• Home
  • ਸੁਖਬੀਰ ਦਾ ਪੁਰਾਣਾ ਜਾਦੂ ਹੁਣ ਨਜ਼ਰ ਨਹੀਂ ਆਉਂਦਾ..! ਰਾਏਕੋਟ ‘ਚ ਫੋਟੋ ਸੈਸ਼ਨ ਸ਼ਾਨਦਾਰ ਰਿਹਾ

ਸੁਖਬੀਰ ਦਾ ਪੁਰਾਣਾ ਜਾਦੂ ਹੁਣ ਨਜ਼ਰ ਨਹੀਂ ਆਉਂਦਾ..! ਰਾਏਕੋਟ ‘ਚ ਫੋਟੋ ਸੈਸ਼ਨ ਸ਼ਾਨਦਾਰ ਰਿਹਾ

ਰਾਏਕੋਟ (ਗਿੱਲ);ਪਾਰਲੀਮਾਨੀ ਚੋਣ ਦੇ ਮੱਦੇਨਜ਼ਰ ਵਰਕਰਾਂ ਦਾ ਉਤਸ਼ਾਹ ਵਧਾਉਣ ਦੇ ਨਾਲ ਨਾਲ ਉਨ੍ਹਾਂ ਦੀ ਨਬਜ਼ ਟੋਹਣ ਲਈ ਨਿਕਲੇ ਸੁਖਬੀਰ ਬਾਦਲ ਜਦੋਂ ਰਾਏਕੋਟ ਹਲਕੇ ਵਿੱਚ ਦਿੱਤੇ ਸਮੇਂ ਤੋਂ ਕਰੀਬ ਤਿੰਨ ਘੰਟੇ ਲੇਟ ਪੁੱਜੇ ਤਾਂ ਉਨ੍ਹਾਂ ਦਾ ਪੁਰਾਣਾ ਕ੍ਰਿਸ਼ਮਾਂ ਨਜ਼ਰ ਨਹੀਂ ਆਇਆ ਅਤੇ ਉਨ੍ਹਾਂ ਦੇ ਚਿਹਰੇ ‘ਤੇ ਚਿੰਤਾਂ ਦੀਆਂ ਲਕੀਰਾਂ ਵੀ ਸਾਫ ਦਿਖਾਈ ਦੇ ਰਹੀਆਂ ਸਨ।ਜਦੋਂ ਉਨ੍ਹਾਂ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਪੰਜ ਮਿੰਟਾਂ ਵਿੱਚ ਹੀ ਉਨ੍ਹਾਂ ਦਾ ਪਟਾਰਾ ਖਾਲੀ ਹੋ ਗਿਆ। ਦਰਜਣ ਦੇ ਕਰੀਬ ਭਾਜਪਾ ਵਰਕਰਾਂ ਨੇ ਸਾਬਕਾ ਉਪ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਨਾਅਰੇਬਾਜੀ ਕਰਦਿਆਂ ਐਂਟਰੀ ਕੀਤੀ ਅਤੇ ਸਭ ਦਾ ਧਿਆਨ ਖਿਚਿਆ। ਕੁੱਝ ਚਹੇਤੇ ਪੱਤਰਕਾਰਾਂ ਦੇ ਸਟੇਜ ਲਾਗੇ ਪੁਲਿਸ ਵੱਲੋਂ ਬਣਾਏ ਸੁਰਖਿਆ ਘੇਰੇ ਵਿੱਚ ਜਾਣ ਅਤੇ ਬਾਕੀਆਂ ਨੂੰ ਰੋਕੇ ਜਾਣ ‘ਤੇ ਪ੍ਰੈਸ ਕਲੱਬ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ ਹਾਲਾਂਕਿ ਬਾਅਦ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਗਿੱਲ ਦੇ ਯਤਨਾਂ ਨਾਲ ਪੱਤਰਕਾਰ ਵਾਪਸ ਸਮਾਗਮ ਵਿੱਚ ਆ ਗਏ ਸਨ।
ਹਲਕੇ ਦੇ ਬਹੁਤੇ ਆਗੂ ਸਟੇਜ ਉਪਰ ਵੀ ਸੁਖਬੀਰ ਬਾਦਲ ਦੇ ਨਾਲ ਸੋਫੇ ‘ਤੇ ਬੈਠਕੇ ਫੋਟੋ ਖਿਚਾਉਣ ਵਿੱਚ ਹੀ ਮਸ਼ਰੂਫ ਰਹੇ। ਸ਼ਹਿਰ ਦੇ ਇੱਕ ਪ੍ਰਸਿੱਧ ਪੈਲੇਸ ਵਿੱਚ ਹਲਕਾ ਇੰਚਾਰਜ਼ ਇੰਦਰਇਕਬਾਲ ਸਿੰਘ ਅਟਵਾਲ ਵੱਲੋਂ ਕਰਵਾਏ ਗਏ ਸਮਾਗਮ ‘ਚ ਛੇ ਸੌ ਦੇ ਕਰੀਬ ਵਰਕਰਾਂ ਨੂੰ ਪੰਜ ਭਾਗਾਂ ਵਿੱਚ ਵੰਡਕੇ ਪਾਰਟੀ ਪ੍ਰਧਾਨ ਨਾਲ ਮੁਲਾਕਾਤਾਂ ਕਰਾਈਆਂ ਗਈਆਂ। ਪ੍ਰਧਾਨ ਨਾਲ ਮੁਲਾਕਾਤ ਉਪਰੰਤ ਬਾਹਰ ਨਿਕਲਣ ਵਾਲੇ ਵਰਕਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਹੁਤੇ ਵਰਕਰ ਸੁਖਬੀਰ ਬਾਦਲ ਨਾਲ ਫੋਟੋ ਖਿਚਵਾ ਕੇ ਸੁੱਚੇ ਮੂੰਹ ਹੀ ਬਾਹਰ ਆ ਗਏ ਹਨ, ਪਰ ਕਈਆਂ ਨੇ ਹਲਕਾ ਇੰਚਾਰਜ਼ ਦੀ ਹਲਕੇ ਵਿੱਚ ਗੈਰ-ਹਾਜ਼ਰੀ ਦਾ ਮੁੱਦਾ ਜ਼ਰੂਰ ਚੁੱਕਿਆ ਸੀ। ਪਾਰਟੀ ਦੇ ਕਈ ਸਿਰਕੱਢ ਆਗੂਆਂ ਨੇ ਪੱਤਰਕਾਰਾਂ ਨਾਲ ਗੈਰ-ਰਸਮੀਂ ਗੱਲਬਾਤ ਦੌਰਾਨ ਕਿਹਾ ਕਿ ਬਰਗਾੜੀ ਕਾਂਡ ਅਤੇ ਪੰਥਕ ਸਰਕਾਰ ਦੇ ਹੁੰਦਿਆਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦਿਆਂ ਨੇ ਪਾਰਟੀ ਵਰਕਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਵਿੱਚ ਲੋਕਾਂ ਦਾ ਸਾਹਮਣਾ ਕਰਨ ਦੀ ਜੁਰਅਤ ਮੁੜ ਪੈਦਾ ਕਰਨੀ ਖਾਲਾ ਜੀ ਦਾ ਵਾੜਾ ਨਹੀਂ ਹੈ। ਕੁੱਝ ਵਰਕਰਾਂ ਨੂੰ ਇਹ ਉਮੀਦ ਸੀ ਕਿ ਪਾਰਟੀ ਪ੍ਰਧਾਨ ਅੱਜ ਸ਼ਾਇਦ ਫਤਿਹਗੜ੍ਹ ਹਲਕੇ ਦੇ ਉਮੀਦਵਾਰ ਦਾ ਐਲਾਨ ਵੀ ਕਰਕੇ ਜਾਣਗੇ ਪਰ ਉਨ੍ਹਾਂ ਦੇ ਪੱਲ੍ਹੇ ਨਿਰਾਸ਼ਾ ਹੀ ਪਈ। ਅੱਧੇ ਤੋਂ ਵੱਧ ਵਰਕਰ ਪ੍ਰਧਾਨ ਜੀ ਦੇ ਵੱਖਰੇ ਕਮਰੇ ਵਿੱਚ ਦਰਸ਼ਣ ਕੀਤੇ ਬਗੈਰ ਹੀ ਤੁਰ ਗਏ।