• Home
  • ਸੀਬੀਆਈ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਚ :-ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ‘ਡੇਰਾ ਪ੍ਰੇਮੀਆਂ’ ਨੂੰ ਮਿਲੀ ਜ਼ਮਾਨਤ

ਸੀਬੀਆਈ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਚ :-ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ‘ਡੇਰਾ ਪ੍ਰੇਮੀਆਂ’ ਨੂੰ ਮਿਲੀ ਜ਼ਮਾਨਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੇਅਦਬੀ ਕਾਂਡ 'ਚ ਰੋਜ਼ ਨਵੀਆਂ ਨਵੀਆਂ ਪਰਤਾਂ ਖੁਲ ਰਹੀਆਂ ਹਨ। ਹੁਣ ਖ਼ਬਰ ਆਈ ਹੈ ਕਿ ਫਰੀਦਕੋਟ ਜ਼ਿਲੇ ਦੇ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਅਹਿਮ ਦੋਸ਼ੀਆਂ ਦੀ ਸੀਬੀਆਈ ਕੋਰਟ ਮੋਹਾਲੀ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ। ਭਾਵੇਂ ਮੋਗਾ ਵਿਚ ਸਾੜਫੂਕ ਦੇ ਕੇਸਾਂ 'ਚ ਨਾਮਜ਼ਦ ਹੋਣ ਕਾਰਨ ਉਨਾਂ ਨੂੰ ਨਾਭਾ ਜੇਲ 'ਚੋਂ ਰਿਹਾਅ ਨਹੀਂ ਕੀਤਾ ਗਿਆ, ਪਰ ਸਵਾਲ ਇਹ ਉਠਦਾ ਹੈ ਕਿ ਜਿਸ ਵੇਲੇ ਪੰਜਾਬ ਵਿਚ ਇਹ ਮਾਮਲਾ ਪੂਰੀ ਤਰਾਂ ਗਰਮ ਹੈ ਤਾਂ ਉਸ ਵੇਲੇ ਇਸ ਮਾਮਲੇ 'ਚ ਨਾਮਜ਼ਦ ਲੋਕਾਂ ਦੀ ਜ਼ਮਾਨਤ ਕਿਵੇਂ ਮਨਜ਼ੂਰ ਕਰ ਲਈ ਗਈ? ਸੀਬੀਆਈ ਵੱਲੋਂ ਅਦਾਲਤ ਚ ਦੋਸ਼ੀਆਂ ਦੀ ਜ਼ਮਾਨਤ ਕਰਵਾਉਣ ਲਈ ਕੀਤੀ ਗਈ ਚੋਰ ਮੋਰੀਆਂ ਰਾਹੀਂ ਮਦਦ ਵੀ ਸਵਾਲਾਂ ਦੇ ਘੇਰੇ ਚ ਹੈ !
ਦਸ ਦਈਏ ਕਿ ਜਾਂਚ ਟੀਮ ਨੇ ਉਸ ਸਮੇਂ ਹਰਮਿੰਦਰ ਸਿੰਘ ਬਿਟੂ ਤੇ ਸੁਖਜਿੰਦਰ ਸਿੰਘ ਸੰਨੀ ਅਤੇ ਪਿੰਡ ਭਰੋਮਾਜਰਾ ਦੇ ਸ਼ਕਤੀ ਸਿੰਘ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪਤਾ ਲੱਗਾ ਹੈ ਕਿ ਡੇਰਾ ਸਿਰਸਾ ਨਾਲ ਜੁੜੇ ਇਨਾਂ ਮੁਜ਼ਰਮਾਂ ਨੇ ਬੜੇ ਹੀ ਗੁਪਤ ਢੰਗ ਨਾਲ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਤੇ ਅਦਾਲਤ ਨੇ ਉਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਸੀਬੀਆਈ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹ ਲੋਕ ਚੁੱਪਚਾਪ ਜ਼ਮਾਨਤ ਲੈ ਗਏ।
ਇਕ ਪਾਸੇ ਪੰਜਾਬ ਸਰਕਾਰ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਪਛਾਣ ਲਈ ਐਸਆਈਟੀ ਦਾ ਗਠਨ ਕੀਤਾ ਹੈ ਤੇ ਦੂਜੇ ਪਾਸੇ ਪਛਾਣ ਕਰਨ ਤੋਂ ਬਾਅਦ ਜੇਲਾਂ 'ਚ ਬੰਦ ਕੀਤੇ ਦੋਸ਼ੀ ਬਾਹਰ ਆਉਣ ਨੂੰ ਤਿਆਰ ਬੈਠੇ ਹਨ। ਜੇਕਰ ਅੱਜ ਉਨਾਂ ਨੂੰ ਇਸ ਸੰਵੇਦਨਸ਼ੀਲ ਮਾਮਲੇ 'ਚ ਜ਼ਮਾਨਤ ਮਿਲ ਗਈ ਤਾਂ ਸਾੜ ਫੂਕ ਕੇਸ 'ਚ ਵੀ ਜ਼ਮਾਨਤ ਮਿਲ ਜਾਣੀ ਹੈ। ਹੁਣ  ਦੇਖਣਾ ਇਹ ਹੋਵੇਗਾ ਕਿ ਕੀ ਐਸਆਈਟੀ ਅਜਿਹੇ ਮੁਜ਼ਰਮਾਂ ਨੂੰ ਲਪੇਟੇ 'ਚ ਲੈ ਕੇ ਪੁੱਛਗਿੱਛ ਕਰਦੀ ਹੈ ਜਾਂ ਨਹੀ ਪਰ ਆਉਣ ਵਾਲੇ ਦਿਨਾਂ ਵਿਚ ਇਹ ਮਾਮਲਾ ਤੂਲ ਜ਼ਰੂਰ ਫੜੇਗਾ।