• Home
  • ਬਹਿਬਲ ਕਲਾਂ ਗੋਲੀ ਕਾਂਡ – : ਫੂਲਕਾ ਨੇ ਉਠਾਏ ਸਰਕਾਰ ਦੀ ਮਨਸ਼ਾ ‘ਤੇ ਸਵਾਲ

ਬਹਿਬਲ ਕਲਾਂ ਗੋਲੀ ਕਾਂਡ – : ਫੂਲਕਾ ਨੇ ਉਠਾਏ ਸਰਕਾਰ ਦੀ ਮਨਸ਼ਾ ‘ਤੇ ਸਵਾਲ

ਬਹਿਬਲ ਕਲਾਂ ਮਾਮਲਾ : ਫੂਲਕਾ ਨੇ ਉਠਾਏ ਸਰਕਾਰ ਦੀ ਮਨਸ਼ਾ 'ਤੇ ਸਵਾ
ਚੰਡੀਗੜ, (ਖ਼ਬਰ ਵਾਲੇ ਬਿਊਰੋ): ਆਪ ਆਗੂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਇਥੇ ਕੀਤੀ ਪ੍ਰੈੱਸ ਕਾਨਫਰੰਸ 'ਚ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਮਨਸ਼ਾ 'ਤੇ ਹੀ ਸਵਾਲ ਖੜੇ ਕਰ ਦਿਤੇ ਹਨ। ਫੂਲਕਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਿਲਕੁੱਲ ਠੀਕ ਹੈ ਪਰ ਸਰਕਾਰ ਦੀ ਇਸ ਪ੍ਰਤੀ ਬਦਨੀਤੀ ਸਪੱਸ਼ਟ ਨਜ਼ਰ ਆ ਰਹੀ ਹੈ ਕਿਉਂਕਿ ਉਹ ਆਪਣਾ ਮਾਣਯੋਗ ਹਾਈਕੋਰਟ ਵਿਚ ਸਹੀ ਢੰਗ ਨਾਲ ਪੱਖ ਰੱਖਣ ਦੀ ਥਾ 'ਤੇ ਕੰਨੀ ਕਤਰਾ ਰਹੀ ਹੈ। ਉਨਾਂ ਦਸਿਆ ਕਿ ਬੀਤੇ ਕਲ ਹਾਈਕੋਰਟ ਦੇ ਜਸਟਿਸ ਸਰਕਾਰੀ ਪੱਖ ਦਾ ਇੰਤਜ਼ਾਰ ਕਰਦੇ ਰਹੇ, ਪਰ ਸਰਕਾਰੀ ਪੱਖ ਵਲੋਂ ਕੋਈ ਵੀ ਕਾਨੂੰਨੀ ਚਾਰਾਜੋਈ ਕਰਨ ਲਈ ਵਕੀਲ ਭੁਗਤਿਆ ਹੀ ਨਹੀਂ। ਫੂਲਕਾ ਨੇ ਕਿਹਾ ਕਿ ਪੰਜਾਬ ਦੀ ਲੀਗਲ ਟੀਮ 'ਤੇ ਕੋਈ ਭਰੋਸਾ ਨਹੀਂ ਹੈ ਇਸ ਲਈ ਸੁਪਰੀਮ ਕੋਰਟ ਤੋਂ ਕੋਈ ਚੰਗਾ ਵਕੀਲ ਮੰਗਵਾ ਕੇ ਇਸ ਕੇਸ ਦੀ ਪੈਰਵਾਈ ਕੀਤੀ ਜਾਵੇ।

ਫੂਲਕਾ ਨੇ ਬੀਤੇ ਕੱਲ ਹਾਈਕੋਰਟ ਵਲੋਂ ਬਹਿਬਲ ਕਲਾਂ ਗੋਲੀਕਾਂਡ 'ਚ ਦੋਸ਼ੀ ਬਣਾਏ ਗਏ ਪੁਲਿਸ ਅਧਿਕਾਰੀਆਂ ਦੇ ਹੱਕ 'ਚ ਆਏ ਫੈਸਲੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਤੋਂ ਸਰਕਾਰ ਦੀ ਬਦਨੀਤੀ ਸਪੱਸ਼ਟ ਹੁੰਦੀ ਹੈ ਕਿ ਹਾਈਕੋਰਟ 'ਚ ਸੁਣਵਾਈ ਦੌਰਾਨ ਖ਼ੁਦ ਐਡਵੋਕੇਟ ਜਨਰਲ ਕਿਉਂ ਪੇਸ਼ ਨਾ ਹੋਏ ਜਾਂ ਸਰਕਾਰ ਨੇ ਇਸ ਕੇਸ ਲਈ ਕੋਈ ਸੁਲਝਿਆ ਵਕੀਲ ਨਹੀਂ ਖੜਾ ਕੀਤਾ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ 'ਤੇ ਲੱਗੀ ਹੋਈ ਹੈ ਤੇ ਉਹ ਜਾਣਬੁੱਝ ਕੇ ਮਾਮਲੇ ਨੂੰ ਲਮਕਾ ਰਹੀ ਹੈ।
ਵਿਧਾਇਕ ਫੂਲਕਾ ਨੇ ਪੰਜਾਬ ਦੇ ਪੰਜ ਮੰਤਰੀਆਂ 'ਤੇ ਸਵਾਲ ਕਰਦਿਆਂ ਕਿਹਾ ਕਿ ਉਨਾਂ ਨੂੰ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸਾਂ ਕਰਨ ਦੀ ਬਜਾਏ ਐਡਵੋਕੇਟ ਜਨਰਲ ਨੂੰ ਕੇਸ ਦੀ ਪੈਰਵਾਈ ਕਰਨ ਤੇ ਸੁਪਰੀਮ ਕੋਰਟ ਦਾ ਕਾਬਲ ਵਕੀਲ ਇਸ ਕੇਸ ਲਈ ਖੜਾ ਕਰਨ ਲਈ ਦਬਾਅ ਬਣਾਉਣ। ਉਨਾਂ ਅਖ਼ੀਰ 'ਚ ਕੈਪਟਨ ਦੀ ਕਮਿਸ਼ਨ ਆਫ਼ਟਰ ਕਮਿਸ਼ਨ ਦੀ ਖੇਡ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਸਰਕਾਰ ਅਕਾਲੀਆਂ ਨਾਲ ਰਲੀ ਹੋਈ ਹੈ।