• Home
  • ਪੁਲਿਸ ਨੇ ਚੌਕੀਦਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਗ੍ਰਿਫ਼ਤਾਰ-ਲੁੱਟ ਖੋਹ ਕਰਨ ਲਈ ਬਣਾਏ ਗੈਂਗ ਦੇ ਮੈਂਬਰਾਂ ਨੇ ਕੀਤਾ ਸੀ ਚੌਕੀਦਾਰ ਦਾ ਕਤਲ

ਪੁਲਿਸ ਨੇ ਚੌਕੀਦਾਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਗ੍ਰਿਫ਼ਤਾਰ-ਲੁੱਟ ਖੋਹ ਕਰਨ ਲਈ ਬਣਾਏ ਗੈਂਗ ਦੇ ਮੈਂਬਰਾਂ ਨੇ ਕੀਤਾ ਸੀ ਚੌਕੀਦਾਰ ਦਾ ਕਤਲ

ਪਟਿਆਲਾ, 6 ਅਪ੍ਰੈਲ: ਪਟਿਆਲਾ ਪੁਲਿਸ ਨੇ 17-18 ਮਾਰਚ ਦੀ ਦਰਮਿਆਨੀ ਰਾਤ ਨੂੰ ਘਲੋੜੀ ਗੇਟ ਪਟਿਆਲਾ ਮੜੀਆਂ ਵਿਖੇ ਇੱਕ ਚੌਕੀਦਾਰ ਦੇ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਹੱਲ ਕਰਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਤਲ ਲੁੱਟਾਂ ਖੋਹਾਂ ਕਰਨ ਲਈ ਬਣਾਏ ਗੈਂਗ ਦੇ 4 ਮੈਂਬਰਾਂ ਨੇ ਕੀਤਾ ਸੀ, ਇਨ੍ਹਾਂ 'ਚੋਂ ਦੋ ਜਣੇ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।  ਇਹ ਜਾਣਕਾਰੀ ਦਿੰਦਿਆਂ ਇੱਥੇ ਪੁਲਿਸ ਲਾਇਨਜ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਦੇ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਚੌਕੀਦਾਰ ਓਮ ਪ੍ਰਕਾਸ਼ ਪੁੱਤਰ ਪੂਰਨ ਚੰਦ ਵਾਸੀ ਸਨੌਰ ਪਿਛਲੇ 25 ਸਾਲਾਂ ਤੋਂ ਘਲੋੜੀ ਗੇਟ ਨੇੜੇ ਚੌਕੀਦਾਰੀ ਕਰਦਾ ਸੀ। ਇਸ ਕਤਲ ਸਬੰਧੀਂ ਥਾਣਾ ਕੋਤਵਾਲੀ ਵਿਖੇ ਮਿਤੀ 18 ਮਾਰਚ 2019 ਨੂੰ ਮੁਕਦਮਾ ਨੰਬਰ 66 ਧਾਰਾ 302 ਤਹਿਤ ਦਰਜ ਕੀਤਾ ਗਿਆ ਸੀ। ਇਸ ਗੈਂਗ ਦੇ ਮੈਂਬਰਾਂ ਨੇ ਇਹ ਕਤਲ ਲੁੱਟ ਖੋਹ ਕਰਨ ਸਮੇਂ ਚੌਕੀਦਾਰ ਵੱਲੋਂ ਕੀਤੇ ਵਿਰੋਧ ਕਾਰਨ ਕੀਤਾ ਸੀ।  ਐਸ.ਪੀ. ਸ. ਹੁੰਦਲ ਨੇ ਦੱਸਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਮੌਕੇ ਦਾ ਖ਼ੁਦ ਜਾਇਜ਼ਾ ਲਿਆ ਸੀ ਅਤੇ ਇਸ ਵਾਰਦਾਤ ਨੂੰ ਹੱਲ ਕਰਨ ਲਈ ਕਪਤਾਨ ਪੁਲਿਸ ਸਿਟੀ ਸ੍ਰੀ ਹਰਮਨਦੀਪ ਸਿੰਘ ਹਾਂਸ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਸਿਟੀ-1 ਸ੍ਰੀ ਯੋਗੇਸ ਸ਼ਰਮਾ, ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਕੋਤਵਾਲੀ ਸੁਖਦੇਵ ਸਿੰਘ ਤੇ ਸੀ.ਆਈ.ਏ. ਦੀਆਂ ਟੀਮਾਂ ਦਾ ਗਠਨ ਕੀਤਾ ਸੀ।  ਇਨ੍ਹਾਂ ਟੀਮਾਂ ਵੱਲੋ ਵੱਖ-ਵੱਖ ਪਹਿਲੂਆਂ 'ਤੇ ਕੀਤੀ ਜਾਂਚ ਦੌਰਾਨ ਇਸ ਮਾਮਲੇ ਨੂੰ ਹੱਲ ਕਰਕੇ 21 ਸਾਲਾਂ ਦੇ 10ਵੀਂ ਪਾਸ ਪੁਨੀਤ ਸਿੰਘ ਉਰਫ਼ ਗੁੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਮੁੰਗਫ਼ਲੀ ਫੈਕਟਰੀ ਮਥੁਰਾ ਕਲੋਨੀ ਤੇ 19 ਸਾਲਾ ਅਨਪੜ੍ਹ ਜਤਿੰਦਰ ਕੁਮਾਰ ਉਰਫ਼ ਗੰਜਾ ਪੁੱਤਰ ਰਮੇਸ਼ ਚੰਦ ਗੁਪਤਾ ਵਾਸੀ ਮੁਥਰਾ ਕਲੋਨੀ ਨੂੰ ਸਨੌਰ ਰੋਡ 'ਤੇ ਬਿਨ੍ਹਾਂ ਨੰਬਰ ਦੇ ਸਪਲੈਂਡਰ ਮੋਟਰਸਾਇਕਲ 'ਤੇ ਜਾਂਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂਕਿ ਇਨ੍ਹਾਂ ਦੇ ਦੋ ਸਾਥੀ 21 ਸਾਲਾ ਤੇ ਪੰਜਵੀ ਪਾਸ ਮਨੀ ਪੁੱਤਰ ਮਲਖਾਨ ਵਾਸੀ ਹੀਰਾ ਬਾਗ ਤੇ 26 ਸਾਲ 12ਵੀਂ ਪਾਸ ਦੀਪਕ ਕੁਮਾਰ ਪੁੱਤਰ ਸਿਵਦਾਨੀ ਵਾਸੀ ਕਪੂਰ ਚੌਕ ਮਥੁਰਾ ਕਲੋਨੀ ਪਟਿਆਲਾ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਸ. ਹੁੰਦਲ ਨੇ ਦੱਸਿਆ ਕਿ ਇਹ ਚਾਰੇ ਜਣੇ ਇੱਕ ਗੈਂਗ ਬਣਾ ਕੇ ਵੱਡੀ ਨਦੀ ਬੰਨਾ, ਸਨੌਰ ਰੋਡ, ਟਰੱਕ ਯੂਨੀਅਨ, ਹੀਰਾ ਬਾਗ ਆਦਿ ਇਲਾਕਿਆਂ 'ਚ ਰਾਤ ਸਮੇਂ ਰਿਕਸ਼ਾ ਰੇਹੜੀਆਂ ਅਤੇ ਰਾਹਗੀਰਾਂ ਪਾਸੋਂ ਪੈਸਿਆਂ ਦੀ ਲੁੱਟ ਖੋਹ ਕਰਦੇ ਸਨ। ਇਹ ਹੁਣ ਤੱਕ 18 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ 'ਚੋਂ ਮਹਿੰਦਰਾ ਕਾਲਜ ਨੇੜਿਓਂ ਐਚ.ਪੀ. ਗੈਸ ਏਜੰਸੀ ਵਾਲੀ ਚੋਰੀ, ਨੂੰ ਵੀ ਇਨ੍ਹਾਂ ਨੇ ਹੀ ਕੀਤੀ ਸੀ, ਜੋ ਹੁਣ ਹੱਲ ਹੋਈ ਹੈ। ਐਸ.ਪੀ. ਸ. ਹੁੰਦਲ ਨੇ ਦੱਸਿਆ ਕਿ ਇਸ ਗੈਂਗ ਦੇ ਇਹ ਚਾਰੇ ਮੈਂਬਰ ਮੋਟਰਸਾਇਕਲ 'ਤੇ ਸਵਾਰ ਹੋ ਕੇ ਸਬਜੀ ਮੰਡੀ ਸਨੌਰ ਤੋਂ ਆਉਣ ਵਾਲੇ ਰਿਕਸ਼ਾ ਰੇਹੜੀ ਵਾਲਿਆਂ ਤੋਂ ਲੁੱਟ ਖੋਹ ਕਰਨ ਦੀ ਫ਼ਿਰਾਕ 'ਚ ਫ਼ਿਰ ਰਹੇ ਸਨ ਤਾਂ ਇਸੇ ਦੌਰਾਨ ਇਨ੍ਹਾਂ ਨੇ ਘਲੋੜੀ ਗੇਟ ਮੜ੍ਹੀਆਂ ਵਿਖੇ ਚੌਕੀਦਾਰ ਓਮ ਪ੍ਰਕਾਸ਼ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਚੌਕੀਦਾਰ ਨੇ ਇਨ੍ਹਾਂ ਦਾ ਵਿਰੋਧ ਕੀਤਾ, ਜਿਸ 'ਤੇ ਇਨ੍ਹਾਂ ਨੇ ਉਸ ਉਪਰ ਮਾਰੂ ਹਥਿਆਰਾਂ ਤਲਵਾਰ ਤੇ ਦਾਤਰ ਆਦਿ ਨਾਲ ਵਾਰ ਕੀਤੇ, ਜਿਸ ਕਰਕੇ ਉਸਦੀ ਮੌਤ ਹੋ ਗਈ। ਸ. ਹੁੰਦਲ ਨੇ ਦੱਸਿਆ ਕਿ ਦੀਪਕ ਕੁਮਾਰ ਭਗੌੜਾ ਸੀ ਜਦੋਂਕਿ ਪੁਨੀਤ ਕੁਮਾਰ ਵਿਰੁੱਧ 3 ਮੁਕਦਮੇ ਦਰਜ ਸਨ ਤੇ ਇਨ੍ਹਾਂ ਨੇ ਰਲਕੇ ਇਹ ਗੈਂਗ ਬਣਾ ਲਿਆ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪਿਛਲੇ 8 ਮਹੀਨਿਆਂ ਦੌਰਾਨ 23 ਅੰਨ੍ਹੇ ਕਤਲਾਂ ਦੇ ਮਾਮਲੇ ਹੱਲ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮੌਕੇ ਡੀ.ਐਸ.ਪੀ. ਸਿਟੀ ਸ੍ਰੀ ਯੁਗੇਸ਼ ਸ਼ਰਮਾ, ਸਪੈਸ਼ਲ ਬਰਾਂਚ ਦੇ ਇੰਸਪੈਕਟਰ ਸ. ਸ਼ਮਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।