• Home
  • “ਜੱਫੀ” ਤੋਂ ਬਾਅਦ ਨਵਜੋਤ ਸਿੱਧੂ ਦਾ ਜਵਾਬੀ ਹਮਲਾ-ਕਿਹਾ ਜੇ ਇਤਰਾਜ਼ ਹੈ ਤਾਂ ਬੱਸ ਤੇ ਲਾਂਘਾ ਬੰਦ ਕਰ ਦੇਵੋ.!

“ਜੱਫੀ” ਤੋਂ ਬਾਅਦ ਨਵਜੋਤ ਸਿੱਧੂ ਦਾ ਜਵਾਬੀ ਹਮਲਾ-ਕਿਹਾ ਜੇ ਇਤਰਾਜ਼ ਹੈ ਤਾਂ ਬੱਸ ਤੇ ਲਾਂਘਾ ਬੰਦ ਕਰ ਦੇਵੋ.!

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ)ਪਾਕਿਸਤਾਨ ਦੇ ਫੌਜ ਮੁਖੀ ਨੂੰ ਨਵਜੋਤ ਸਿੱਧੂ ਵੱਲੋਂ ਜੱਫੀ ਪਾਉਣ ਤੋਂ ਬਾਅਦ ਹਿੰਦੋਸਤਾਨ ਤੇ ਖਾਸ ਕਰਕੇ ਪੰਜਾਬ ਦੇ ਰਾਜਨੀਤਿਕਾਂ ਵੱਲੋਂ ਪਾਈ ਜਾ ਰਹੀ ਕਾਵਾਂ ਰੌਲੀ ਦਾ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਅਜਿਹਾ ਠੋਕਵਾਂ ਜਵਾਬ ਦੇ ਦਿੱਤਾ ਜਿਸ ਨਾਲ ਸਭ ਦੀ ਬੋਲਤੀ ਬੰਦ ਹੋ ਗਈ ਹੈ।

ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਮੀਟਿੰਗ ਤੋਂ ਬਾਅਦ ਸੱਦੀ ਗਈ ਪ੍ਰੈੱਸ ਕਾਨਫਰੰਸ ਚ ਕਿਹਾ ਕਿ ਜੇਕਰ ਕਿਸੇ ਨੂੰ ਮੇਰੇ ਪਾਕਿਸਤਾਨ ਜਾਣ ਅਤੇ ਦੋਵਾਂ ਮੁਲਕਾਂ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ’ਤੇ ਦਿੱਕਤ ਹੈ ਤਾਂ ਉਹ ਵਾਘਾ ਬਾਰਡਰ ਨੂੰ ਬੰਦ ਕਰ ਦੇਣ ਅਤੇ ਨਾਲ ਹੀ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਚਲਾਈ ਗਈ ਲਾਹੌਰ ਤੋਂ ਦਿੱਲੀ ਤੱਕ ਚਲਾਈ ਗਈ ਹਿੰਦ -ਪਾਕਿ ਦੋਸਤੀ ਵਾਲੀ ਬੱਸ ਨੂੰ ਬੰਦ ਕਰ ਦੇਣ ਤੋਂ ਇਲਾਵਾ '"ਟੇਬਲ ਟਾਕ" ਵੀ  ਬੰਦ ਕਰ ਦੇਣੀ ਚਾਹੀਦੀ ਹੈ ।
ਨਵਜੋਤ ਸਿੱਧੂ ਨੇ ਭਾਜਪਾ ਤੇ ਤਿੱਖੇ ਹਮਲੇ ਕਰਦਿਆਂ  ਕਿਹਾ ਕਿ ਉਹ ਕੌਣ ਹੁੰਦੇ ਹਨ ,ਉਸ ਦੀ ਹੱਦ ਤੈਅ ਕਰਨ ਵਾਲੇ ?ਨਵਜੋਤ ਿਸੱਧੂ ਨੇ ਇਸ ਸਮੇਂ ਸਪੱਸ਼ਟ ਕਿਹਾ ਕਿ ਉਹ ਦੋਸਤੀ ਲਈ ਗਏ ਸਨ ਅਤੇ ਪਿਆਰ ਲੈ ਕੇ ਵਾਪਸ ਆਪਣੇ ਵਤਨ ਆਏ ਹਨ।
ਉਨ੍ਹਾਂ ਇਸ ਸਮੇਂ ਚ ਭਾਜਪਾਈਆਂ ਨੂੰ ਮੁਹਾਵਰਿਆਂ ਰਾਹੀਂ ਜਵਾਬ ਦਿੰਦਿਆਂ ਕਿਹਾ ਕਿ ਉਸ ਸਮੇਂ ਹੱਦ ਕਿਥੇ ਗਈ ਸੀ, ਜਦੋਂ ਬਿਨਾਂ ਸੱਦੇ ਤੋਂ ਨਰਿੰਦਰ ਮੋਦੀ ਜਨਮ ਦਿਨ ਮਨਾਉਣ ਲਈ ਚਲੇ ਗਏ ਸਨ। ਸਗੋਂ ਇਨ੍ਹਾਂ ਸਾਰਿਆਂ ਦੇ ਬਾਪ ਮਰਹੂਮ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਹਿੰਦ -ਪਾਕਿ ਦੋਸਤੀ ਲਈ ਲਾਹੌਰ ਤੋਂ ਦਿੱਲੀ ਤੱਕ ਬੱਸ ਚਲਾਈ ਸੀ ,ਪਰ ਉਸ ਤੋਂ ਬਾਅਦ ਕਾਰਗਿਲ ਦਾ ਜੰਗ ਹੋਇਆ  ਅਤੇ ਜਦੋਂ ਨਰਿੰਦਰ ਮੋਦੀ ਪਾਕਿਸਤਾਨ ਗਏ ਸਨ ਤਾਂ ਪਠਾਨਕੋਟ ਹਮਲਾ ਹੋਇਆ ਸੀ, ਕੀ ਇਨ੍ਹਾਂ ਘਟਨਾਵਾਂ ਦੇ ਬਾਵਜੂਦ  ਦੋਵੇਂ ਦੇਸ਼ਾਂ ਦੀ ਗੱਲਬਾਤ ਖ਼ਤਮ ਹੋਈ ਹੈ।

ਸਿੱਧੂ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਤੇ ਰੋਜ਼ਾਨਾ ਹੋ ਰਹੀਆਂ ਸੂਰਬੀਰਾਂ ਦੀਆਂ ਸ਼ਹੀਦੀਆਂ ਨੂੰ ਰੋਕਣ ਲਈ ਸਾਂਤੀ ਬਹੁਤ ਹੀ ਜਿਆਦਾ ਜਰੂਰੀ ਹੈ'ਕਿਉਂਕਿ ਜੇਕਰ ਅਸੀਂ ਇੱਕ ਦੂਜੇ ਨਾਲ ਨਫ਼ਰਤ  ਰੱਖਾਂਗੇ ਤਾਂ ਹਮੇਸ਼ਾ ਖੂਨ ਦੀਆਂ ਨਦੀਆਂ ਵਹਿੰਦੀਆਂ  ਰਹਿਣਗੀਆਂ  । ਉਨ੍ਹਾਂ ਕਿਹਾ ਕਿ ਜੇਕਰ ਖ਼ੂਨ ਖ਼ਰਾਬਾ ਛੱਡ ਕੇ  ਅਸੀਂ ਸ਼ਾਂਤੀ ਬਣਾਉਣੀ ਹੈ , ਤਾਂ ਸਾਨੂੰ ਗੋਲੀਬਾਰੀ ਰੋਕਣ ਲਈ ਯਤਨ ਕਰਨੇ ਪੈਣਗੇ  ।
ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਤੋਂ ਨਰਾਜ਼ ਜਰੂਰ ਹਨ ,ਪਰ ਉਹ ਉਨ੍ਹਾਂ ਦੇ ਸਤਿਕਾਰਤ ਅਤੇ ਵੱਡੇ ਹਨ । ਸਿੱਧੂ ਨੇ ਕਿਹਾ ਕਿ ਵੱਡੇ ਵੱਡੇ ਕਾਂਗਰਸੀਆਂ ਨੇ  ਵੀ ਉਨ੍ਹਾਂ ਦੇ ਹੱਕ ਵਿੱਚ ਵੀ ਬਿਆਨ ਦਿੱਤਾ ਹੈ।

ਬਾਬੇ ਦਾ ਲਾਂਘਾ ਖੋਲ੍ਹਣ ਦੀ ਹੋਈ ਸੀ ਗੱਲ , ਕਿਵੇਂ ਨਾ ਪਾਉਂਦਾ  ਜੱਫੀ:-

ਸਿੱਧੂ ਨੇ ਕਿਹਾ ਕਿ ਬਾਬਾ ਗੁਰੂ ਨਾਨਕ ਦੇਵ ਦੇ ਕਰਤਾਰਪੁੂਰ ਨੂੰ ਲਾਂਘਾ ਖੋਲ੍ਹਣ ਵਾਲੀ ਗੱਲ  ਹੋਈ ,ਤਾਂ ਉਨ੍ਹਾਂ ਨੇ ਖੁਸ਼ੀ ਵਿੱਚ ਪਾਕਿ ਫੌਜ ਮੁਖੀ ਨੂੰ ਜੱਫੀ  ਪਾ ਲਈ ।ਉਨ੍ਹਾਂ ਇਸ ਸਮੇਂ ਕਿਹਾ ਕਿ ਉਨ੍ਹਾਂ ਨੇ ਸਾਡੇ ਗੁਰੂ ਦੀ ਗੱਲ ਕੀਤੀ ਤਾਂ ਕੀ ਅਸੀਂ ਉਸ ਵੱਲ ਪਿੱਠ ਕਰ ਲੈਂਦੇ ।