• Home
  • ਖਹਿਰਾ ਦੀ ਟਿਕਟ ਵਾਪਸ ਕਰਕੇ ਆਪਣੇ ਪਤੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇਣ ਬੀਬੀ ਖਾਲੜਾ-ਆਪ

ਖਹਿਰਾ ਦੀ ਟਿਕਟ ਵਾਪਸ ਕਰਕੇ ਆਪਣੇ ਪਤੀ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦੇਣ ਬੀਬੀ ਖਾਲੜਾ-ਆਪ

ਚੰਡੀਗੜ੍ਹ/ਤਰਨਤਾਰਨ 20 ਅਪ੍ਰੈਲ:ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ ਨੇ ਸੁਖਪਾਲ ਸਿੰਘ ਖਹਿਰਾ ਉੱਤੇ ਗੰਭੀਰ ਦੋਸ਼ ਲਗਾਏ ਹਨ ਕਿ ਆਪਣੇ ਨਿੱਜੀ ਸਿਆਸੀ ਲਾਹੇ ਲਈ ਖਹਿਰਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨਾਲ ਕੋਝਾ ਮਜ਼ਾਕ ਕਰ ਰਹੇ ਹਨ।
ਤਰਨਤਾਰਨ ਵਿੱਚ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦੇ ਚੋਣ ਪ੍ਰਚਾਰ ਲਈ ਪਹੁੰਚੇ ਅਮਨ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਨ ਅਰੋੜਾ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਪੀਲ ਕੀਤੀ ਕਿ ਬੀਬੀ ਖਾਲੜਾ ਵੱਲੋਂ ਆਪਣੀ ਪਤੀ ਜਸਵੰਤ ਸਿੰਘ ਖਾਲੜਾ ਲਈ ਇਹ ਸੱਚੀ ਸ਼ਰਧਾਂਜਲੀ ਹੋਵੇਗੀ, ਜੇਕਰ ਉਹ ਖਹਿਰਾ ਦੀ ਪਾਰਟੀ ਦੀ ਟਿਕਟ ਵਾਪਸ ਕਰ ਦਿੰਦੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਅੱਜ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਬਲੀਦਾਨ ਦਾ ਸਿਆਸੀ ਮੁੱਲ ਵੱਟਣ ਦੀ ਤਾਕ ਵਿੱਚ ਹਨ, ਜਦਕਿ ਖਹਿਰਾ 1997 ਵਿੱਚ ਉਸੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ। ਜਿਸ ਦੇ ਰਾਜ ਵਿੱਚ ਮਨੁੱਖੀ ਅਧਿਕਾਰਾਂ ਦੀ ਦਲੇਰਾਨਾ ਲੜਾਈ ਲੜ ਰਹੇ। ਸਰਦਾਰ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਚੁੱਕ ਕੇ ਖ਼ਤਮ ਕਰ ਦਿੱਤਾ ਸੀ। ਖਾਲੜਾ ਦੇ ਬਲੀਦਾਨ ਤੋਂ ਤੁਰੰਤ ਬਾਅਦ ਕਾਂਗਰਸੀ ਬਣੇ ਖਹਿਰਾ ਦੀ ਅੱਜ 22 ਸਾਲ ਬਾਅਦ 'ਜ਼ਮੀਰ' ਕਿਵੇਂ ਜਾਗ ਪਈ? ਅਮਨ ਅਰੋੜਾ ਨੇ ਦੋ ਟੁੱਕ ਕਿਹਾ ਕਿ ਖਹਿਰਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦਾ ਮੁੱਲ ਵੱਟਣਾ ਚਾਹੁੰਦਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਬੀਬੀ ਪਰਮਜੀਤ ਕੌਰ ਖਾਲੜਾ ਦਾ ਬਹੁਤ ਸਤਿਕਾਰ ਕਰਦੇ ਹਨ ਕਿਉਂਕਿ ਮਨੁੱਖੀ ਅਧਿਕਾਰਾਂ ਲਈ ਜਸਵੰਤ ਸਿੰਘ ਖਾਲੜਾ ਵੱਲੋਂ ਲੜੀ ਲੜਾਈ ਨੇ ਇਤਿਹਾਸ ਦੇ ਪੰਨਿਆਂ ਵਿੱਚ ਉਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਇਹੋ ਕਾਰਨ ਹੈ ਕਿ ਕੁੱਝ ਮੌਕਾਪ੍ਰਸਤ ਲੋਕ ਆਪਣੇ ਲਾਹੇ ਲਈ ਖਾਲੜਾ ਪਰਿਵਾਰ ਦੇ ਨਾਮ ਦਾ ਦੁਰਵਰਤੋਂ ਕਰਨਾ ਚਾਹੁੰਦੇ ਹੈ
ਅਮਨ ਅਰੋੜਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਸਪੱਸ਼ਟ ਕੀਤਾ ਕਿ 'ਆਪ' ਵੱਲੋਂ ਉਮੀਦਵਾਰ ਵਾਪਸ ਲੈਣ ਵਾਲੀ ਕੋਈ ਗੱਲ ਨਹੀਂ, ਉਨ੍ਹਾਂ ਕਿਹਾ ਕਿ ਕੁੱਝ ਵਿਰੋਧੀ ਤਾਕਤਾਂ ਪਾਰਟੀ ਅਤੇ ਉਮੀਦਵਾਰ ਦਾ ਨੁਕਸਾਨ ਕਰਨ ਲਈ ਅਜਿਹੀਆਂ ਅਫ਼ਵਾਹਾਂ ਨੂੰ ਤੂਲ ਦੇ ਰਹੇ ਹਨ।
ਅਮਨ ਅਰੋੜਾ ਨੇ ਬੀਬੀ ਖਾਲੜਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਇਨਸਾਫ਼ ਦੀ ਲੜਾਈ ਲੜਦਿਆਂ ਸਰਦਾਰ ਖਾਲੜਾ ਨੇ ਆਪਣਾ ਬਲੀਦਾਨ ਦਿੱਤਾ। ਉਸ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਨਸਾਫ਼ ਪਸੰਦ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਮੁਕਤ ਨਿਜ਼ਾਮ ਦੀ ਸਿਰਜਣਾ ਕਰਨਾ ਆਮ ਆਦਮੀ ਪਾਰਟੀ ਦਾ ਨਿਸ਼ਾਨਾ ਹੈ। ਇਸ ਲਈ ਬੀਬੀ ਖਾਲੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ।
ਚੋਣ ਮੁੱਦਿਆਂ ਬਾਰੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਦੋ ਸਾਲਾਂ ਵਿੱਚ 1200 ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਆਤਮ ਹੱਤਿਆਵਾਂ ਕਰ ਚੁੱਕੇ ਹਨ। 2 ਸਿਆਸੀ ਪਰਿਵਾਰਾਂ ਨੂੰ ਛੱਡ ਕੇ ਕਿਸੇ ਘਰ ਵਿੱਚ ਨੌਕਰੀ ਨਹੀਂ ਦਿੱਤੀ। ਨਸ਼ਿਆਂ ਦਾ ਪ੍ਰਕੋਪ ਪਹਿਲਾਂ ਵਾਂਗ ਹੀ ਜਾਰੀ ਹੈ। ਵਪਾਰੀ ਉਦਯੋਗਪਤੀ ਬੇਹਾਲ ਹਨ ਅਤੇ ਸੂਬੇ ਸਿਰ ਢਾਈ ਲੱਖ ਕਰੋੜ ਰੁਪਏ ਦਾ ਕਰਜ਼ ਚੜ੍ਹਾ ਦਿੱਤਾ ਹੈ ਅਤੇ ਕੋਈ ਵਾਅਦਾ ਵਫ਼ਾ ਨਹੀਂ ਕੀਤਾ।

ਅਮਨ ਅਰੋੜਾ ਨੇ ਕਿਹਾ ਕਿ ਜੁਮਲੇਬਾਜ਼ੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਲਈ ਅਸੀ ਇੱਕ ਪਾਸੇ ਕੈਪਟਨ ਅਤੇ ਨਰਿੰਦਰ ਮੋਦੀ ਦੀ ਜੁਮਲੇਬਾਜ਼ੀ ਦੂਜੇ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਚਾਰ ਸਾਲਾਂ ਦੇ ਕੰਮ ਅਤੇ ਭਗਵੰਤ ਮਾਨ ਵੱਲੋਂ ਸੰਸਦ ਵਿੱਚ ਦਲੇਰੀ ਨਾਲ ਉਠਾਏ ਮਸਲਿਆਂ ਦਾ ਪ੍ਰਚਾਰ ਘਰ ਘਰ ਕਰਾਂਗੇ।
ਇਸ ਮੌਕੇ ਉਨ੍ਹਾਂ ਨਾਲ ਮਨਜਿੰਦਰ ਸਿੰਘ ਸਿੱਧੂ, ਚੰਦ ਸਿੰਘ ਗਿੱਲ, ਪਲਵਿੰਦਰ ਸਿੰਘ ਖ਼ਾਲਸਾ ਮੌਜੂਦ ਸਨ।