• Home
  • ਹਾੜੀ ਸੀਜ਼ਨ 2019 ਨੇ ਰਚਿਆ ਇਤਿਹਾਸ-ਸੂਬੇ ਵਿੱਚ ਕਣਕ ਦੀ ਆਮਦ ਤੇ ਖ਼ਰੀਦ ਪਿਛਲੇ ਦੋ ਦਹਾਕਿਆਂ ਤੋਂ ਵੱਧ

ਹਾੜੀ ਸੀਜ਼ਨ 2019 ਨੇ ਰਚਿਆ ਇਤਿਹਾਸ-ਸੂਬੇ ਵਿੱਚ ਕਣਕ ਦੀ ਆਮਦ ਤੇ ਖ਼ਰੀਦ ਪਿਛਲੇ ਦੋ ਦਹਾਕਿਆਂ ਤੋਂ ਵੱਧ

ਚੰਡੀਗੜ੍ਹ,

ਸੂਬੇ ਵਿੱਚ 1 ਅਪ੍ਰੈਲ, 2019 ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਪ੍ਰਕਿਰਿਆ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਭਰਪੂਰ ਆਮਦ ਹੋਈ ਹੈ। ਪੰਜਾਬ ਵਿੱਚ ਮੌਜੂਦਾ ਸੀਜ਼ਨ ਦੌਰਾਨ ਹੋਈ ਕਣਕ ਦੀ ਕੁੱਲ ਆਮਦ/ਖ਼ਰੀਦ ਪਿਛਲੇ 20 ਸਾਲਾਂ 'ਚ ਹੋਈ ਕਣਕ ਦੀ ਆਮਦ/ਖ਼ਰੀਦ ਤੋਂ ਵਧੇਰੇ ਹੈ। ਕਣਕ ਦੀ ਸਰਕਾਰੀ ਖ਼ਰੀਦ 25 ਮਈ, 2019 ਤੱਕ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦਿੱਤੀ।

       ਸੂਬੇ ਖਰੀਦੀ ਹੋਈ ਕੁੱਲ 129.93  ਲੱਖ ਮੀਟ੍ਰਿਕ ਟਨ ਕਣਕ ਵਿੱਚੋਂ  128.38 ਲੱਖ ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 1.55 ਲੱਖ ਮੀਟ੍ਰਿਕ ਟਨ ਕਣਕ ਨਿੱਜੀ ਮਿੱਲ ਮਾਲਕਾਂ ਵੱਲੋਂ ਖ਼ਰੀਦੀ ਜਾ ਚੁੱਕੀ ਹੈ।

       ਸੂਬੇ ਦੀਆਂ ਖ਼ਰੀਦ ਏਜੰਸੀਆਂ ਵੱਲੋਂ 23 ਮਈ, 2019 ਤੱਕ 20013.81 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਡੀਆਂ ਵਿੱਚੋਂ ਖ਼ਰੀਦੀ ਕਣਕ ਦੀ ਚੁਕਾਈ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀ ਕੁੱਲ ਕਣਕ ਵਿੱਚੋਂ 97 ਫੀਸਦ ਕਣਕ ਦੀ ਚੁਕਾਈ ਮੁਕੰਮਲ ਹੋ ਚੁੱਕੀ ਹੈ। ਸੂਬੇ ਦੇ ਖ਼ੁਰਾਕ ਵਿਭਾਗ ਵੱਲੋਂ ਕੁੱਲ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਨਾਲ ਪੰਜਾਬ ਦੇ 8.23 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ।