• Home
  • ਸਿੱਖਾਂ ਦੀਆਂ ਆਸਾਵਾਂ ‘ਤੇ ਵੀ ਕੇ ਸਿੰਘ ਨੇ ਫੇਰਿਆ ਪਾਣੀ, ਕਿਹਾ-ਪਾਕਿ ਨਾਲ ਨਹੀਂ ਹੋ ਸਕਦੀ ਗੱਲ

ਸਿੱਖਾਂ ਦੀਆਂ ਆਸਾਵਾਂ ‘ਤੇ ਵੀ ਕੇ ਸਿੰਘ ਨੇ ਫੇਰਿਆ ਪਾਣੀ, ਕਿਹਾ-ਪਾਕਿ ਨਾਲ ਨਹੀਂ ਹੋ ਸਕਦੀ ਗੱਲ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਇਕ ਪਾਸੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਕਰਤਾਰਪੁਰ ਸਾਹਿਬ ਗੁਰਦਵਾਰੇ ਦੇ ਲਾਂਘੇ 'ਤੇ ਲੱਗੀਆਂ ਹੋਈਆਂ ਹਨ ਤੇ ਦੂਜੇ ਪਾਸੇ ਭਾਰਤੀ ਹੁਕਮਰਾਨ ਉਲਟੇ ਸਿੱਧੇ ਬਿਆਨ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਅੱਜ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਸਬੰਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਤੇ ਉਨਾਂ ਨੂੰ ਚਿੱਠੀ ਦੇ ਕੇ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਵੇ। ਉਸ ਤੋਂ ਪਹਿਲਾਂ ਕਿ ਸ਼ੁਸ਼ਮਾ ਸਵਰਾਜ ਵਲੋਂ ਕੋਈ ਬਿਆਨ ਆਉਂਦਾ, ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਬਿਆਨ ਦਾਗ਼ ਦਿਤਾ ਤੇ ਕਿਹਾ ਕਿ ਪਾਕਿਸਤਾਨ 'ਚ ਅੱਤਵਾਦ ਫਲ-ਫੁੱਲ ਰਿਹਾ ਹੈ ਤੇ ਇਮਰਾਨ ਖ਼ਾਨ ਨੂੰ ਫ਼ੌਜ ਨੇ ਹੀ ਸੱਤਾ ਤਕ ਪਹੁੰਚਾਇਆ ਹੈ ਇਸ ਲਈ ਅਜੇ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ।
ਸਿੱਖਾਂ ਨੂੰ ਆਸ ਸੀ ਕਿ ਭਾਰਤ ਵੱਡੇ ਭਰਾ ਵਾਲਾ ਦਿਲ ਲੈ ਕੇ ਪਾਕਿਸਤਾਨ ਨਾਲ ਗੱਲਬਾਤ ਕਰੇਗਾ ਤੇ ਬਾਬੇ ਨਾਨਕ ਦੇ 550 ਸਾਲਾ ਗੁਰਪੁਰਬ ਤਕ ਕਰਤਾਰਪੁਰ ਲਾਂਘਾ ਖੁਲ ਜਾਵੇਗਾ ਪਰ ਅਜਿਹਾ ਹੁੰਦਾ ਦਿਖਾਈ ਨਹੀਂ। ਭਾਵੇਂ ਨਵਜੋਤ ਸਿੰਘ ਸਿੱਧੂ ਵਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਸਿਆਸੀ ਵਿਰੋਧੀ 'ਸਿਆਸੀ ਕਦਮ' ਕਹੀ ਜਾਣ ਪਰ ਇਸ ਕਦਮ ਦਾ ਸੰਸਾਰ ਦੇ ਹਰੇਕ ਕੋਨੇ 'ਚ ਬੈਠੇ ਸਿੱਖਾਂ ਨੇ ਸਵਾਗਤ ਕੀਤਾ ਸੀ ਪਰ ਕੇਵਲ ਕੇਂਦਰੀ ਸੱਤਾ 'ਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਬੀਬੀ ਹਰਸਿਮਰਤ ਕੌਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦੀਆਂ ਸਾਰੀਆਂ ਧਿਰਾਂ ਕੇਂਦਰ 'ਤੇ ਦਬਾਅ ਬਣਾਉਂਦੀਆਂ ਪਰ ਜਦੋਂ ਸਿੱਖ ਆਪ ਹੀ ਪਾਟੇ ਪਏ ਹੋਣ ਤਾਂ ਹੋਰਨਾਂ ਨੇ ਤਾਂ ਅਜਿਹੇ ਬਿਆਨ ਦੇਣੇ ਹੀ ਹੋਏ।