• Home
  • ਖਹਿਰਾ ਤੇ ਸੰਧੂ ਵਿਧਾਨ ਸਭਾ ਚ ਸਵਾਲ ਨਹੀਂ ਪੁੱਛ ਸਕਣਗੇ -ਸਕੱਤਰੇਤ ਹੋਈ ਸਖਤ

ਖਹਿਰਾ ਤੇ ਸੰਧੂ ਵਿਧਾਨ ਸਭਾ ਚ ਸਵਾਲ ਨਹੀਂ ਪੁੱਛ ਸਕਣਗੇ -ਸਕੱਤਰੇਤ ਹੋਈ ਸਖਤ

ਚੰਡੀਗੜ੍ਹ ,(ਖ਼ਬਰ ਵਾਲੇ ਬਿਊਰੋ)- ਵਿਧਾਨ ਸਭਾ ਦੇ ਸੈਸ਼ਨ ਚ ਅੱਜ ਪਹਿਲੇ ਦਿਨ ਆਮ ਆਦਮੀ ਪਾਰਟੀ ਵਾਲੇ ਪਾਸੇ ਕੁਰਸੀਆਂ ਦੀ ਲੜਾਈ ਤੇ ਵਿਧਾਨ ਸਭਾ ਦੇ ਸਕੱਤਰਰੇਤ ਨੇ ਵੀ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਵਿਰੁੱਧ ਸਖ਼ਤ ਰੁੱਖ ਅਪਣਾ ਲਿਆ ਹੈ ।

ਵਿਧਾਨ ਸਭਾ ਦੇ ਸਕੱਤਰੇਤ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਸੋਮਵਾਰ ਤੋਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਸਿਫ਼ਾਰਸ਼ ਤੇ ਅਲਾਟ ਕੀਤੀ ਗਈਆਂ ਸੀਟਾਂ ਤੇ ਉਹ ਨਹੀਂ ਬੈਠਣਗੇ ਤਾਂ ਉਨ੍ਹਾਂ ਨੂੰ ਸੰਸਦ ਦੇ ਨਿਯਮਾਂ ਅਨੁਸਾਰ ਨਾ ਤਾਂ ਕੋਈ ਸਵਾਲ ਪੁੱਛਣ ਦਾ ਸਮਾਂ ਮਿਲੇਗਾ ਤੇ ਨਾ ਹੀ ਉਹ ਸਦਨ  ਚ ਬੋਲ ਸਕਣਗੇ ।

ਦੱਸਣਯੋਗ ਹੈ ਕਿ ਪਹਿਲਾਂ ਵਿਧਾਨ ਸਭਾ ਚ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਸਮੇਤ  ਉਨ੍ਹਾਂ ਦੇ ਸਾਥੀ ਵਿਧਾਇਕਾਂ ਨੂੰ ਆਮ ਆਦਮੀ ਵਾਲੇ ਪਾਸੇ ਮਗਰਲੀ ਕਤਾਰ ਦੀਆਂ ਸੀਟਾਂ ਅਲਾਟ ਕਰ ਦਿੱਤੀਆਂ ਗਈਆਂ ਸਨ ,ਪਰ ਅੱਜ ਵਿਧਾਇਕ ਐੱਚ ਐੱਸ ਫੂਲਕਾ ਤੇ ਵਿਧਾਇਕ ਅਮਨ ਅਰੋੜਾ ਦੇ ਦਖਲ ਦੇਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਕੱਤਰੇਤ ਨੂੰ ਸੀਟਾਂ ਅੱਗੇ ਕਰਨ ਲਈ ਕਹਿ ਦਿੱਤਾ ਸੀ । ਜਿਸ ਤੋਂ ਬਾਅਦ ਵਿਧਾਨ ਸਭਾ ਦੇ ਸਕੱਤਰੇਤ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਨੰਬਰ 37 ਸੀਟ ਅਲਾਟ ਕਰ ਦਿੱਤੀ ਗਈ ਸੀ ਜੋ ਕਿ ਮੂਹਰਲੀ ਕਤਾਰ ਚ ਐਚਐਸ ਫੂਲਕਾ ਦੇ ਨਾਲ ਵਾਲੀ ਸੀਟ ਹੈ। ਵਿਧਾਇਕ ਕੰਵਰ ਸੰਧੂ ਨੂੰ ਵਿਰੋਧੀ ਧਿਰ ਦੇ ਨੇਤਾ ਵਾਲੀ ਕਤਾਰ ਚ ਉਸਦੇ ਮਗਰ  ਤੀਜੇ ਸਥਾਨ ਵਾਲੀ ਸੀਟ ਨੰਬਰ 79 ਅਲਾਟ ਕੀਤੀ ਸੀ ।

ਪਰ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਇਨ੍ਹਾਂ ਸੀਟਾਂ ਤੇ ਨਹੀਂ ਬੈਠੇ ,ਸਗੋਂ ਦੂਜੇ ਵਿਧਾਇਕਾਂ ਦੇ ਨਾਲ ਮਗਰਲੀ ਕਤਾਰ ਚ ਹੀ ਬੈਠ ਗਏ ਸਨ ।ਉਨ੍ਹਾਂ ਦੀ ਮੰਗ ਸੀ ਕਿ ਸੁਖਪਾਲ ਸਿੰਘ ਖਹਿਰਾ ਦੇ ਨਾਲ ਵਾਲੀ ਸੀਟ ਤੇ ਕੰਵਰ ਸੰਧੂ ਦੀ ਸੀਟ ਕੀਤੀ ਜਾਵੇ ।