• Home
  • ਸੂਬੇ ਦੇ ਸਾਬਕਾ ਚੀਫ਼ ਸੈਕਟਰੀ ਛੀਨਾ ਨਹੀਂ ਰਹੇ -ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ

ਸੂਬੇ ਦੇ ਸਾਬਕਾ ਚੀਫ਼ ਸੈਕਟਰੀ ਛੀਨਾ ਨਹੀਂ ਰਹੇ -ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਸਾਬਕਾ ਮੁੱਖ ਸਕੱਤਰ ਹਰਦੇਵ ਸਿੰਘ ਛੀਨਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 98 ਵਰ੍ਹਿਆਂ ਦੇ ਸਨ।
ਹਰਦੇਵ ਸਿੰਘ ਛੀਨਾ ਦਾ ਵਿਆਹ ਪਟਿਆਲਾ ਦੇ ਰਾਜਾ ਬੀਰਇੰਦਰ ਸਿੰਘ ਦੀ ਧੀ ਨਰੇਸ਼ ਇੰਦਰ ਕੁਮਾਰੀ ਨਾਲ ਸਾਲ 1940 ਵਿੱਚ ਹੋਇਆ। ਰਾਜਾ ਬੀਰਇੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਛੋਟੇ ਭਰਾ ਸਨ।
ਸ੍ਰੀ ਛੀਨਾ ਆਪਣੇ ਪਿੱਛੇ ਇਕ ਪੁੱਤਰ ਪਰਮਦੇਵ ਸਿੰਘ ਛੀਨਾ ਜੋ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਹਨ ਅਤੇ ਚਾਰ ਧੀਆਂ ਗੁਰਿੰਦਰ ਕੌਰ, ਪਰਵੀਨ ਕੌਰ, ਜਤਿੰਦਰ ਕੌਰ ਅਤੇ ਨੀਨੂ ਮਨਸ਼ਾਹੀਆ ਛੱਡ ਗਏ ਹਨ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸ੍ਰੀ ਛੀਨਾ ਨੂੰ ਇਕ ਯੋਗ ਪ੍ਰਸ਼ਾਸਕ, ਸੂਝਵਾਨ ਤੇ ਕਾਬਲ ਅਫਸਰ ਦੱਸਿਆ। ਦੁਖੀ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਸ੍ਰੀ ਛੀਨਾ ਨੇ ਪ੍ਰਸਿੱਧ ਸਿੱਖਿਆ ਸੰਸਥਾ ਐਚੀਸਨ ਕਾਲਜ, ਲਾਹੌਰ ਤੋਂ ਤਾਲੀਮ ਹਾਸਲ ਕੀਤੀ ਸੀ।
ਪਟਿਆਲਾ ਸਟੇਟ ਵਿੱਚ ਡਿਊਟੀ ਕਰਨ ਤੋਂ ਬਾਅਦ 1950 ਬੈਚ ਦੇ ਇਸ ਆਈ.ਏ.ਐਸ. ਅਧਿਕਾਰੀ ਨੇ ਅਹਿਮ ਥਾਵਾਂ 'ਤੇ ਆਪਣੀ ਡਿਊਟੀ ਸਮਰਪਣ ਭਾਵਨਾ ਅਤੇ ਪੇਸ਼ੇਵਾਰਨਾ ਵਚਨਬੱਧਤਾ ਨਾਲ ਕੀਤੀ। ਉਨ੍ਹਾਂ ਨੇ ਸਾਲ 1974 ਵਿੱਚ ਮੁੱਖ ਸਕੱਤਰ ਬਣਨ ਤੋਂ ਪਹਿਲਾਂ ਪੰਜਾਬ ਦੇ ਪਹਾੜੀ ਇਲਾਕੇ ਵਿੱਚ ਕਮਿਸ਼ਨਰ ਸਮੇਤ ਅਣਵੰਡੇ ਪੰਜਾਬ ਦੇ ਤ੍ਰਿਪੁਰੀ ਅਤੇ ਰਾਜਪੁਰ ਦੇ ਪ੍ਰਸ਼ਾਸਕ ਤੋਂ ਇਲਾਵਾ ਵਿਜੀਲੈਂਸ ਦੇ ਸਕੱਤਰ, ਪੰਜਾਬ ਵਿੱਤ ਨਿਗਮ ਦੇ ਚੇਅਰਮੈਨ, ਵਿੱਤ ਕਮਿਸ਼ਨਰ ਮਾਲ ਅਤੇ ਵਿੱਤ ਸਕੱਤਰ ਦੇ ਅਹੁਦਿਆਂ 'ਤੇ ਸੇਵਾ ਨਿਭਾਈ। ਉਹ ਸਾਲ 1977 ਤੱਕ ਮੁੱਖ ਸਕੱਤਰ ਦੇ ਅਹੁਦੇ 'ਤੇ ਰਹੇ।
ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦਾ ਅੰਤਮ ਸਸਕਾਰ 20 ਅਗਸਤ (ਸੋਮਵਾਰ) ਨੂੰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸਾਨਘਾਟ ਵਿੱਚ ਸ਼ਾਮ ਚਾਰ ਵਜੇ ਹੋਵੇਗਾ।