• Home
  • ਮਿਹਰਾਂ ਵਾਲਿਆ ਸਾਈਆਂ ਰੱਖੀਂ ਚਰਨਾਂ ਦੇ ਕੋਲ–

ਮਿਹਰਾਂ ਵਾਲਿਆ ਸਾਈਆਂ ਰੱਖੀਂ ਚਰਨਾਂ ਦੇ ਕੋਲ–

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਇਹ ਵਾਕ ਮਹਿਜ਼ ਵਾਕ ਨਹੀਂ ਬਲਕਿ ਇਹ ਉਸ ਹਰ ਸਿੱਖ ਦੀ ਜ਼ੁਬਾਨ 'ਤੇ ਹੁੰਦਾ ਹੈ ਜਿਹੜਾ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਖੜ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਕਰਦਾ ਹੈ। ਇਸ ਗੁਰਦਵਾਰਾ ਸਾਹਿਬ ਦੀ ਸਿੱਖ ਜਗਤ ਵਿਚ ਇਸ ਲਈ ਵੀ ਜ਼ਿਆਦਾ ਮਾਨਤਾ ਹੈ ਕਿਉਂਕਿ ਇਸ ਪਵਿੱਤਰ ਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਗੁਜ਼ਾਰੇ, ਇਥੇ ਹੀ ਆਪ ਜੀ ਦੀ ਸਿਰਮੌਰ ਰਚਨਾ 'ਜਪੁਜੀ ਸਾਹਿਬ' ਜੀ ਦੀ ਰਚਨਾ ਹੋਈ ਤੇ ਇਥੇ ਹੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਗੁਰਗੱਦੀ ਸੌਂਪੀ। ਵੰਡ ਭਾਵ 1947 ਤੋਂ ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਸਮਾਜ ਦਾ ਹਰੇਕ ਤਬਕਾ ਇਸ ਗੁਰਦਵਾਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਸੀ ਪਰ ਵੰਡ ਤੋਂ ਬਾਅਦ ਭਾਰਤ ਵਿਚ ਰਹਿੰਦੇ ਸਿੱਖ ਇਸ ਗੁਰਦਵਾਰਾ ਸਾਹਿਬ ਦੇ ਦਰਸ਼ਨਾਂ ਤੋਂ ਵਿਰਵੇ ਹੋ ਗਏ। ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੁਢਲੇ ਆਗੂਆਂ ਜਿਨਾਂ ਵਿਚ ਮਾਸਟਰ ਤਾਰਾ ਸਿੰਘ ਵਰਗੇ ਨਾਮ ਸ਼ਾਮਲ, ਨੇ ਭਾਰਤ ਸਰਕਾਰ ਨਾਲ ਕਈ ਵਾਰ ਗੱਲਬਾਤ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਭਾਰਤੀ ਹੁਕਮਰਾਨਾ ਦਾ ਰਵਈਆ ਹੀ ਨਾਕਾਰਤਮਿਕ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ 'ਚ ਲਗਾਤਾਰ ਹੁੰਦੀਆਂ ਸਿਆਸੀ ਉਥਲ ਪੁਥਲਾਂ ਕਾਰਨ ਗੱਲ ਕਿਸੇ ਸਿਰੇ ਨਾ ਲੱਗ ਸਕੀ।
ਦਸ ਦਈਏ ਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਗੁਰਦਵਾਰਾ ਸਾਹਿਬ ਦੀ ਮੌਜੂਦਾ ਇਮਾਰਤ ਦਾ ਨਿਰਮਾਣ ਕਰਵਾਇਆ ਸੀ ਤੇ 2004 ਵਿਚ ਪਾਕਿਸਤਾਨ ਸਰਕਾਰ ਨੇ ਇਸ ਦੀ ਮੁਰੰਮਤ ਕਰਵਾਈ ਸੀ। ਇਹ ਗੁਰਦਵਾਰਾ ਡੇਹਰਾ ਬਾਬਾ ਨਾਨਕ ਸਾਹਿਬ ਦੇ ਰੇਲਵੇ ਸਟੇਸ਼ਨ
ਤੋਂ ਮਹਿਜ਼ 4 ਕਿਲੋਮੀਟਰ ਦੂਰ ਹੈ ਤੇ ਕੰਡਿਆਲੀ ਤਾਰ ਕੋਲੋਂ ਤਿੰਨ ਕਿਲੋਮੀਟਰ ਦੂਰ ਪੈਂਦਾ ਹੈ। ਇਹ ਇਲਾਕਾ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲੇ ਅਧੀਨ ਆਉਂਦਾ ਹੈ ਜੋ ਕਿ ਲਾਹੌਰ ਤੋਂ ਕਰੀਬ 120 ਕਿਲੋਮੀਟਰ ਹੈ।
ਕਹਿਣ ਨੂੰ ਭਾਵੇਂ ਇਹ ਤਿੰਨ ਕਿਲੋਮੀਟਰ ਦਾ ਟੁਕੜਾ ਹੈ ਪਰ ਪਿਛਲੇ 72 ਸਾਲਾਂ ਤੋਂ ਦੋ ਭਰਾ ਇਸ ਮਸਲੇ ਨੂੰ ਹੱਲ ਨਹੀਂ ਕਰ ਸਕੇ। ਕੁਝ ਸਾਲ ਪਹਿਲਾਂ ਸਿੱਖਾਂ ਦੀ ਮੰਗ 'ਤੇ ਕੇਂਦਰ ਨੇ ਸ਼ਰਧਾਲੂਆਂ ਨੂੰ ਕੰਡਿਆਲੀ ਤਾਰ ਤਕ ਜਾਣ ਦੀ ਇਜਾਜ਼ਤ ਦੇ ਦਿਤੀ ਸੀ ਜਿਥੇ ਉਚਾ ਸਥਾਨ ਬਣਾ ਦਿਤਾ ਗਿਆ ਜਿਥੇ ਖੜ ਕੇ ਦੂਰਬੀਨ ਰਾਹੀਂ ਗੁਰਦਵਾਰਾ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਹਨ।

ਪਿਛਲੇ 72 ਸਾਲਾਂ ਵਿਚ ਸਿੱਖਾਂ ਨੇ ਇਸ ਲਾਂਘੇ ਨੂੰ ਖੁਲਵਾਉਣ ਲਈ ਬਹੁਤ ਚਾਰਾਜੋਈ ਕੀਤੀ। ਸਿੱਖ ਆਗੂਆਂ ਨੇ ਭਾਰਤ ਤੇ ਪਾਕਿਸਤਾਨ
ਸਰਕਾਰ ਨੂੰ ਵੀ ਬੇਨਤੀਆਂ ਕੀਤੀਆਂ ਤੇ ਇਥੋਂ ਤਕ ਕਿ ਯੂ.ਐਨ.ਓ ਤਕ ਵੀ ਪਹੁੰਚ ਕੀਤੀ ਪਰ ਕਿਤੋਂ ਫਲ ਨਾ ਮਿਲਿਆ। ਪਹਿਲੀ ਵਾਰ 1971 ਤੋਂ ਪਹਿਲਾਂ ਸਹਿਮਤੀ ਬਣਨ ਦੀ ਸੰਭਾਵਨਾ ਬਣੀ ਸੀ ਪਰ ਦੋਹਾਂ ਦੇਸ਼ਾਂ ਦੀ ਜੰਗ ਨੇ ਫਿਰ ਕੰਮ ਵਿਗਾੜ ਦਿਤਾ। 13 ਅਪ੍ਰੈਲ 2001 ਵਿਚ ਕੁਲਦੀਪ ਸਿੰਘ ਬਡਾਲਾ ਨੇ ਕਰਤਾਰਪੁਰ-ਰਾਵੀ ਦਰਸ਼ਨ ਅਭਿਲਾਸ਼ੀ ਸੰਥਥਾ ਬਣਾ ਕੇ ਸਰਹੱਦ 'ਤੇ ਅਰਦਾਸ ਕਰਨੀ ਸ਼ੁਰੂ ਕੀਤੀ ਤੇ ਇਸ ਸੰਸਥਾ ਨੇ ਹੁਣ ਤਕ 211 ਵਾਰ ਅਰਦਾਸ ਕੀਤੀ ਤੇ 212ਵੀਂ ਅਰਦਾਸ ਨਵਜੋਤ ਸਿੰਘ ਸਿੱਧੂ ਨੇ ਕੀਤੀ ਜਿਸ ਦਾ ਲਗਦਾ ਫਲ ਮਿਲਣ ਜਾ ਰਿਹਾ ਹੈ, ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਸਿੱਖ ਕੌਮ ਵਧਾਈ ਦੀ ਪਾਤਰ ਹੋਵੇਗੀ।