• Home
  • ਪੰਜਾਬ ਦੇ 18 ਬਲਾਕਾਂ ਦੇ ਡਾਰਕ ਜ਼ੋਨ ਚ ਪਾਉਣ ਦੇ ਅਸਲੀ ਦੋਸ਼ੀ ਕਾਂਗਰਸੀ ਤੇ ਅਕਾਲੀ -ਪੜ੍ਹੋ ਖਹਿਰਾ ਨੇ ਪਾਣੀ ਤੇ ਕਿਉਂ ਚਿੰਤਾ ਪ੍ਰਗਟ ਕੀਤੀ

ਪੰਜਾਬ ਦੇ 18 ਬਲਾਕਾਂ ਦੇ ਡਾਰਕ ਜ਼ੋਨ ਚ ਪਾਉਣ ਦੇ ਅਸਲੀ ਦੋਸ਼ੀ ਕਾਂਗਰਸੀ ਤੇ ਅਕਾਲੀ -ਪੜ੍ਹੋ ਖਹਿਰਾ ਨੇ ਪਾਣੀ ਤੇ ਕਿਉਂ ਚਿੰਤਾ ਪ੍ਰਗਟ ਕੀਤੀ

ਚੰਡੀਗੜ,29 ਮਾਰਚ –: ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਬਠਿੰਡਾ ਲੋਕ ਸਭਾ ਸੀਟ ਤੋਂ ਪੰਜਾਬ ਡੈਮੋਕ੍ਰਟਿਕ ਅਲਾਂਇੰਸ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਜਮੀਨ ਹੇਠਲੇ ਪਾਣੀ ਦੇ ਪੱਧਰ ਦੇ ਖਤਰਨਾਕ ਢੰਗ ਨਾਲ ਘੱਟਣ ਦੇ ਉੱਪਰ ਚਿੰਤਾ ਜਤਾਈ ਅਤੇ ਚਿਤਾਵਨੀ ਦਿੱਤੀ ਕਿ ਨਿਕੰਮੀ ਸਿਆਸੀ ਲੀਡਰਸ਼ਿਪ ਕਾਰਨ ਸੂਬਾ ਜਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਪਾਣੀ ਦੀ ਸਮੱਸਿਆ ਵੱਲ ਵੱਧ ਰਿਹਾ ਹੈ।
ਅੱਜ ਖਡੂਰ ਸਾਹਿਬ ਦੇ ਨਾਗੋਕੇ, ਰਈਆ,ਤਰਸਿੱਕਾ ਅਤੇ ਬੁਤਾਲਾ ਆਦਿ ਪਿੰਡਾਂ ਵਿੱਚ ਬੀਬੀ ਪਰਮਜੀਤ ਕੋਰ ਖਾਲੜਾ ਦੇ ਹੱਕ ਵਿੱਚ ਸੰਬੋਧਨ ਕਰਦੇ ਹੋਏ ਖਹਿਰਾ ਨੇ  ਕਿਹਾ ਕਿ ਇਹ ਚਿੰਤਾ ਦੀ ਗੱਲ ਹੈ ਕਿ ਪੰਜਾਬ ਦੇ ਕੁੱਲ ਬਲਾਕਾਂ ਵਿੱਚੋਂ 18ਬਲਾਕਾਂ ਨੂੰ ਡਾਰਕ ਜੋਨ ਐਲਾਨ ਦਿੱਤਾ ਗਿਆ ਹੈ ਜਿਸ ਦਾ ਅਰਥ ਇਹ ਹੈ ਕਿ ਜਮੀਨ ਹੇਠਲਾ ਪਾਣੀ ਜਾਂ ਤਾਂ ਲੋੜੀਂਦੀ ਲਿਮਟ ਤੋਂ ਹੇਠਾਂ ਚਲਾ ਗਿਆ ਹੈ ਜਾਂ ਫਿਰ ਮਨੁੱਖੀ ਇਸਤੇਮਾਲ ਦੇ ਯੋਗ ਨਹੀਂ ਰਿਹਾ ਹੈ। ਉਹਨਾਂ ਆਖਿਆ ਕਿ ਅੰਡਰਗਰਾਊਂਡ ਵਾਟਰ ਬੋਰਡ ਨੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਕੋਈ ਵੀ ਨਵਾਂ ਟਿਊਬਵੈਲ ਕੁਨੈਕਸ਼ਨ ਲਗਾਇਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਹੀ 18ਬਲਾਕ ਮਾਲਵਾ ਅਤੇ ਦੁਆਬਾ ਇਲਾਕੇ ਨਾਲ ਸਬੰਧਿਤ ਹਨ ਜਿਥੇ ਕਿ ਪਿਛਲੇ ਦਹਾਕੇ ਵਿੱਚ ਸੱਭ ਤੋਂ ਜਿਆਦਾ ਖੁਦਕੁਸ਼ੀਆਂ ਹੋਈਆਂ ਹਨ।
ਉਹਨਾਂ ਕਿਹਾ ਕਿ ਸਿੰਚਾਈ ਲਈ ਵੱਡੇ ਪੱਧਰ ਉੱਪਰ ਜਮੀਨੀ ਪਾਣੀ ਦੇ ਇਸਤੇਮਾਲ ਕੀਤੇ ਜਾਣ ਅਤੇ ਖਾਧਾਂ ਦੀ ਬੇਤਹਾਸ਼ਾ ਵਰਤੋਂ ਇਸ ਦੇ ਮੁੱਖ ਕਾਰਨ ਹਨ ਪਰੰਤੂ ਸੂਬੇ ਉੱਪਰ ਵਾਰੀ ਸਿਰ ਰਾਜ ਕਰਨ ਵਾਲੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਸਿਆਸੀ ਪਾਰਟੀਆਂ ਇਸ ਦੇ ਪੂਰੀ ਤਰਾਂ ਨਾਲ ਜਿੰਮੇਵਾਰ ਹਨ ਜਿਹਨਾਂ ਨੇ ਹਾਲਾਤਾਂ ਨੂੰ ਖਤਰਨਾਕ ਹੱਦ ਤੱਕ ਪਹੁੰਚਾ ਦਿੱਤਾ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਆਸੀ ਅਤੇ ਪ੍ਰਸ਼ਾਸਨਿਕ ਪੱਧਰ ਉੱਪਰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਿੱਚ ਪੂਰੀ ਤਰਾਂ ਨਾਲ ਅਸਫਲ ਰਹੇ ਹਨ।
ਖਹਿਰਾ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਮਨਚਾਹੇ ਢੰਗ ਨਾਲ ਪੰਜਾਬ ਦੇ ਪਾਣੀਆਂ ਦਾ ਹਿੱਸਾ ਰਾਜਸਥਾਨ ਅਤੇ ਹਰਿਆਣਾ ਨੂੰ ਦੇਣ ਦੀ ਜਿੰਮੇਵਾਰ ਸੀ ਅਤੇ 10 ਸਾਲ ਸੱਤਾ ਵਿੱਚ ਰਹਿਣ ਵਾਲੀ ਅਕਾਲੀ-ਭਾਜਪਾ ਸਰਕਾਰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਫੇਲ ਰਹੀ ਹੈ ਜਦਕਿ ਐਨ.ਡੀ.ਏ ਸਰਕਾਰ ਵਿੱਚ ਅਕਾਲੀ ਦਲ ਭਾਜਪਾ ਦਾ ਭਾਈਵਾਲ ਸੀ ਅਤੇ ਹਰਿਆਣਾ ਅਤੇ ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਸੀ। ਉਹਨਾਂ ਕਿਹਾ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਰਗੇ ਨੋਨ ਰਿਪੇਰੀਅਨ ਸੂਬਿਆਂ ਕੋਲੋਂ ਪਾਣੀਆਂ ਦੀ ਕੀਮਤ ਵਸੂਲੇ ਜਾਣ ਦੇ ਪੰਜਾਬ ਵਿਧਾਨ ਸਭਾ ਵੱਲੋਂ 16ਨਵੰਬਰ 2016 ਨੂੰ ਪਾਸ ਕੀਤੇ ਗਏ ਮਤੇ ਨੂੰ ਲਾਗੂ ਕਰਨ ਲਈ ਕੈਪਟਨ ਸਰਕਾਰ ਨੇ ਕੋਈ ਵੀ ਕਦਮ ਨਹੀਂ ਚੁੱਕਿਆ ਹੈ।
ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਪੱਖ ਤੋਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਮੇਂ ਸਮੇਂ ਉੱਤੇ ਬਜਟ ਵਿੱਚ ਕੀਤੇ ਵਾਅਦੇ ਅਨੁਸਾਰ ਪਾਣੀ ਬਚਾਉ ਸਿੰਚਾਈ ਤਕਨੀਕਾਂ ਅਤੇ ਫਸਲੀ ਚੱਕਰ ਨੂੰ ਲਾਗੂ ਕਰਨ ਵਿੱਚ ਫੇਲ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਰਵਾਇਤੀ ਸਿਆਸੀ ਪਾਰਟੀਆਂ ਦੀ ਬੇਮਿਸਾਲ ਅਸਫਲਤਾ ਹੈ। ਉਹਨਾਂ ਖਦਸ਼ਾ ਜਤਾਇਆ ਕਿ ਪਾਣੀ ਦੇ ਸੰਕਟ ਨਾਲ ਪੰਜਾਬ ਵਿੱਚ ਕਰਜੇ ਅਤੇ ਕਿਸਾਨੀ ਖੁਦਕੁਸ਼ੀਆਂ ਵਿੱਚ ਵਾਧਾ ਹੋਵੇਗਾ ਅਤੇ ਬੇਰੋਜਗਾਰੀ ਆਪਣੀਆਂ ਹੱਦਾਂ ਟੱਪ ਜਾਵੇਗੀ। ਉਹਨਾਂ ਕਿਹਾ ਕਿ ਇਹ ਸਮੱਸਿਆ ਦੇਸ਼ ਵਿੱਚ ਅਨਾਜ ਸੰਕਟ ਪੈਦਾ ਕਰ ਦੇਵੇਗਾ ਕਿਉਂਕਿ ਵੱਧ ਰਹੀ ਅਬਾਦੀ ਕਾਰਨ 2050 ਤੱਕ ਭਾਰਤ ਨੂੰ 4.5 ਕਰੋੜ ਟਨ ਅਨਾਜ ਦੀ ਜਰੂਰਤ ਹੋਵੇਗੀ ਜੋ ਕਿ ਇਸ ਸਮੇਂ 2.33ਕਰੋੜ ਟਨ ਹੈ।
ਖਹਿਰਾ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਫੇਲ ਰਹੀ ਸਿਆਸੀ ਲੀਡਰਸ਼ਿਪ ਨੂੰ ਚੰਗਾ ਸਬਕ ਸਿਖਾਉਣ ਲਈ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ–ਭਾਜਪਾ ਗਠਜੋੜ ਨੂੰ ਹਰਾਉਣ ਅਤੇ ਆਪਣਾ ਰੋਸ ਜਾਹਿਰ ਕਰਨ। ਉਹਨਾਂ ਕਿਹਾ ਕਿ ਪੰਜਾਬ ਨੂੰ ਮਜਬੂਤ ਲੀਡਰਸ਼ਿਪ ਦੀ ਜਰੂਰਤ ਹੈ ਜੋ ਕਿ ਨਿੱਜੀ ਮੁਫਾਦਾਂ ਵਾਸਤੇ ਸਮਝੋਤਾ ਕੀਤੇ ਬਗੈਰ ਸੂਬੇ ਦੇ ਹੱਕਾਂ ਵਾਸਤੇ ਲੜ ਸਕੇ।