• Home
  • ਨੀਂਹ ਪੱਥਰ ‘ਤੇ ਰਾਜਨੀਤੀ ਕਰਨ ਵਾਲੇ ਲੋਕਾਂ ਦਾ ਕਰਤਾਰਪੁਰ ਲਾਂਘਾ ਖੁਲਵਾਉਣ ‘ਚ ਕੋਈ ਯੋਗਦਾਨ ਨਹੀਂ : ਸੇਖਵਾਂ

ਨੀਂਹ ਪੱਥਰ ‘ਤੇ ਰਾਜਨੀਤੀ ਕਰਨ ਵਾਲੇ ਲੋਕਾਂ ਦਾ ਕਰਤਾਰਪੁਰ ਲਾਂਘਾ ਖੁਲਵਾਉਣ ‘ਚ ਕੋਈ ਯੋਗਦਾਨ ਨਹੀਂ : ਸੇਖਵਾਂ

ਚੰਡੀਗੜ : ਅਕਾਲੀ ਦਲ ਤੋਂ ਬਾਗ਼ੀ ਹੋ ਕੇ 'ਅਕਾਲੀ ਦਲ ਬਚਾਉ' ਮੁਹਿੰਮ ਨੂੰ ਚਲਾਉਣ ਵਾਲੇ ਮਾਝੇ ਦੇ ਜਰਨੈਲ ਤੇ ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਰੱਖਣ ਵੇਲੇ ਹੋਈ ਰਾਜਨੀਤੀ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਨੀਂਹ ਪੱਥਰ ਸਬੰਧੀ ਰਾਜਨੀਤੀ ਕਰਨ ਵਾਲੇ ਲੋਕਾਂ ਦਾ ਕਰਤਾਰਪੁਰ ਲਾਂਘਾ ਖੁਲਵਾਉਣ 'ਚ ਕੋਈ ਯੋਗਦਾਨ ਨਹੀਂ ਹੈ। ਉਨਾਂ ਕਿਹਾ ਕਿ ਬਾਦਲਕੇ ਹਰੇਕ ਚੀਜ਼ ਦਾ ਸਿਆਸੀ ਲਾਹਾ ਲੈਣ ਲਈ ਅੱਗੇ ਆ ਖੜੇ ਹੁੰਦੇ ਹਨ। ਉਨਾਂ ਕਿਹਾ ਕਿ ਇਸ ਨੀਂਹ ਪੱਥਰ 'ਤੇ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਹੋਣਾ ਚਾਹੀਦਾ ਸੀ ਤੇ ਹੋਰ ਕਿਸੇ ਦਾ ਨਾਂ ਹੋਣ ਦਾ ਕੋਈ ਅਰਥ ਨਹੀਂ ਬਣਦਾ ਕਿਉਂਕਿ ਮੁੱਖ ਮੰਤਰੀ ਸਮੇਤ ਅਕਾਲੀ ਆਗੂਆਂ ਦਾ ਇਸ ਲਾਂਘੇ ਨੂੰ ਖੁਲਵਾਉਣ 'ਚ ਕੋਈ ਯੋਗਦਾਨ ਨਹੀਂ ਰਿਹਾ।

ਸੇਖਵਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਸਿਹਰਾ ਸਭ ਤੋਂ ਪਹਿਲਾਂ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਜਾਂਦਾ ਹੈ ਤੇ ਉਸ ਤੋਂ ਬਾਅਦ ਸਿੱਧੂ ਦਾ ਧੰਨਵਾਦ ਕਰਨਾ ਵੀ ਬਣਦਾ ਹੈ ਕਿਉਂਕਿ ਉਨਾਂ ਸਿਆਸੀ ਕਰੀਅਰ ਨੂੰ ਦਾਅ 'ਤੇ ਲਾ ਕੇ ਪਾਕਿ ਜਾ ਕੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਨ ਸ਼ੁਰੂ ਕੀਤੀ। ਉਨਾਂ ਕਿਹਾ ਕਿ ਸਿੱਖ ਤੇ ਨਾਨਕ ਨਾਮ ਲੇਵਾ ਸੰਗਤ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਇਮਰਾਨ ਖਾਨ ਦਾ ਵੀ ਧੰਨਵਾਦ ਵੀ ਕਰਨਾ ਚਾਹੀਦਾ ਹੈ
'ਖ਼ਬਰ ਵਾਲੇ ਡਾਟ ਕਾਮ' ਨਾਲ ਗੱਲਬਾਤ ਕਰਦਿਆਂ ਸੇਖਵਾਂ ਨੇ ਕਿਹਾ ਕਿ ਸਮਾਗਮ 'ਚ ਰਾਜਨੀਤੀ ਚਮਕਾਉਣ ਵਾਲਿਆਂ ਨੇ ਇਸ ਪਵਿੱਤਰ ਦਿਹਾੜੇ ਨੂੰ ਬਦਨਾਮ ਕਰ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਹਰਸਿਮਰਤ ਕੌਰ ਨੇ ਇਸ ਲਾਂਘੇ ਨੂੰ ਖੁਲਵਾਉਣ ਲਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ, ਜੋ ਕਿ ਨਿੰਦਣਯੋਗ ਹੈ। ਸੇਖਵਾਂ ਨੇ ਕਿਹਾ ਕਿ ਇਨਾਂ ਲੋਕਾਂ ਨੂੰ ਰਾਜਨੀਤੀ ਚਮਕਾਉਣ ਲਈ ਕੋਈ ਸਮਾਂ ਚੁਣਨਾ ਚਾਹੀਦਾ ਸੀ।
ਸੇਖਵਾਂ ਨੇ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੇ ਬਿਆਨਾਂ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਸਿਆਸੀ ਲੋਕਾਂ ਨੇ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।