• Home
  • ਫਾਰਗ ਮੁਲਾਜ਼ਮਾਂ ਨੇ ਬਿਹਤਰ ਪੇਸ਼ਕਸ਼ ਨੂੰ ਠੁਕਰਾ ਕੇ ਆਪਣੇ ਭਵਿੱਖ ਨਾਲ ਧੋਖਾ ਕੀਤਾ-ਡਾ. ਰੂਪ ਸਿੰਘ

ਫਾਰਗ ਮੁਲਾਜ਼ਮਾਂ ਨੇ ਬਿਹਤਰ ਪੇਸ਼ਕਸ਼ ਨੂੰ ਠੁਕਰਾ ਕੇ ਆਪਣੇ ਭਵਿੱਖ ਨਾਲ ਧੋਖਾ ਕੀਤਾ-ਡਾ. ਰੂਪ ਸਿੰਘ

ਅੰਮ੍ਰਿਤਸਰ, 5 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਮੁਲਾਜ਼ਮਾਂ ਨੂੰ ਧਰਨਾ ਉਠਾਉਣ ਦੇ ਬਦਲੇ ਬਹਾਲ ਕਰਨ ਲਈ ਅਪੀਲ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਫਾਰਗ ਮੁਲਾਜ਼ਮਾਂ ਨੂੰ ਬਹਾਲ ਕਰਨ ਲਈ ਪੇਸ਼ਕਸ਼ ਕੀਤੀ ਗਈ ਹੈ, ਜਦਕਿ ਸਬੰਧਤ ਫਾਰਗ ਮੁਲਾਜ਼ਮ ਬਿਨਾ ਵਜ੍ਹਾ ਜਿੱਦ ’ਤੇ ਅੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸ. ਗੁਰਮੀਤ ਸਿੰਘ ਬੂਹ, ਸ. ਹਰਪਾਲ ਸਿੰਘ ਜੱਲਾ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਮਹਿੰਦਰ ਸਿੰਘ ਆਹਲੀ ਤੇ ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਇਸ ਮਾਮਲੇ ਦੇ ਹੱਲ ਲਈ ਸਿਰਤੋੜ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਵਿਚਾਰ-ਵਟਾਂਦਰੇ ਮਗਰੋਂ  ਫਾਰਗ ਮੁਲਾਜ਼ਮਾਂ ਨੂੰ ਅੱਜ ਹੀ ਧਰਨਾ ਉਠਾਉਣ ਦੀ ਸ਼ਰਤ ’ਤੇ ਮੰਗਲਵਾਰ ਤੱਕ ਆਪਣੇ ਕੇਸ ਵਾਪਸ ਲੈ ਕੇ ਆਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਾਰਗ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਉਹ ਅੱਜ ਧਰਨਾ ਉਠਾ ਕੇ ਮੰਗਲਵਾਰ ਤੱਕ ਕੇਸ ਵਾਪਸ ਲੈ ਲੈਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਦਿਹਾੜੀਦਾਰ ਮੁਲਾਜ਼ਮਾਂ ਨੂੰ ਪਹਿਲਾਂ ਮਿਲਦੀ ਦਿਹਾੜੀ, ਕੰਟਰੈਕਟ ਮੁਲਾਜ਼ਮਾਂ ਇਕ ਸਾਲ ਦੇ ਕੰਟਰੈਕਟ ’ਤੇ ਪਹਿਲਾਂ ਮਿਲਦੀ ਤਨਖ਼ਾਹ ਅਤੇ ਬਿਲਮੁਕਤਾ ਮੁਲਾਜ਼ਮਾਂ ਦੀ ਪਿਛਲੀ ਛੁੱਟੀ ਬਿਨਾ ਤਨਖ਼ਾਹ ਪ੍ਰਵਾਨ ਕਰਦਿਆਂ ਹਾਜ਼ਰ ਕਰ ਲਿਆ ਜਾਵੇਗਾ। ਲੇਕਿਨ ਫਾਰਗ ਮੁਲਾਜ਼ਮ ਆਪਣੀ ਜਿੱਦ ’ਤੇ ਅੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਿਹਤਰ ਰਾਹ ਨੂੰ ਅਪਣਾ ਕੇ ਸਬੰਧਤ ਫਾਰਗ ਮੁਲਾਜ਼ਮਾਂ ਆਪਣਾ ਧਰਨਾ ਛੱਡ ਦੇਣਾ ਚਾਹੀਦਾ ਸੀ ਲੇਕਿਨ ਅਫ਼ਸੋਸ ਦੀ ਗੱਲ ਹੈ ਕਿ ਉਹ ਫੈਸਲੇ ਤੋਂ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਫਾਰਗ ਮੁਲਾਜ਼ਮਾਂ ਨੇ ਆਪਣੇ ਭਵਿੱਖ ਨਾਲ ਖਿਲਵਾੜ ਕੀਤਾ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪੇਸ਼ਕਸ਼ ਠੁਕਰਾ ਕੇ ਇਨ੍ਹਾਂ ਨੇ ਗੱਲਬਾਤ ਦੇ ਰਸਤੇ ਆਪ ਹੀ ਬੰਦ ਕੀਤੇ ਹਨ। ਹੁਣ ਇਹ ਕੇਵਲ ਕਾਨੂੰਨੀ ਪ੍ਰਕਿਰਿਆ ਰਾਹੀਂ ਹੀ ਆਪਣਾ ਪੱਖ ਰੱਖ ਸਕਦੇ ਹਨ ਅਤੇ ਇਸ ਸਬੰਧੀ ਮਾਨਯੋਗ ਅਦਾਲਤ ਜੋ ਵੀ ਫੈਸਲਾ ਦੇਵੇਗੀ ਸੰਸਥਾ ਉਸ ’ਤੇ ਅਮਲ ਕਰੇਗੀ।