• Home
  • ਬੇਅਦਬੀ ਮਾਮਲਾ:- ਚਲਾਨ ਨੂੰ ਲੈ ਕੇ SIT ਦੀ ਟੀਮ ਚ ਕੁੰਵਰ ਵਿਜੇ ਪ੍ਰਤਾਪ ਦੀ ਭੂਮਿਕਾ ਨੂੰ ਲੈ ਕੇ ਖੜਕੀ ?

ਬੇਅਦਬੀ ਮਾਮਲਾ:- ਚਲਾਨ ਨੂੰ ਲੈ ਕੇ SIT ਦੀ ਟੀਮ ਚ ਕੁੰਵਰ ਵਿਜੇ ਪ੍ਰਤਾਪ ਦੀ ਭੂਮਿਕਾ ਨੂੰ ਲੈ ਕੇ ਖੜਕੀ ?

ਚੰਡੀਗੜ੍ਹ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਾ, ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸ ਆਈ ਟੀ ਦੇ ਮੈਂਬਰਾਂ ਚ ਸਭ ਕੁਝ ਅੱਛਾ ਨਹੀਂ ਹੈ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਐਸਆਈਟੀ ਦੇ ਮੁਖੀ ਸਮੇਤ ਹੋਰ ਮੈਂਬਰਾਂ ਨੇ ਚਰਚਿਤ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਪੰਜਾਬ ਦੇ ਡੀਜੀਪੀ ਦੇ ਧਿਆਨ ਚ ਲਿਆਂਦਾ ਹੈ ਕਿ ਉਸ ਵੱਲੋਂ ਬਰਗਾੜੀ ,ਬਹਿਬਲ ਕਲਾਂ ਮਾਮਲੇ ਬਾਰੇ ਜਿਹੜਾ ਅਦਾਲਤ ਚ ਚਲਾਨ ਪੇਸ਼ ਕੀਤਾ ਹੈ ,ਉਸ ਦੀ ਉਨ੍ਹਾਂ ਕੋਲੋ ਕੋਈ ਵੀ ਸਲਾਹ ਨਹੀਂ ਲਈ ਗਈ ਅਤੇ ਨਾ ਹੀ ਸਾਨੂੰ ਵਿਖਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਐੱਸਆਈਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਚਲਾਨ ਵਿੱਚ ਬਹੁਤ ਸਾਰੀਆਂ ਊਣਤਾਈਆਂ ਹਨ । ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਦਾਲਤ ਇਸ ਸਬੰਧੀ ਕੋਈ ਐੱਸਆਈਟੀ ਦੀ ਜਵਾਬ ਤਲਬੀ ਕਰਦੀ ਹੈ ਤਾਂ ਐੱਸਆਈਟੀ ਦੀ ਹੀ ਬਦਨਾਮੀ ਹੋਵੇਗੀ।
ਦੂਜੇ ਪਾਸੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਐੱਸਆਈਟੀ ਦੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪੇਸ਼ ਕੀਤੇ ਗਏ ਚਲਾਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਅਧਿਕਾਰੀ ਕੈਪਟਨ ਸਰਕਾਰ ਦੀ ਕੱਠਪੁਤਲੀ ਬਣ ਕੇ ਸਿਰਫ ਨਿੱਜੀ ਰੰਜਿਸ਼ਬਾਜ਼ੀ ਤੇ ਹੀ ਤੁਰਿਆ ਹੋਇਆ ਹੈ,ਉਨ੍ਹਾਂ ਕਿਹਾ ਕਿ ਪੇਸ਼ ਕੀਤੇ ਗਏ ਚਲਾਨ ਤੋ ਸਪੱਸ਼ਟ ਹੈ ਕਿ ਚੋਣ ਕਮਿਸ਼ਨ ਵੱਲੋਂ ਉਸ ਦੇ ਸਿਟ ਮੈਂਬਰ ਤੋਂ ਤਬਾਦਲੇ ਤੋਂ ਬਾਅਦ ਵੀ ਉਹ ਐੱਸਆਈਟੀ ਦੇ ਬਤੌਰ ਮੈਂਬਰ ਵਜੋਂ ਕੰਮ ਕਰਦਾ ਰਿਹਾ ਹੈ , ਕਿਉਂਕਿ ਪੇਸ਼ ਕੀਤੇ ਗਏ ਚਲਾਨ ਚ ਉਸ ਦੇ ਦਸਖ਼ਤ ਸਬੂਤ ਹਨ ਜੋ ਕਿ 23 ਮਈ ਨੂੰ ਕੀਤੇ ਹੋਏ ਹਨ । ਜਦ ਕਿ ਮੁੱਖ ਮੰਤਰੀ ਦੁਬਾਰਾ ਐੱਸਆਈਟੀ ਦੇ ਅਹੁਦੇ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਚੋਣ ਜ਼ਾਬਤਾ ਹਟਣ ਤੋਂ ਬਾਅਦ 27 ਮਈ ਨੂੰ ਲਗਾਉਣ ਦੇ ਆਦੇਸ਼ ਦਿੰਦੇ ਹਨ ।
ਦੱਸਣਯੋਗ ਹੈ ਕਿ ਐੱਸਆਈਟੀ ਦੇ ਮੁਖੀ ADGPਰੈਂਕ ਦੇ ਅਧਿਕਾਰੀ ਪ੍ਰਬੋਧ ਕੁਮਾਰ ਹਨ ਅਤੇ ਉਨ੍ਹਾਂ ਦੇ ਨਾਲ ਅਰੁਣ ਪਾਲ ਸਿੰਘ' ,ਕੁੰਵਰ ਵਿਜੇ ਪ੍ਰਤਾਪ ਸਿੰਘ, ਸਤਿੰਦਰ ਸਿੰਘ ਅਤੇ ਐੱਸਪੀ ਪੱਧਰ ਦੇ ਅਧਿਕਾਰੀ ਭੁਪਿੰਦਰ ਸਿੰਘ ਹਨ ।
ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਤਿੰਨ ਦਿਨ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਵੱਲੋਂ ਬੇਅਦਬੀ ਮਾਮਲਾ ,ਬਹਿਬਲ ਕਲਾਂ ਗੋਲੀ ਕਾਂਡ ਬਾਰੇ ਅਦਾਲਤ ਚ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਚ ਅਕਾਲੀ ਦਲ ਦੇ ਪ੍ਰਧਾਨ ਅਤੇ ਪਿਛਲੀ ਸਰਕਾਰ ਮੌਕੇ ਰਹੇ ਉੱਪ ਮੁੱਖਮੰਤਰੀ /ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ , ਡੀਜੀਪੀ ਸਮੇਧ ਸੈਣੀ ਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਬੇਅਦਬੀ ਮਾਮਲਿਆਂ ਚ ਸ਼ਮੂਲੀਅਤ ਦੱਸੀ ਸੀ ।
ਜਿਸ ਤੋਂ ਬਾਅਦ ਰਾਜਸੀ ਹਲਕਿਆਂ ਚ ਬਵਾਲ ਆਇਆ ਹੋਇਆ ਹੈ ਅਤੇ ਅਕਾਲੀ ਦਲ ਬਾਦਲ ਦੇ ਵਿਰੋਧੀ ਧਿਰਾਂ ਸੁਖਬੀਰ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਮੰਗ ਕਰ ਰਹੀਆਂ ਹਨ ।