੇ। ਕਿਲ੍ਹਾ ਰਾਏਪੁਰ ਖੇਡਾਂ ਦਾ ਰੱਬ ਰਾਖਾ

ਜਗਰੂਪ ਸਿੰਘ ਜਰਖੜ

9814300722