• Home
  • ਐਸ.ਐਸ.ਪੀ ਮੁਕਤਸਰ ‘ਤੇ ਅਕਾਲੀ ਦਲ ਵਲੋਂ ਲਾਏ ਦੋਸ਼ ਬੇਬੁਨਿਆਦ : ਕੈਪਟਨ

ਐਸ.ਐਸ.ਪੀ ਮੁਕਤਸਰ ‘ਤੇ ਅਕਾਲੀ ਦਲ ਵਲੋਂ ਲਾਏ ਦੋਸ਼ ਬੇਬੁਨਿਆਦ : ਕੈਪਟਨ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਐਸਪੀ ਮੁਕਤਸਰ ਸਾਹਿਬ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਹੋਈ ਆਪਣੀ ਹਾਰ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਇਥੇ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਆਪਣੀ ਚੋਣ ਹਾਰ ਦੀਆਂ ਚੋਣਾਂ ਵਿਚ ਪੂਰੀ ਤਰਾਂ ਨਿਰਾਸ਼ਾ ਹੋਈ ਹੈ ਜਿਸ ਕਾਰਨ ਬੌਖਲਾਹਟ 'ਚ ਆ ਕੇ ਅਫ਼ਸਰਾਂ ਵਿਰੁਧ ਬਿਆਨਬਾਜ਼ੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਐਸਐਸਪੀ ਆਪਣੀ ਡਿਊਟੀ ਕਰ ਰਿਹਾ ਸੀ ਪਰ ਅਕਾਲੀ ਦਲ ਨੇ ਕਾਨੂੰਨ ਤੋੜਨ ਦੀ ਕੋਸ਼ਿਸ਼ ਕੀਤੀ ਹੈ।
ਕੈਪਟਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਜਿਸ ਨੇ ਰਾਜ ਵਿਚ ਪੁਲਿਸ ਅਤੇ ਪ੍ਰਸ਼ਾਸਕੀ ਅਫ਼ਸਰਾਂ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ, ਨੇ ਇਕ ਵਾਰ ਫਿਰ ਇਹ ਦਰਸਾਇਆ ਹੈ ਕਿ ਇਮਾਨਦਾਰ  ਅਧਿਕਾਰੀਆਂ ਲਈ ਇਨਾਂ ਕੋਲ ਕੋਈ ਸਨਮਾਨ ਨਹੀਂ ਹੈ। ਐਸਐਸਪੀ 'ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਂਗਰਸ ਸਰਕਾਰ ਅਧੀਨ ਅਧਿਕਾਰੀਆਂ ਨੇ ਸੂਬੇ ਦੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਐਸ ਐਸ ਪੀ ਦੀ ਬਦਲੀ ਨੂੰ ਨਕਾਰਦਿਆਂ ਕਿਹਾ ਕਿ ਅਕਾਲੀ ਦਲ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ।