• Home
  • ਐਸ ਐਸ ਪੀ ਮੁਕਤਸਰ ਨੂੰ ਗ੍ਰਿਫਤਾਰ ਕੀਤਾ ਜਾਵੇ : ਅਕਾਲੀ ਦਲ

ਐਸ ਐਸ ਪੀ ਮੁਕਤਸਰ ਨੂੰ ਗ੍ਰਿਫਤਾਰ ਕੀਤਾ ਜਾਵੇ : ਅਕਾਲੀ ਦਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ 'ਚ ਬੀਤੇ ਕਲ ਹੋਈਆਂ ਚੋਣਾਂ 'ਚ ਹੋਈ ਹਿੰਸਾ ਤੇ ਝੜਪਾਂ ਤੋਂ ਬਾਅਦ ਕਾਰਵਾਈ ਕਰਦਿਆਂ ਪੁਲਿਸ ਨੇ ਕਈ ਲੋਕਾਂ ਨੂੰ ਨਾਮਜ਼ਦ ਕਰ ਲਿਆ। ਇਸੇ ਲੜੀ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁਧ ਵੀ ਲੰਬੀ ਥਾਣੇ ਵਿਚ ਮਾਮਲਾ ਦਰਜ ਹੋਇਆ। ਇਸ ਤੋਂ ਬਾਅਦ ਅਕਾਲੀ ਦਲ ਖੁਲ ਕੇ ਸੁਖਬੀਰ ਬਾਦਲ ਦੇ ਬਚਾਅ 'ਚ ਖੜਾ ਹੋ ਗਿਆ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ,  ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਤੇ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨਾਂ ਦੋਸ਼ ਲਾਇਆ ਕਿ ਬੀਤੇ ਕਲ ਹੋਈ ਹਿੰਸਾ ਤੇ ਗੁੰਡਾਗਰਦੀ ਸੱਤਾਧਾਰੀਆਂ ਦੇ ਇਸ਼ਾਰੇ 'ਤੇ ਹੋਈ ਤੇ ਅੱਜ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਹੈ, ਲੋਕ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ।
ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਸੁਖਬੀਰ ਵਿਰੁਧ ਮਾਮਲਾ ਦਰਜ ਕਰਵਾਉਣ ਵਾਲਾ ਵਿਅਕਤੀ ਕਾਂਗਰਸੀ ਉਮੀਦਵਾਰ ਦਾ ਭਰਾ ਤੇ ਉਸ ਦਾ ਕਵਰਿੰਗ ਉਮੀਦਵਾਰ ਹੈ। ਉਨਾਂ ਕਿਹਾ ਕਿ ਮੁਕਤਸਰ ਹਲਕੇ 'ਚ ਧੜਾਧੜ ਬੂਥਾਂ 'ਤੇ ਕਬਜ਼ੇ ਹੋ ਰਹੇ ਸਨ ਤੇ ਸਾਬਕਾ ਉਪ ਮੁੱਖ ਮੰਤਰੀ ਨੇ ਕਈ ਵਾਰ ਫ਼ੋਨ ਕਰ ਕੇ ਡੀਆਈਜੀ ਤੇ ਐਸਐਸਪੀ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਕੋਈ ਕਾਰਵਾਈ ਨਾ ਹੋਣ 'ਤੇ ਉਹ ਪੋਲਿੰਗ ਦਾ ਜਾਇਜ਼ਾ ਲੈਣ ਗਏ। ਆਗੂਆਂ ਨੇ ਕਿਹਾ ਕਿ ਪੁਲਿਸ ਵੀ ਗੁੰਡਿਆਂ ਦੇ ਨਾਲ ਰਲੀ ਹੋਈ ਸੀ ਤੇ ਐਸਐਸਪੀ ਦੇ ਮਾਮਲਾ ਧਿਆਨ 'ਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਾ ਹੋਇਆ ਇਸ ਲਈ ਮੁਕਤਸਰ ਸਾਹਿਬ ਦੇ ਐਸਐਸਪੀ ਵਿਰੁਧ ਐਫਆਈਆਰ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾਵੇ।
ਇਸ ਸਮੇਂ ਆਗੂਆਂ ਨੂੰ ਕਿਹਾ ਕਿ ਵੀਡੀਉ ਵਿਚ ਸੁਖਬੀਰ ਕਿਤੇ ਵੀ ਵਰਕਰਾਂ ਨੂੰ ਉਕਸਾਉਂਦੇ ਨਜ਼ਰ ਨਹੀਂ ਆ ਰਹੇ ਪਰ ਕਾਂਗਰਸ ਸਰਕਾਰ ਨੇ ਬੌਖਲਾਹਟ 'ਚ ਹੀ ਉਨਾਂ ਵਿਰੁਧ ਮਾਮਲਾ ਦਰਜ ਕਰਵਾ ਦਿੱਤਾ।