• Home
  • ਪੰਜਾਬ ਵਾਰਤਾ ਸ਼ੋਅ :-ਕੈਪਟਨ ਨੇ ਕੀਤੀਆਂ ਦਿਲ ਦੀਆਂ ਗੱਲਾਂ -ਕਿਹਾ ਮੋਹਰੀ ਸੂਬਾ ਬਣ ਉੱਭਰੇਗਾ ਪੰਜਾਬ

ਪੰਜਾਬ ਵਾਰਤਾ ਸ਼ੋਅ :-ਕੈਪਟਨ ਨੇ ਕੀਤੀਆਂ ਦਿਲ ਦੀਆਂ ਗੱਲਾਂ -ਕਿਹਾ ਮੋਹਰੀ ਸੂਬਾ ਬਣ ਉੱਭਰੇਗਾ ਪੰਜਾਬ

ਚੰਡੀਗੜ, (ਖ਼ਬਰ ਵਾਲ਼ੇ ਬਿਊਰੋ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਰੋਸਾ ਜ਼ਾਹਰ ਕੀਤਾ ਕਿ ਪੰਜਾਬ ਮੁਲਕ ਦਾ ਮੋਹਰੀ ਸੂਬਾ ਬਣ ਕੇ ਉੱਭਰੇਗਾ ਅਤੇ ਉਨਾਂ ਦੀ ਸਰਕਾਰ ਦੇ ਉਪਰਾਲਿਆਂ ਸਦਕਾ ਸੂਬਾ ਹੁਣ ਵਿੱਤੀ ਘਾਟੇ ਤੋਂ ਵਾਧੂ ਮਾਲੀਆ ਵੱਲ ਵਧ ਰਿਹਾ ਹੈ।
ਇਕ ਟੀ.ਵੀ ਚੈਨਲ ਨਾਲ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ  ਸਿੰਘ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨਾਂ ਦੀਆਂ ਮਾੜੀਆਂ ਨੀਤੀਆਂ ਤੇ ਦੁਰਪ੍ਰਬੰਧਾਂ ਨੇ ਸੂਬੇ ਦੀ ਆਰਥਿਕਤਾ ਦਾ ਭੱਠਾ ਬਿਠਾ ਕੇ ਰੱਖ ਦਿੱਤਾ। ਉਨਾਂ ਕਿਹਾ ਕਿ ਅਕਾਲੀਆਂ ਦੀ ਦਿਲਚਸਪੀ ਸੂਬੇ ਦੀ ਤਰੱਕੀ ਨੂੰ ਯਕੀਨੀ ਬਣਾਉਣ ਦੀ ਥਾਂ ਆਪਣਾ ਫਾਇਦਾ ਕਰਨ ਵਿੱਚ ਰਹੀ ਹੈ। ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਉਦਯੋਗ ਸੈਕਟਰ ਨੂੰ ਵੱਡੀ ਢਾਹ ਲਾਉਣ ਲਈ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਸਨਅਤ ਨੂੰ ਵੱਡੇ ਪੱਧਰ ’ਤੇ ਉਤਸ਼ਾਹਤ ਕਰਨ ਲਈ ਲੀਹੋਂ ਹਟਵੀਆਂ ਪਹਿਲਕਦਮਿਆਂ ਕਰ ਰਹੀ ਹੈ ਜਿਸ ਤਹਿਤ ਨਵੀਂ ਸਨਅਤੀ ਨੀਤੀ ਲਿਆਂਦੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਕਦਮਾਂ ਸਦਕਾ ਹੀ ਥੋੜੇ ਜਿਹੇ ਸਮੇਂ ਵਿੱਚ ਹੀ 20 ਹਜ਼ਾਰ ਕਰੋੜ ਰੁਪਏ ਦੇ ਸਨਅਤੀ ਨਿਵੇਸ਼ ਲਈ ਰਾਹ ਖੁੱਲਿਆ ਹੈ।
ਆਰਥਿਕ ਤਰੱਕੀ ਲਈ ਰੀਅਲ ਅਸਟੇਟ ਸੈਕਟਰ ਨੂੰ ਧੁਰਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੌਰਾਨ ਇਸ ਸੈਕਟਰ ਨੂੰ ਬਹੁਤ ਵੱਡਾ ਹੁਲਾਰਾ ਮਿਲਿਆਹੈ ਅਤੇ ਸਿਰਫ ਮੋਹਾਲੀ ਵਿੱਚ ਹੀ 27 ਹਜ਼ਾਰ ਤੋਂ ਵੱਧ ਯੂਨਿਟਾਂ ਦੀ ਰਜਿਸਟਰੀ ਹੋਈ ਹੈ। ਉਨਾਂ ਨੇ ਬਾਕੀ ਸ਼ਹਿਰਾਂ ਵਿੱਚ ਵੀ ਇਸ ਰੁਝਾਨ ਨੂੰ ਹਾਂ-ਪੱਖੀ ਹੁੰਗਾਰਾ ਮਿਲਣ ਦੀ ਉਮੀਦ ਜ਼ਾਹਿਰ ਕੀਤੀ।
ਕਰਜ਼ਾ ਮੁਆਫੀ ਦੇ ਸਵਾਲ ’ਤੇ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਹਿਕਾਰੀ ਬੈਂਕਾਂ ਨਾਲ ਜੁੜੇ ਸੀਮਾਂਤ ਕਿਸਾਨਾਂ ਲਈ ਉਨਾਂ ਦੇ ਖਾਤਿਆਂ ਵਿੱਚ 1765 ਕਰੋੜ ਰੁਪਏ ਦੀ ਰਾਸ਼ੀ ਪਾ ਕੇ ਰਾਹਤ ਦੇ ਦਿੱਤੀ ਗਈ ਹੈ ਅਤੇ ਹੁਣ ਇਸ ਕਰਜ਼ਾ ਮੁਆਫੀ ਸਕੀਮ ਤਹਿਤ ਵਪਾਰਕ ਬੈਂਕਾਂ ਦੇ ਸੀਮਾਂਤ ਕਿਸਾਨਾਂ ਨੂੰ ਇਹ ਰਾਹਤ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਅਗਲੇ ਤਿੰਨ ਹਫਤਿਆਂ ਵਿੱਚ 350 ਕਰੋੜ ਰੁਪਏ ਦੀ ਰਾਹਤ ਹੋਰ ਦਿੱਤੀ ਜਾ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਕਰਜ਼ਾ ਮੁਆਫੀ ਦੀ ਸਮੁੱਚੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।
ਸੂਬੇ ਵਿੱਚੋਂ ਨਸ਼ਿਆਂ ਦੀ ਸੱਮਸਿਆ ਦੇ ਮੁਕੰਮਲ ਖਾਤਮੇ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਵੱਡੇ ਡਰੱਗ ਮਾਫੀਆ ਦਾ ਖਾਤਮਾ ਕੀਤਾ ਜਾ ਚੁੱਕਾ ਹੈ ਜਦਕਿ ਹੋਰ ਵੱਡੀਆਂ ਮੱਛੀਆਂ ਨੂੰ ਵੀ ਛੇਤੀ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਇਸ ਸਮੱਸਿਆ ਪ੍ਰਤੀ ਘੋਰ ਅਣਗਹਿਲੀ ਵਰਤਣ ਲਈ ਪਿਛਲੀ ਸਰਕਾਰ ਦੀ ਸਖਤ ਅਲੋਚਨਾ ਕੀਤੀ। ਉਨਾਂ ਕਿਹਾ ਕਿ ਸੂਬੇ ਕੋਲ ਲਗਭਗ 81000 ਪੁਲਿਸ ਮੁਲਾਜ਼ਮਾਂ ਦੀ ਮਜ਼ਬੂਤ ਫੋਰਸ ਹੈ ਜਿਨਾਂ ਨੂੰ ਨਸ਼ਿਆਂ, ਗੈਂਗਸਟਰਾਂ ਅਤੇ ਹੋਰ ਸਮਾਜ ਵਿਰੋਧੀ ਤੱਤਾਂ ਵਰਗੀਆਂ ਸੱਮਸਿਆਵਾਂ ਨਾਲ ਨਿਪਟਣ ਲਈ ਸਿਰਫ ਹੱਲਾਸ਼ੇਰੀ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਪਿਛੋਂ ਹੋਈਆਂ ਇਕ ਤੋਂ ਬਾਅਦ ਇਕ ਚੋਣਾਂ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾ ਕੇ ਉਨਾਂ ਦੀ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ਵਿੱਚ ਲੋਕਾਂ ਨੇ ਭਰੋਸਾ ਜ਼ਾਹਿਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਚੋਣ ਮਨੋਰਥ ਪੱਤਰ ਵਿੱਚ ਕੀਤੇ ਹਰੇਕ ਵਾਅਦੇ ਨੂੰ ਅਮਲੀ ਜਾਮਾ ਪਹਿਣਾਏਗੀ ਅਤੇ ਹੁਣ ਸੂਬੇ ਦੀ ਵਿੱਤੀ ਸਥਿਤੀ ਸਕਾਰਤਮਕ ਸੰਕੇਤ ਦੇਣ ਲੱਗੀ ਹੈ।
ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੇ ਮਾਮਲੇ ’ਤੇ ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਇਸ ਮਾਮਲੇ ਵਿੱਚ ਯਕੀਨਨ ਨਿਆਂ ਹੋਵੇਗਾ ਅਤੇ ਦੋਸ਼ੀਆਂ ਨੂੰ ਸਜ਼ਾ ਲਾਜ਼ਮੀ ਮਿਲੇਗੀ। ਉਨਾਂ ਕਿਹਾ ਕਿ ਇਹ ਜਾਂਚ ਟੀਮ ਇਕ ਆਜ਼ਾਦਾਨਾ ਏਜੰਸੀ ਹੈ ਜੋ ਵਿਸਥਾਰਤ ਜਾਂਚ ਕਰਨ ਤੋਂ ਬਾਅਦ ਢੁਕਵੇਂ ਸਮੇਂ ਵਿੱਚ ਆਪਣੀ ਰਿਪੋਰਟ ਦੇਵੇਗੀ।
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿੱਚ ਭਰੋਸਾ ਜ਼ਾਹਿਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਨੂੰ ਨੌਜਵਾਨਾਂ ਦਾ ਪ੍ਰਤੀਕ ਦੱਸਿਆ ਜੋ ਮੁਲਕ ਦੀ ਅਗਵਾਈ ਕਰਨ ਵਿੱਚ ਸਮੱਰਥ ਹੈ। ਮੁੱਖ ਮੰਤਰੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਸਾਲ 2019 ਦੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ ਕਿਉਂਕਿ ਭਾਜਪਾ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਲੋਕਾਂ ਵਿੱਚ ਸਖਤ ਰੋਸ ਹੈ।
ਮੁੱਖ ਮੰਤਰੀ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੋਂ ਇਲਾਵਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਨਵਤੇਜ ਸਿੰਘ ਚੀਮਾ ਅਤੇ ਰਾਜ ਕੁਮਾਰ ਚੱਬੇਵਾਲ ਹਾਜ਼ਰ ਸਨ।