• Home
  • ਸਿਲੌਂਗ ਦੇ ਸਿੱਖਾਂ ਦੀ ਸਲਾਮਤੀ ਲਈ ਹਰਪਾਲ ਚੀਮਾ ਨੇ ਅਮਿਤ ਸ਼ਾਹ ਦੀ ਦਖ਼ਲਅੰਦਾਜ਼ੀ ਮੰਗੀ

ਸਿਲੌਂਗ ਦੇ ਸਿੱਖਾਂ ਦੀ ਸਲਾਮਤੀ ਲਈ ਹਰਪਾਲ ਚੀਮਾ ਨੇ ਅਮਿਤ ਸ਼ਾਹ ਦੀ ਦਖ਼ਲਅੰਦਾਜ਼ੀ ਮੰਗੀ

ਵਿਰੋਧੀ ਧਿਰ ਦੇ ਨੇਤਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ, 12 ਜੂਨ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਹ ਸਿਲੌਂਗ (ਮੇਘਾਲਿਆ) 'ਚ ਪਿਛਲੇ 200 ਸਾਲਾਂ ਤੋਂ ਵਸੇ ਸਿੱਖਾਂ ਦੀ ਸੰਪਤੀ ਅਤੇ ਜਾਨੀ ਸਲਾਮਤੀ ਯਕੀਨੀ ਬਣਾਉਣ ਅਤੇ ਉੱਥੋਂ ਦੇ ਕੁੱਝ ਸ਼ਰਾਰਤੀ ਟੋਲਿਆਂ ਦੀ ਮਿਲੀਭੁਗਤ ਨਾਲ ਉਨ੍ਹਾਂ 'ਤੇ ਲਟਕੀ ਉਜਾੜੇ ਦੀ ਤਲਵਾਰ ਹਟਾ ਕੇ ਘੱਟ-ਗਿਣਤੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ।
'ਆਪ' ਹੈੱਡਕੁਆਟਰ ਵੱਲੋਂ ਜਾਰੀ ਇਸ ਪੱਤਰ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਲੌਂਗ ਦੇ ਪੰਜਾਬੀ ਅਤੇ ਸਿੱਖਾਂ ਨੂੰ ਉੱਥੋਂ ਉਜਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰਾਂ ਤੇ ਸੰਪਤੀ ਬਾਰੇ ਦਸਤਾਵੇਜ਼ੀ ਸਬੂਤ ਮੰਗੇ ਜਾਣ ਲਈ ਜਾਰੀ ਕੀਤੇ ਨੋਟਿਸ ਉਪਰੰਤ ਹੁਣ ਕਿਸੇ ਅੱਤਵਾਦੀ ਜਥੇਬੰਦੀ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਇਹ ਪਰਿਵਾਰ ਭਾਰੀ ਸਹਿਮ ਥੱਲੇ ਹਨ। ਇਸ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਾਮਲੇ 'ਚ ਨਿੱਜੀ ਤੌਰ 'ਤੇ ਤੁਰੰਤ ਦਖ਼ਲਅੰਦਾਜ਼ੀ ਕਰਨ ਅਤੇ 2 ਸਦੀਆਂ ਤੋਂ ਉੱਥੇ ਵੱਸ ਰਹੇ ਸਿੱਖਾਂ ਦੇ ਜਾਨ-ਮਾਲ ਦੀ ਸਲਾਮਤੀ ਯਕੀਨੀ ਬਣਾਉਣ।
ਹਰਪਾਲ ਸਿੰਘ ਚੀਮਾ ਨੇ ਆਪਣੇ ਪੱਤਰ ਰਾਹੀਂ ਅਮਿਤ ਸ਼ਾਹ ਨੂੰ ਦੱਸਿਆ ਕਿ ਇਹ ਪਰਿਵਾਰ ਅੰਗਰੇਜ਼ੀ ਹਕੂਮਤ ਸਮੇਂ 200 ਸਾਲਾਂ ਤੋਂ ਉੱਥੇ ਵਸੇ ਹੋਏ ਹਨ। ਉੱਥੋਂ ਦੀ ਹਾਈਕੋਰਟ ਵੱਲੋਂ ਵੀ ਇਨ੍ਹਾਂ ਸਿੱਖਾਂ-ਪੰਜਾਬੀਆਂ ਨੂੰ ਸਟੇਅ ਮਿਲਿਆ ਹੋਇਆ ਹੈ। ਇਸ ਦੇ ਬਾਵਜੂਦ ਮਾਲਕੀ ਸਾਬਤ ਕਰਨ ਦੇ ਨੋਟਿਸ ਭੇਜੇ ਜਾ ਰਹੇ ਹਨ। ਜਦਕਿ ਇਨ੍ਹਾਂ ਦੇ ਘਰਾਂ ਅਤੇ ਦੁਕਾਨਾਂ ਦੇ ਬਿਜਲੀ ਦੇ ਕੁਨੈਕਸ਼ਨ ਵੋਟਰ ਸੂਚੀ ਅਤੇ ਪਰਿਵਾਰਕ ਰਾਸ਼ਨ-ਕਾਰਡ ਆਦਿ ਸਰਕਾਰੀ ਦਸਤਾਵੇਜ਼ ਇਨ੍ਹਾਂ ਦੀ ਮਾਲਕੀਅਤ ਦੇ ਸਬੂਤ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ 'ਤੇ ਮਿਲ ਕੇ ਸਿਲੌਂਗ ਦੇ ਸਿੱਖਾਂ-ਪੰਜਾਬੀਆਂ ਦੇ ਜਾਨ-ਮਾਲ ਦੀ ਸਲਾਮਤੀ ਯਕੀਨੀ ਬਣਾਉਣ, ਪਰੰਤੂ ਮੁੱਖ ਮੰਤਰੀ ਨੇ ਸ਼ਾਇਦ ਇਹ ਮਸਲਾ ਗੰਭੀਰਤਾ ਨਾਲ ਲੈਣਾ ਜ਼ਰੂਰੀ ਨਹੀਂ ਸਮਝਿਆ। ਹਰਪਾਲ ਸਿੰਘ ਚੀਮਾ ਨੇ ਕੇਂਦਰ 'ਚ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੋਸਦਿਆਂ ਕਿਹਾ ਕਿ ਜੇਕਰ ਉਹ ਗੰਭੀਰ ਹੁੰਦੇ ਤਾਂ ਹੁਣ ਤੱਕ ਕੇਂਦਰ ਸਰਕਾਰ ਖ਼ਾਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਇਨ੍ਹਾਂ ਪੰਜਾਬੀਆਂ ਸਿੱਖਾਂ ਦੇ ਹੱਕ 'ਚ ਸਖ਼ਤ ਆਦੇਸ਼ ਜਾਰੀ ਕਰਵਾ ਕੇ ਮੇਘਾਲਿਆ ਸਰਕਾਰ ਨੂੰ ਇਨ੍ਹਾਂ ਸਿੱਖ ਪਰਿਵਾਰਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪਾਬੰਦ ਕਰਵਾ ਚੁੱਕੇ ਹੁੰਦੇ।