• Home
  • ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਗਜ਼ ਹੋਏ ਰੱਦ,

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਗਜ਼ ਹੋਏ ਰੱਦ,

ਪੜਤਾਲ ਦੌਰਾਨ 34 ਨਾਮਜ਼ਦਗੀ ਪੱਤਰ ਪਾਏ ਗਏ ਯੋਗ, 6 ਰੱਦ

ਬਠਿੰਡਾ, 30 ਅਪ੍ਰੈਲ ( ਹਿੰਸ/KW) : ਜ਼ਿਲਾ ਚੋਣ ਅਫ਼ਸਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀਆਂ ਆਮ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਬਠਿੰਡਾ ਲਈ ਕੁੱਲ ਦਾਖਲ ਹੋਏ 40 ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ 6 ਨਾਮਜ਼ਦਗੀ ਪੱਤਰ ਰੱਦ ਪਾਏ ਗਏ। ਦਾਖਲ ਕਾਗਜ਼ਾ ਦੀ ਪੜਤਾਲ ਉਪਰੰਤ 34 ਨਾਮਜ਼ਦਗੀ ਪੱਤਰ ਯੋਗ ਪਾਏ ਗਏ।

ਜ਼ਿਲਾ ਚੋਣ ਅਫ਼ਸਰ ਸ੍ਰੀ ਬੀ. ਸ੍ਰੀਨਿਵਾਸਨ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਕਾਗਜ਼ ਯੋਗ ਪਾਏ ਜਾਣ ਕਾਰਨ ਉਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਰੇ ਗਏ 2 ਨਾਮਜ਼ਦਗੀ ਪੱਤਰ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਰੱਦ ਹੋ ਗਏ ਹਨ। ਇਸੇ ਤਰਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵੱਲੋਂ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਰੇ ਗਏ ਫਾਰਮ ਯੋਗ ਪਾਏ ਜਾਣ ਕਾਰਨ ਉਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਸ੍ਰੀਮਤੀ ਅ੍ਰਮਿੰਤਾ ਸਿੰਘ ਵੱਲੋਂ ਭਰੇ ਗਏ ਕਾਗਜ਼ ਵੀ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਰੱਦ ਹੋ ਗਏ ਹਨ। ਇਸ ਤੋ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਸ੍ਰੀਮਤੀ ਬਲਜਿੰਦਰ ਕੌਰ ਵੱਲੋਂ ਭਰੇ ਗਏ ਨਾਮਜ਼ਦਗੀ ਪੱਤਰ ਵੀ ਯੋਗ ਪਾਏ ਜਾਣ ਕਾਰਨ ਉਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਫਾਰਮ ਭਰਨ ਵਾਲੇ ਸ੍ਰੀਮਤੀ ਰਣਜੀਤ ਕੌਰ ਦੇ ਕਾਗਜ਼ ਵੀ ਨਿਯਮਾਂ ਅਨੁਸਾਰ ਰੱਦ ਕੀਤੇ ਗਏ ਹਨ। 

ਜ਼ਿਲਾ ਚੋਣ ਅਫਸਰ ਸ੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ 2 ਹੋਰ ਨਾਮਜ਼ਦਗੀ ਪੱਤਰ ਅਧੂਰੇ ਤੇ ਸਹੀ ਕਾਗਜ਼ ਨਾ ਹੋਣ ਕਾਰਨ ਰੱਦ ਕੀਤੇ ਗਏ। ਜਿਨਾਂ ਵਿੱਚ ਅਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰਨ ਵਾਲੇ ਸ. ਗੁਰਦੀਪ ਸਿੰਘ ਦੇ ਕਾਗਜ਼ ਪ੍ਰਪੋਜ਼ਰਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਰੱਦ ਕੀਤੇ ਗਏ। ਇਸੇ ਤਰਾਂ ਇੱਕ ਹੋਰ ਅਜ਼ਾਦ ਉਮੀਦਵਾਰਾਂ ਵਜੋਂ ਨਾਮਜ਼ਦਗੀ ਪੱਤਰ ਭਰਨ ਵਾਲੇ ਸ. ਸੁਖਰਾਜ ਸਿੰਘ ਨੱਤ ਦੇ ਕਾਗਜ਼ ਵੀ ਪ੍ਰਪੋਜ਼ਰਾ ਦਾ ਸਹੀ ਮਿਲਾਣ ਨਾ ਹੋਣ ਕਾਰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਫੀਡੇਵਿਟ ਯੋਗ ਨਾ ਹੋਣ ਕਾਰਨ ਰੱਦ ਕੀਤੇ ਗਏ ਹਨ। 

ਜ਼ਿਲਾ ਚੋਣ ਅਫ਼ਸਰ ਸ੍ਰੀ ਬੀ. ਸ੍ਰੀਨਿਵਾਸਨ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ 2 ਮਈ ਨੂੰ ਚੋਣ ਨਾ ਲੜਨ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। 19 ਮਈ ਨੂੰ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ।