• Home
  • ਕੈਪਟਨ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤੀ ਚਿਤਾਵਨੀ :- ਪੜ੍ਹੋ ਕੀ ਕਿਹਾ ?

ਕੈਪਟਨ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤੀ ਚਿਤਾਵਨੀ :- ਪੜ੍ਹੋ ਕੀ ਕਿਹਾ ?

ਚੰਡੀਗੜ, 24 ਅਪ੍ਰੈਲ:

            ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਆਗੂਆਂ ਵਾਸਤੇ ਕਾਰਗੁਜਾਰੀ ਨੂੰ ਜ਼ਰੂਰੀ ਬਣਾਉਂਦੇ ਹੋਏ ਮੰਤਰੀਆਂ ਅਤੇ ਵਿਧਾਇਕਾਂ ਦੀ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਜ਼ਿੰਮੇਵਾਰੀ ਨਿਰਧਾਰਤ ਕੀਤੀ ਹੈ।

            ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਹਾਈ ਕਮਾਂਡ ਨੇ ਲਿਆ ਹੈ ਤਾਂ ਜੋ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਦੇ ਮਿਸ਼ਨ ਦੀ ਪ੍ਰਾਪਤੀ ਵਾਸਤੇ ਪਾਰਟੀ ਸਰਗਰਮੀਆਂ ਨੂੰ ਹੁਲਾਰਾ ਦਿੱਤਾ ਜਾ ਸਕੇ।

            ਹਾਈ ਕਮਾਂਡ ਦੇ ਫੈਸਲੇ ਅਨੁਸਾਰ ਜਿਹੜੇ ਮੰਤਰੀ ਆਪਣੇ ਹਲਕਿਆਂ ਵਿੱਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿਣਗੇ ਉਨਾਂ ਨੂੰ ਮੰਤਰੀ ਮੰਡਲ ਵਿੱਚੋਂ ਹਟਾ ਦਿੱਤਾ ਜਾਵੇਗਾ।  ਕਾਂਗਰਸੀ ਵਿਧਾਇਕਾਂ ਦੇ ਸਬੰਧ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਆਪਣੇ ਹਲਕਿਆਂ ਵਿੱਚ ਉਮੀਦਵਾਰਾਂ ਦੀ ਜਿੱਤ ਯਕੀਨੀ ਬਨਾਉਣ ਵਿੱਚ ਨਾਕਾਮ ਰਹਿਣਗੇ ਉਨਾਂ ਨੂੰ ਅਗਲੀ ਵਿਧਾਨ ਸਭਾ ਚੋਣ ਵਿੱਚ ਟਿਕਟਾਂ ਲਈ ਨਹੀਂ ਵਿਚਾਰਿਆ ਜਾਵੇਗਾ।

            ਪਾਰਟੀ ਨੇ ਵੱਖ-ਵੱਖ ਬੋਰਡਾਂ ਵਿੱਚ ਚੇਅਰਮੈਨ ਲਾਉਣ ਦੇ ਮਾਪਦੰਡ ਨੂੰ ਵੀ ਸਖ਼ਤ ਬਣਾਇਆ ਹੈ। ਮੌਜੂਦਾ ਲੋਕ ਸਭਾ ਚੋਣਾਂ ਵਿੱਚ ਵਿਅਕਤੀਗਤ ਕਾਰਗੁਜਾਰੀ ਦੇ ਆਧਾਰ ’ਤੇ ਹੀ ਚੇਅਰਮੈਨ ਲਗਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਸਬੰਧ ਵਿੱਚ ਸਨਿਆਰਤਾ ਦੀ ਥਾਂ ਕਾਰਗੁਜਾਰੀ ਦਾ ਮਾਪਦੰਡ ਨਿਰਧਾਰਤ ਕੀਤਾ ਗਿਆ ਹੈ।

            ਮੱਖ ਮੰਤਰੀ ਨੇ ਦੱਸਿਆ ਕਿ ਇਸ ਫੈਸਲੇ ਦਾ ਮੁੱਖ ਉਦੇਸ਼ ਪਾਰਟੀ ਵਿੱਚ ਕਾਰਗੁਜਾਰੀ ਆਧਾਰਤ ਸੱਭਿਆਚਾਰ ਨੂੰ ਬੜਾਵਾ ਦੇਣਾ ਹੈ। ਰਾਹੁਲ ਗਾਂਧੀ ਉਨਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਇਨਾਮ ਦੇਣ ਦੇ ਹੱਕ ਵਿੱਚ ਹਨ ਜੋ ਹੇਠਲੇ ਪੱਧਰ ’ਤੇ ਆਪਣੀ ਕਾਰਗੁਜਾਰੀ ਦਿਖਾਉਣਗੇ। ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਚੁਣੇ ਹੋਏ ਨੁਮਾਇੰਦਿਆਂ ਦੇ ਰਾਹੀਂ ਪਾਰਟੀ ਅਤੇ ਲੋਕਾਂ ਵਿਚਕਾਰ ਪਾੜੇ ਨੂੰ ਭਰਨਾ ਚਾਹੁੰਦੇ ਹਨ।