• Home
  • ਡਰੱਗ ਦੇ ਮੁੱਦੇ ‘ਤੇ ‘ਆਪ’ ਵਿਧਾਇਕ ਨੇ ਲਿਖੀ ਕੈਪਟਨ ਨੂੰ ਚਿੱਠੀ

ਡਰੱਗ ਦੇ ਮੁੱਦੇ ‘ਤੇ ‘ਆਪ’ ਵਿਧਾਇਕ ਨੇ ਲਿਖੀ ਕੈਪਟਨ ਨੂੰ ਚਿੱਠੀ

ਚੰਡੀਗੜ੍ਹ, 6 ਜੂਨ 2019
    ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਪੰਜਾਬ ਅੰਦਰ ਵਿਕਰਾਲ ਰੂਪ ਧਾਰਣ ਕਰ ਚੁੱਕੀ ਨਸ਼ਿਆਂ (ਡਰੱਗ) ਦੀ ਸਮੱਸਿਆ ‘ਤੇ ਸਖ਼ਤੀ ਅਤੇ ਗੰਭੀਰਤਾ ਨਾਲ ਕਾਬੂ ਪਾਉਣ ਦੀ ਮੰਗ ਉਠਾਈ ਹੈ। ਇਸ ਪੱਤਰ ਰਾਹੀਂ ‘ਆਪ’ ਆਗੂ ਨੇ ਕਾਂਗਰਸ ਸਰਕਾਰ ਨੇ ਆਪਣੇ 2 ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਕੁੱਝ ਵੀ ਖ਼ਾਸ ਨਹੀਂ ਕੀਤਾ।
    ਪਾਰਟੀ ਹੈੱਡਕੁਆਟਰ ਤੋਂ ਜਾਰੀ ਇਸ ਚਿੱਠੀ ਰਾਹੀਂ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸੰਕਟ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸ਼ਲਾਘਾਯੋਗ ਕਦਮ ਹੈ ਕਿ ਘੱਟੋ ਘੱਟ ਤੁਹਾਡੀ (ਕੈਪਟਨ) ਸਰਕਾਰ ਨੇ ਇਸ ਸਮੱਸਿਆ ਬਾਰੇ ਸੋਚਿਆ ਤਾਂ ਸਹੀ। 
    ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ‘ਚ ਤੁਸੀਂ (ਕੈਪਟਨ) ਤਿੰਨ ਨੁਕਤੇ ਉਠਾਏ ਹਨ, ਜਿੰਨਾ ‘ਚ ਰਾਸ਼ਟਰੀ ਡਰੱਗ ਨੀਤੀ, ਨਸ਼ਾ ਛੁਡਾਊ ਕੇਂਦਰਾਂ ਅਤੇ ਬਚਾਅ ਪੱਖਾਂ ‘ਤੇ ਵੱਧ ਤੋਂ ਵੱਧ ਕੇਂਦਰਿਤ ਕਰਨਾ ਅਤੇ ਤੀਜਾ ਪਾਕਿਸਤਾਨ ਨਾਲ 553 ਕਿੱਲੋਮੀਟਰ ਲੰਬੀ ਅੰਤਰ ਰਾਸ਼ਟਰੀ ਸੀਮਾ ਕਾਰਨ ਨਸ਼ਾ ਤਸਕਰੀ ਦੀ ਸਮੱਸਿਆ ਦਾ ਸਥਾਈ ਹੱਲ ਸ਼ਾਮਲ ਹੈ। ਆਮ ਆਦਮੀ ਪਾਰਟੀ ਵੀ ਪੰਜਾਬ ਦੀ ਜਵਾਨੀ ਬਚਾਉਣ ਲਈ ਇੰਨਾ ਮੰਗਾਂ ਨੂੰ ਲਾਗੂ ਕਰਨ ਦੀ ਵਕਾਲਤ ਕਰਦੀ ਹੈ। 
    ਅਮਨ ਅਰੋੜਾ ਨੇ ਲਿਖਿਆ ਹੈ ਕਿ ਨਸ਼ਿਆਂ ਦੀ ਇਸ ਬਿਮਾਰੀ ਤੋਂ ਨਿਜਾਤ ਦੇਣ ਲਈ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਅਤੇ ਸਮੂਹਿਕ ਜ਼ਿੰਮੇਵਾਰੀ ਹੈ, ਪਰੰਤੂ ਦੋ ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਡਰੱਗਜ਼ ‘ਤੇ ਕਾਬੂ ਪਾਉਣ ਲਈ ਜਿੰਨਾ ਕਰ ਸਕਦੀ ਸੀ, ਉਨਾ ਵੀ ਗੰਭੀਰਤਾ ਨਾਲ ਨਹੀਂ ਕੀਤਾ ਗਿਆ। 
    ਅਮਨ ਅਰੋੜਾ ਨੇ ਪੰਜਾਬ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਗਵਾਂਢੀ ਰਾਜਾਂ ਨਾਲੋਂ ਵੱਖਰੀ ਅਤੇ ਅਤਿ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਰਾਜਸਥਾਨ ‘ਚ ਕੁੱਝ ਨਸ਼ਿਆਂ ਨੂੰ ਕਾਨੂੰਨੀ ਦਾਇਰੇ ਤੋਂ ਛੋਟ ਦਿੱਤੀ ਹੋਈ ਹੈ ਅਤੇ ਪੰਜਾਬ ਵਾਂਗ ਹੀ ਰਾਜਸਥਾਨ ਵੀ ਪਾਕਿਸਤਾਨ ਨਾਲ ਲਗਦੇ ਅੰਤਰਰਾਸ਼ਟਰੀ ਬਾਰਡਰ ਨਾਲ ਜੁੜਦਾ ਹੈ, ਪਰੰਤੂ ਉੱਥੇ ਪੰਜਾਬ ਵਾਂਗ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜਦੇ ਨੌਜਵਾਨਾਂ ਬਾਰੇ ਨਹੀਂ ਸੁਣਿਆ। ਇਸ ਤਰਾਂ ਅਤਿ ਸੰਵੇਦਨਸ਼ੀਲ ਅਤੇ ਅੱਤਵਾਦ ਪ੍ਰਭਾਵਿਤ ਜੰਮੂ ਅਤੇ ਕਸ਼ਮੀਰ ‘ਚ ਵੀ ਨਸ਼ੇ ਦੀ ਸਮੱਸਿਆ ਉਸ ਤਰਾਂ ਨਹੀਂ ਸੁਣੀ ਜਿਵੇਂ ਪੰਜਾਬ ‘ਚ ਹਰ ਰੋਜ਼ ਸੁਣਦੇ ਹਾਂ। 
    ਅਮਨ ਅਰੋੜਾ ਨੇ ਅੱਗੇ ਲਿਖਿਆ ਕਿ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਨਸ਼ਾ ਛੁਡਾਊ ਕੇਂਦਰਾਂ ‘ਤੇ ਬਚਾਅ ਸੰਬੰਧੀ ਕੀਤੇ ਗਏ ਕੁੱਝ ਇੱਕ ਉਪਰਾਲੇ ਸਵਾਗਤ ਯੋਗ ਜ਼ਰੂਰ ਹਨ ਪਰ ਇਹ ਕਦਮ ਬਹੁਤ ਹੀ ਨਾਕਾਫ਼ੀ ਹਨ। ਸੂਬਾ ਸਰਕਾਰ ਕੋਲ ਅਜੇ ਤੱਕ ਨਸ਼ਿਆਂ ਦੇ ਆਦੀ ਹੋਏ ਮਰੀਜ਼ਾਂ ਦਾ ਅੰਕੜਾ ਹੀ ਮੌਜੂਦ ਨਹੀਂ ਹੈ। ਡੋਰ-ਟੂ-ਡੋਰ ਜਾ ਕੇ ਇਕੱਠਾ ਕੀਤੇ ਜਾਣ ਵਾਲੇ ਇਸ ਅੰਕੜੇ ਰਾਹੀਂ ਇਹ ਵੀ ਪਤਾ ਲੱਗੇਗਾ ਕਿ ਕੌਣ ਮਰੀਜ਼ ਕਿਸ ਪ੍ਰਕਾਰ ਦੇ ਡਰੱਗ ਦਾ ਆਦੀ ਹੈ। 
    ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਸਰਕਾਰ ਇਸ ਮੁੱਦੇ ‘ਤੇ ਅਜੇ ਵੀ ਅੱਖਾਂ ‘ਚ ਘੱਟਾ ਪਾਉਣ ਲਏ ਕਦਮ ‘ਤੇ ਚੱਲ ਰਹੀ ਹੈ, ਇੱਥੋਂ ਤੱਕ ਕਿ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨਾਂ ਦੀ ਮੌਤ ਦਾ ਅਸਲ ਕਾਰਨ ਲੁਕਾ ਕੇ ਹਾਰਟ ਅਟੈਕ ਰਾਹੀਂ ਹੋਈ ਮੌਤ ਦਿਖਾਉਂਦੀ ਹੈ। 
    ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਅੰਦਰੋਂ ਨਸ਼ਿਆਂ ਦਾ ਕੋਹੜ ਕੱਢਣ ਲਈ ਸਖ਼ਤ ਸਾਰਥਿਕ ਅਤੇ ਸੰਜੀਦਾ ਕਦਮ ਉਠਾਉਣੇ ਪੈਣਗੇ। ਜੇਕਰ ਕੈਪਟਨ ਸਰਕਾਰ ਅਸਲ ‘ਚ ਨਸ਼ਿਆਂ ਦਾ ਖ਼ਾਤਮਾ ਕਰਨਾ ਚਾਹੇ ਤਾਂ ਸਮਾਜ ਵੱਲੋਂ ਵੀ ਆਪ ਮੁਹਾਰੇ ਮਦਦ ਮਿਲੇਗੀ। 
    ਅਮਨ ਅਰੋੜਾ ਨੇ ਘਰ-ਘਰ ਜਾ ਕੇ ਨਸ਼ਾ ਪੀੜਤ ਮਰੀਜ਼ਾਂ ਦੀ ਸ਼ਨਾਖ਼ਤ ਕਰਾਉਣ ਦੀ ਜ਼ੋਰਦਾਰ ਮੰਗ ਰੱਖੀ।