• Home
  • ਮੰਤਰੀ ਮੰਡਲ ਵੱਲੋਂ ਬਟਾਲਾ, ਕਪੂਰਥਲਾ ਅਤੇ ਅਬੋਹਰ ਦਾ ਨਗਰ ਨਿਗਮ ਵਜੋਂ ਦਰਜ਼ਾ ਵਧਾਉਣ ਨੂੰ ਸਹਿਮਤੀ

ਮੰਤਰੀ ਮੰਡਲ ਵੱਲੋਂ ਬਟਾਲਾ, ਕਪੂਰਥਲਾ ਅਤੇ ਅਬੋਹਰ ਦਾ ਨਗਰ ਨਿਗਮ ਵਜੋਂ ਦਰਜ਼ਾ ਵਧਾਉਣ ਨੂੰ ਸਹਿਮਤੀ

ਚੰਡੀਗੜ, 2 ਮਾਰਚ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਤਿਕਾਰ ਵਜੋਂ ਪੰਜਾਬ ਮੰਤਰੀ ਮੰਡਲ ਨੇ ਇਤਿਹਾਸਕ ਕਸਬਿਆਂ ਬਟਾਲਾ, ਕਪੂਰਥਲਾ ਅਤੇ ਅਬੋਹਰ ਦਾ ਨਗਰ ਨਿਗਮਾਂ ਵਜੋਂ ਦਰਜ਼ਾ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਸਰਹੱਦੀ ਜ਼ਿਲਿਆਂ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ।  ਇਹ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।  ਇਸ ਫੈਸਲੇ ਦੇ ਨਾਲ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ’ਚ ਇਤਿਹਾਸਕ ਕਸਬਿਆਂ ਬਟਾਲਾ ਅਤੇ ਕਪੂਰਥਲਾ ਦੇ ਮੌਜੂਦਾ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਕਰਨ ਦੇ ਨਾਲ-ਨਾਲ ਅਬੋਹਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਉਦੇਸ਼ ਹੈ।  ਇਸ ਫੈਸਲੇ ਨਾਲ ਇਨਾਂ ਕਸਬਿਆਂ ਦਾ ਸਮੁੱਚਾ ਵਿਕਾਸ ਯਕੀਨੀ ਬਣਾਇਆ ਜਾ ਸਕੇਗਾ ਅਤੇ ਇਨਾਂ ਕਸਬਿਆਂ ਨੂੰ ਸੜਕੀ ਸੰਪਰਕ ਅਤੇ ਸ਼ਹਿਰੀ ਟਰਾਂਸਪੋਰਟ ਸੇਵਾਵਾਂ ਦੇ ਨਾਲ-ਨਾਲ ਵਧੀਆ ਸ਼ਹਿਰੀ ਸਹੂਲਤਾਂ ਪ੍ਰਾਪਤ ਹੋਣਗੀਆਂ ਜਿਸ ਦੇ ਨਾਲ ਇਨਾਂ ਸ਼ਹਿਰਾਂ ਦੇ ਲੋਕਾਂ ਦੇ ਜੀਵਨ ਦੇ ਮਿਆਰ ਵਿੱਚ ਸੁਧਾਰ ਆਵੇਗਾ। ਇਨਾਂ ਕਸਬਿਆਂ ਨੂੰ ਨਗਰ ਨਿਗਮਾਂ ਬਣਾਏ ਜਾਣ ਦੇ ਨਾਲ ਸਰਕਾਰ ਇਨਾਂ ਦੇ ਸਮੁੱਚੇ ਵਿਕਾਸ ਦੇ ਵਾਸਤੇ ਵੱਖ-ਵੱਖ ਵਿਭਾਗਾਂ ਅਤੇ ਏਜੰਸੀਆਂ ਨੂੰ ਫੰਡਾਂ ਦੀ ਢੁੱਕਵੀਂ ਸਪੁਰਦਗੀ ਯਕੀਨੀ ਬਣਾ ਸਕੇਗੀ।  ਇਸ ਵੇਲੇ ਸੂਬੇ ਵਿੱਚ 10 ਨਗਰ ਨਿਗਮਾਂ ਹਨ ਇਸ ਫੈਸਲੇ ਨਾਲ ਇਨਾਂ ਦੀ ਗਿਣਤੀ 13 ਹੋ ਗਈ ਹੈ।