• Home
  • ਪਾਠ-ਪੁਸਤਕਾਂ ਦੀ ਵੰਡ ਲਈ ਚੋਣ ਕਮਿਸ਼ਨ ਦੀ ਝੰਡੀ ਦੀ ਉਡੀਕ

ਪਾਠ-ਪੁਸਤਕਾਂ ਦੀ ਵੰਡ ਲਈ ਚੋਣ ਕਮਿਸ਼ਨ ਦੀ ਝੰਡੀ ਦੀ ਉਡੀਕ

ਐੱਸ.ਏ.ਐੱਸ ਨਗਰ, 3 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੱਸ (ਰਿਟਾ:) ਨੇ ਅੱਜ ਇੱਥੇ ਅਕਾਦਮਿਕ ਸਾਲ 2019-20 ਲਈ ਪਾਠ-ਪੁਸਤਕਾਂ ਦੀ ਛਪਾਈ ਤੇ ਸਪਲਾਈ ਦੀ ਸਮੀਖਿਆ ਕਰਨ ਉਪਰੰਤ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲਗਪਗ ਸਾਰੇ ਬਲਾਕਾਂ ਵਿੱਚ ਹੀ ਲੋੜੀਂਦੀਆਂ ਪਾਠ-ਪੁਸਤਕਾਂ ਪੁੱਜਦੀਆਂ ਕਰ ਦਿੱਤੀਆਂ ਗਈਆਂ ਹਨ ਜੋ ਕਿ ਵਿਦਿਆਰਥੀਆਂ ਦੇ ਦਾਖਲੇ ਲੈਣ ਅਤੇ ਚੋਣ ਕਮਿਸ਼ਨ ਤੋਂ ਪੁਸਤਕਾਂ ਦੀ ਵੰਡ ਕਰਨ ਦੀ ਇਜਾਜ਼ਤ ਮਿਲਣ ਮਗਰੋਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਆ ਜਾਣਗੀਆਂ| ਸ਼੍ਰੀ ਕਲੋਹੀਆ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾੜੇ ਆਰਥਿਕ ਹਾਲਾਤ ਦੇ ਬਾਵਜੂਦ ਵਧੀਆ ਪਾਠ-ਪੁਸਤਕਾਂ ਵੇਲੇ ਸਿਰ ਤਿਆਰ ਕਰਵਾ ਕੇ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਬਲਾਕ ਪੱਧਰੀ ਸਟੋਰਾਂ ਦੇ ਭਰੇ ਹੋਣ ਦਾ ਕਾਰਨ ਪਾਠ-ਪੁਸਤਕਾਂ ਦੀ ਅਗਲੇਰੀ ਸਪਲਾਈ ਦੇ ਕਾਰਜ ਦੀ ਚਾਲ ਮੱਠੀ ਹੋਣਾ ਹੈ ਜੋ ਕਿ ਕੁਦਰਤੀ ਹੀ ਹੈ|
ਪਾਠ ਪੁਸਤਕਾਂ ਦੇ ਸਮੁੱਚੇ ਕਾਰਜ ਦੀ ਸਮੀਖਿਆ ਉਪਰੰਤ ਮੀਡੀਆ ਨੂੰ ਜਾਰੀ ਜਾਣਕਾਰੀ ਵਿੱਚ ਸਿੱਖਿਆ ਬੋਰਡ ਦੇ ਮੁਖੀ ਨੇ ਕਿਹਾ ਕਿ ਅੰਮ੍ਰਿਤਸਰ, ਸੰਗਰੂਰ, ਲੁਧਿਆਣਾ, ਫ਼ਿਰੋਜ਼ਪੁਰ ਵਰਗੇ ਵੱਡੇ ਜ਼ਿਲ੍ਹਿਆਂ ਸਮੇਤ ਸਾਰੇ ਬਲਾਕਾਂ ਵਿੱਚ ਹੀ ਬਲਾਕ ਪੱਧਰ 'ਤੇ ਸਟੋਰਾਂ ਵਿੱਚ ਪਈਆਂ ਪਾਠ-ਪੁਸਤਕਾਂ ਦੀ ਗਿਣਤੀ 65 ਲੱਖ ਤੋਂ ਵੀ ਵਧ ਚੁੱਕੀ ਹੈ ਤੇ ਬੋਰਡ ਵੱਲੋਂ ਰੋਜ਼ ਲਗਪਗ 10 ਲੱਖ ਪਾਠ-ਪੁਸਤਕਾਂ ਬਲਾਕਾਂ ਵੱਲ ਭੇਜੀਆਂ ਜਾ ਰਹੀਆਂ ਹਨ| 
ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਾਠ-ਪੁਸਤਕਾਂ ਦੀ ਸਪਲਾਈ ਰਾਜ ਭਰ ਵਿੱਚ ਵਧਾਉਣ ਲਈ ਮਾਰਚ 2019 ਵਿੱਚ ਹੀ 5 ਡਿਪੂ ਹੋਰ ਅਰੰਭ ਕਰਕੇ ਅਤੇ ਆਰਜ਼ੀ ਡਿਪੂਆਂ ਦੀ ਸਥਾਪਨਾ ਕਰਕੇ ਰਾਜ ਦੇ 21 ਜ਼ਿਲ੍ਹਾ ਹੈਡਕੁਆਟਰਾਂ ਤੋਂ ਬਲਾਕਾਂ ਵਿੱਚ ਪਾਠ-ਪੁਸਤਕਾਂ ਸਪਲਾਈ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਜ਼ਿਲ੍ਹਾ ਬਰਨਾਲਾ ਦਾ ਕਾਰਜ ਸੰਗਰੂਰ ਡਿਪੂ ਵੱਲੋਂ ਹੀ ਮੁਕੰਮਲ ਕੀਤਾ ਜਾ ਰਿਹਾ ਹੈ| ਸਿੱਖਿਆ ਬੋਰਡ ਵਿੱਚ ਪਹਿਲੀ ਵਾਰ ਪ੍ਰੀਖਿਆ ਸੈੱਲ ਵਾਂਗੂ ਹੀ ਦਿਨ ਰਾਤ ਪਾਠ-ਪੁਸਤਕਾਂ ਦੇ ਛਪਾਈ ਤੇ ਸਪਲਾਈ ਕਾਰਜ ਤੇ ਨਜ਼ਰ ਰੱਖਣ ਲਈ ਉਚੇਚੇ ਸੈੱਲ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਪੱਧਰ ਤੇ ਆਉਣ ਵਾਲੀ ਔਕੜ ਨੂੰ ਤੁਰੰਤ ਹੱਲ ਕਰ ਕੇ ਵਿਦਿਆਰਥੀਆਂ ਤੱਕ ਪਾਠ-ਪੁਸਤਕਾਂ ਪੁੱਜਦੀਆਂ ਕਰਨ ਦਾ ਕਾਰਜ ਨਿਰਵਿਘਨ ਚਲਾਇਆ ਜਾ ਸਕੇ|