• Home
  • ਬਾਦਲਾਂ ਨੂੰ ਵਿਰੋਧੀ ਧਿਰ ਦੀ ਕੁਰਸੀ ‘ਤੇ ਬਿਠਾਉਣ ਲਈ ਕਾਹਲੇ ਹਨ ਕੈਪਟਨ ਅਮਰਿੰਦਰ-ਸੰਦੋਆ ਨੇ ਰੋਪੜ ਹਲਕੇ ਦੇ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ ਭਗਵੰਤ ਮਾਨ

ਬਾਦਲਾਂ ਨੂੰ ਵਿਰੋਧੀ ਧਿਰ ਦੀ ਕੁਰਸੀ ‘ਤੇ ਬਿਠਾਉਣ ਲਈ ਕਾਹਲੇ ਹਨ ਕੈਪਟਨ ਅਮਰਿੰਦਰ-ਸੰਦੋਆ ਨੇ ਰੋਪੜ ਹਲਕੇ ਦੇ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ ਭਗਵੰਤ ਮਾਨ

ਚੰਡੀਗੜ੍ਹ, 4 ਮਈ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੋਪੜ ਤੋਂ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਕਾਂਗਰਸ 'ਚ ਸ਼ਮੂਲੀਅਤ 'ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ 2 ਸਾਲਾਂ ਦੇ ਨਿਕੰਮੇ ਸ਼ਾਸਨ ਕਾਰਨ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰ ਰਹੀ ਕਾਂਗਰਸ ਬੌਖਲਾ ਚੁੱਕੀ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਮਿਲੀਭੁਗਤ ਨਾਲ ਮਰੀਆਂ ਜਮੀਰਾਂ ਵਾਲੇ ਆਗੂਆਂ ਦੀ ਖਰੀਦੋ-ਫਰੋਖਤ ਕਰ ਰਹੀ ਹੈ।
ਪਾਰਟੀ ਮੁੱਖ ਦਫਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਕਿ ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੀ ਕੁਰਸੀ ਖੋਹ ਕੇ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਦਿੱਤੀ ਜਾਵੇ ਤਾਂ ਕਿ ਇੱਕ ਪਾਸੇ ਬਤੌਰ ਵਿਰੋਧੀ ਧਿਰ ਕੈਪਟਨ ਸਰਕਾਰ ਲਈ ਵੱਡੀ ਚੁਣੌਤੀ ਬਣੀ ਆਮ ਆਦਮੀ ਪਾਰਟੀ ਤੋਂ ਨਿਜਾਤ ਮਿਲੇਗੀ ਅਤੇ ਦੂਜੇ ਪਾਸੇ ਬਾਦਲਾਂ ਦੀ ਡੁੱਬ ਰਹੀ ਬੇੜੀ ਨੂੰ ਕਾਂਗਰਸ ਦੇ ਅਜਿਹੇ ਹੱਥਕੰਡੇ ਸਹਾਰਾ ਬਣਨਗੇ। ਮਾਨ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਨੇ ਇੱਕਜੁੱਟ ਹੋ ਚੋਣ ਲੜੀ ਤਾਂ ਕਿ ਕਿਸੇ ਵੀ ਕੀਮਤ 'ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਰਗੇ ਪੂਰਨ ਰਾਜ 'ਚ ਸਰਕਾਰ ਬਣਾਉਣ ਦਾ ਮੌਕਾ ਨਾ ਦਿੱਤਾ ਜਾਵੇ। ਇਸ ਗੱਲ ਦੀ ਪੁਸ਼ਟੀ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਦੇ ਸਾਂਝੇ ਆਗੂ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅਤੇ ਹੁਣ ਕਾਂਗਰਸ ਤੋਂ ਅਕਾਲੀ ਦਲ ਬਾਦਲ 'ਚ ਸ਼ਾਮਲ ਹੋਏ ਸੀਨੀਅਰ ਆਗੂ ਗੁਰਵਿੰਦਰ ਸਿੰਘ ਬਾਲੀ ਨੇ ਕਰ ਦਿੱਤੀ, ਜੋ ਅਕਾਲੀ ਦਲ 'ਚ ਸ਼ਾਮਲ ਹੋਣ ਦੇ 9ਵੇਂ ਦਿਨ ਹੀ ਅਕਾਲੀ ਦਲ ਛੱਡ ਗਏ ਅਤੇ ਜਨਤਕ ਤੌਰ 'ਤੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ 'ਚ ਪੋਲ ਖੋਲ੍ਹਣ ਚਾਹੁੰਦੇ ਸਨ ਪਰੰਤੂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ (ਬਾਲੀ) ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸਟੇਜਾਂ ਤੋਂ ਬੋਲਣ ਹੀ ਨਹੀਂ ਦਿੱਤਾ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਬੱਚਾ-ਬੱਚਾ ਸਮਝ ਚੁੱਕਿਆ ਹੈ ਕਿ ਬਾਦਲ ਅਤੇ ਕੈਪਟਨ ਆਪਸ 'ਚ ਪੂਰੀ ਤਰ੍ਹਾਂ ਮਿਲੇ ਹੋਏ ਹਨ ਅਤੇ ਇੱਕ-ਦੂਜੇ ਦੇ ਸਾਰੇ ਚੰਗੇ-ਮਾੜੇ ਨਿੱਜੀ ਹਿਤਾਂ ਲਈ ਹਰ ਹੱਦ ਤੱਕ ਜਾ ਰਹੇ ਹਨ। ਸੰਦੋਆ-ਮਾਨਸ਼ਾਹੀਆ ਦੀ ਖਰੀਦੋ-ਫਰੋਖਤ ਇਸੇ ਕੜੀ ਦਾ ਹਿੱਸਾ ਹਨ।
ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਅੱਜ ਕਾਂਗਰਸ ਪੈਸੇ ਦਾ ਪਿਟਾਰਾ ਖੋਲ੍ਹ ਕੇ ਮਰੀਆਂ ਜਮੀਰਾਂ ਵਾਲੇ ਆਗੂਆਂ ਦੀ ਬੋਲੀ ਲਗਾ ਰਹੀ ਹੈ, ਪਰੰਤੂ ਇਹ ਲੋਕ ਇਹ ਭੁੱਲੇ ਹੋਏ ਹਨ ਕਿ ਆਮ ਆਦਮੀ ਪਾਰਟੀ ਲੀਡਰਾਂ ਦੀ ਪਾਰਟੀ ਨਹੀਂ ਸਗੋਂ ਆਮ ਲੋਕਾਂ ਵੱਲੋਂ ਖੜੀ ਕੀਤੀ ਹੋਈ ਪਾਰਟੀ ਹੈ, ਇਸ ਲਈ ਸੰਦੋਆ-ਮਾਨਸ਼ਾਹੀਆ ਵਰਗੇ ਸਵਾਰਥੀ ਅਤੇ ਵਿਕਾਊ ਮਾਲ ਦੇ ਜਾਣ ਨਾਲ 'ਆਪ' ਦੇ ਆਧਾਰ ਨੂੰ ਕੋਈ ਫਰਕ ਨਹੀਂ ਪੈਂਦਾ।
ਭਗਵੰਤ ਮਾਨ ਨੇ ਕਿਹਾ ਕਿ ਅਮਰਜੀਤ ਸਿੰਘ ਸੰਦੋਆ ਨੇ ਨਾ ਸਿਰਫ਼ 'ਆਪ' ਸਗੋਂ ਰੋਪੜ ਹਲਕੇ ਦੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ, ਜਿੰਨਾ ਨੇ ਇੱਕ ਆਮ ਪਰਿਵਾਰ ਦੇ ਟੈਕਸੀ ਡਰਾਈਵਰ ਨੂੰ ਵਿਧਾਇਕ ਬਣਾ ਕੇ ਵੱਡਾ ਸਨਮਾਨ ਦਿੱਤਾ ਸੀ।