• Home
  • ਬੇਅਦਬੀ ਦੇ ਚੱਲ ਰਹੇ ਰੋਸ ਕਾਰਨ ਅਕਾਲੀ ਦਲ ਨੂੰ ਪੰਚਾਇਤੀ ਚੋਣਾਂ ਲਈ ਉਮੀਦਵਾਰ ਲੱਭਣੇ ਹੋਏ ਔਖੇ.!

ਬੇਅਦਬੀ ਦੇ ਚੱਲ ਰਹੇ ਰੋਸ ਕਾਰਨ ਅਕਾਲੀ ਦਲ ਨੂੰ ਪੰਚਾਇਤੀ ਚੋਣਾਂ ਲਈ ਉਮੀਦਵਾਰ ਲੱਭਣੇ ਹੋਏ ਔਖੇ.!

ਚੰਡੀਗੜ੍ਹ (ਖਬਰ ਵਾਲੇ ਬਿਊਰੋ )-
ਬੇਅਦਬੀ ਕਾਂਡ ਨੂੰ ਲੈ ਕੇ ਪੈਦਾ ਹੋਏ ਰੋਸ ਕਾਰਨ ਅਕਾਲੀ ਦਲ ਨੂੰ ਹੁਣ ਪੰਚਾਇਤੀ ਚੋਣਾਂ ਲਈ ਪਿੰਡਾਂ ਵਿੱਚੋਂ ਉਮੀਦਵਾਰ ਲੱਭਣੇ ਔਖੇ ਹੋ ਰਹੇ ਹਨ । ਹੁਣ ਤੱਕ ਅਕਾਲੀ ਦਲ ਦੀ ਟਿਕਟ ਲੈਣ ਲਈ ਉਮੀਦਵਾਰਾਂ ਦੀਆਂ ਦੌੜਾਂ ਲੱਗ ਜਾਂਦੀਆਂ ਸਨ ।ਪਰ ਇਸ ਵਾਰ  ਅਕਾਲੀ ਦਲ ਦੇ ਆਗੂਆਂ ਨੂੰ ਉਮੀਦਵਾਰ ਲੱਭਣ ਲਈ ਕਾਫੀ ਮਸ਼ੱਕਤ ਕਰਨੀ ਪੈ ਰਹੀ ਹੈ । ਅਜਿਹਾ ਤਿੰਨ ਸਾਲ ਵਿੱਚ ਦੂਜੀ ਵਾਰ ਹੋ ਰਿਹਾ ਹੈ  ਅਤੇ ਉਹ ਵੀ ਬੇਅਦਬੀ ਮਾਮਲੇ ਨੂੰ ਹੀ ਲੈ ਕੇ । ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਅਕਾਲੀ ਆਗੂ ਡਰਦੇ ਮਾਰੇ ਪਿੰਡਾਂ ਵਿੱਚ ਨਹੀਂ ਸਨ ਮਿਲਦੇ , ਉਸੇ ਤਰ੍ਹਾਂ ਦਾ ਮਾਹੌਲ ਹੁਣ ਫਿਰ ਬਣਦਾ ਜਾ ਰਿਹਾ ਹੈ । ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਅਨੁਸਾਰ ,ਉਮੀਦਵਾਰ ਲੱਭਣ ਵਿੱਚ ਦਿੱਕਤ ਦਾ ਇੱਕ ਵੱਡਾ ਕਾਰਨ  ਪੰਜਾਬ ਵਿੱਚ ਕਾਂਗਰਸ ਦਾ ਸੱਤਾ ਵਿੱਚ ਹੋਣਾ ਹੈ ।
ਪਰ ਅਕਾਲੀ ਦਲ ਦੇ ਸੂਤਰ ਨਾਲ ਨਾਲ ਇਹ ਵੀ ਮੰਨ ਰਹੇ ਹਨ ਕਿ ਤਾਜ਼ਾ ਹਾਲਾਤਾਂ ਕਾਰਨ ਅਕਾਲੀ ਦਲ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੇਖਣਾ ਪੈ ਸਕਦਾ ਹੈ ।ਭਾਵੇਂ ਅਕਾਲੀ ਦਲ ਵਿਰੁੱਧ ਮੁਜ਼ਾਹਰੇ ਕਰਨ ਵਾਲੇ ਜ਼ਿਆਦਾਤਰ ਗਰਮ  ਪੰਥੀ ਸਿੱਖ ਆਗੂ ਅਤੇ ਕਾਂਗਰਸੀ ਹੀ ਹਨ ,ਪਰ ਅਕਾਲੀ ਦਲ ਦੇ ਆਪਣੇ ਆਗੂਆਂ ਵੱਲੋਂ ਦਿਖਾਏ ਜਾ ਰਹੇ ਤੇਵਰਾਂ ਕਾਰਨ ਲੋਕਾਂ ਵਿੱਚ ਵੱਖਰਾ ਸੁਨੇਹਾ ਜਾ ਰਿਹਾ ਹੈ ।ਹਾਲਾਂਕਿ ਆਮ ਲੋਕਾਂ ਵਿੱਚ ਇਹ ਪ੍ਰਭਾਵ ਬਣ ਰਿਹਾ ਹੈ ਕਿ ਕਾਂਗਰਸੀ ਆਗੂ ਜੋ ਬੇਅਦਬੀ ਕਰਨ ਨੂੰ ਲੈ ਕੇ ਜ਼ਰੂਰਤ ਤੋਂ ਜ਼ਿਆਦਾ ਸ਼ੋਰ ਮਚਾ ਰਹੇ ਹਨ ,ਅਮਲੀ ਤੌਰ ਤੇ ਕਾਰਵਾਈ ਤੋਂ ਉਹ ਕਾਫੀ ਪਿੱਛੇ ਹਨ ।ਸੂਤਰ ਦੱਸਦੇ ਹਨ ਕਿ ਟਕਸਾਲੀ ਅਕਾਲੀ ਆਗੂਆਂ ਸਮੇਤ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕਾਂ ਨਾਲ ਹਰ ਢੰਗ ਨਾਲ ਰਾਬਤਾ ਕਾਇਮ ਕਰਨ ਵਿੱਚ ਲੱਗੇ ਹੋਏ ਹਨ ।ਪੰਚਾਇਤੀ ਚੋਣਾਂ ਲਈ ਉਮੀਦਵਾਰ ਲੱਭਣ ਦਾ ਕੰਮ ਸਬੰਧਤ ਹਲਕੇ ਦੇ ਅਕਾਲੀ ਆਗੂਆਂ ਸਿਰ ਲਾ ਦਿੱਤਾ ਗਿਆ ਹੈ ਕਿ  ਉਹ ਆਪਣੇ ਖਾਸ ਅਤੇ ਵਫਾਦਾਰ ਲੋਕਾਂ ਦੇ ਨਾਮ ਉਮੀਦਵਾਰੀ ਲਈ ਪਾਰਟੀ ਨੂੰ ਭੇਜਣ ।ਇਸ ਦਾ ਕਾਰਨ ਪਾਰਟੀ ਵਿਰੁੱਧ ਬਣਿਆ ਮਾਹੌਲ ਦੱਸਿਆ ਜਾ ਰਿਹਾ ਹੈ ।ਅਕਾਲੀ ਦਲ ਪੰਚਾਇਤੀ ਚੋਣਾਂ ਦੇ ਐਲਾਨ ਨੂੰ ਵੀ ਕਾਂਗਰਸ ਦੀ ਰਣਨੀਤੀ ਦਾ ਇਕ ਹਿੱਸਾ ਮੰਨ ਰਿਹਾ ਹੈ । ਅਕਾਲੀ ਦਲ ਦੇ ਆਗੂਆਂ ਅਨੁਸਾਰ ਬੇਅਦਬੀ ਕਾਂਡ ਦੀ ਰਿਪੋਰਟ ਸਦਨ ਵਿੱਚ ਪੇਸ਼ ਕਰਨ ਤੋਂ ਅਗਲੇ ਹੀ ਦਿਨ ਪੰਚਾਇਤੀ ਚੋਣਾਂ ਦਾ ਐਲਾਨ ਇਸੇ ਰਣਨੀਤੀ ਦਾ ਹਿੱਸਾ ਹੈ ।