• Home
  • ਪੈਕਟਾਂ ‘ਚ ਘਟੀਆ ਪਾਣੀ ਵੇਚਣ ਵਾਲੇ ਬਾਜ਼ ਆ ਜਾਣ : ਪੰਨੂੰ

ਪੈਕਟਾਂ ‘ਚ ਘਟੀਆ ਪਾਣੀ ਵੇਚਣ ਵਾਲੇ ਬਾਜ਼ ਆ ਜਾਣ : ਪੰਨੂੰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਭਰ ਵਿਚ ਫੂਡ ਸੇਫਟੀ ਟੀਮਾਂ ਵਲੋਂ ਚਲਾਈ ਜਾ ਰਹੀ ਜਾਂਚ ਮੁਹਿੰਮ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੈਰ ਮੰਨਜ਼ੂਰਸ਼ੁਦਾ ਪੈਕਡ ਪਾਣੀ ਦੀ ਵਿਕਰੀ ਵਿੱਚ ਕੁੱਝ ਗੈਰ-ਸਮਾਜਿਕ ਤੱਤ ਸ਼ਾਮਿਲ ਹਨ।। ਇਸ ਦਾ ਪ੍ਰਗਟਾਵਾ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ, ਪੰਜਾਬ ਸ੍ਰੀ ਕੇ ਐਸ ਪੰਨੂੰ ਨੇ ਕੀਤਾ।। ਉਨਾਂ ਕਿਹਾ ਕਿ ਇਹ ਹੈਰਾਨੀਯੋਗ ਗੱਲ ਹੈ ਕਿ ਛਬੀਲਾਂ ਲਗਾ ਕੇ ਰਾਹ ਜਾਂਦੇ ਲੋਕਾਂ ਦੀ ਪਿਆਸ ਬੁਝਾਉਣ ਦੀ ਮਹਾਨ ਰਵਾਇਤ ਦੀ ਪਾਲਣਾ ਕਰਨ ਵਾਲੀ ਧਰਤੀ ਉਤੇ ਕੁੱਝ ਭ੍ਰਿਸ਼ਟ ਲੋਕ ਪੈਕ ਕੀਤੇ ਹੋਏ ਪੀਣ ਯੋਗ ਪਾਣੀ ਦੀ ਆੜ ਵਿੱਚ ਅਸੁਰੱਖਿਅਤ ਪੀਣ ਯੋਗ ਪਾਣੀ ਦੀ ਵਿਕਰੀ ਕਰ ਰਹੇ ਹਨ।
ਉਹਨਾਂ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ ਦੀਆਂ ਧਾਰਾਵਾਂ ਅਨੁਸਾਰ ਕੋਈ ਵੀ ਵਿਅਕਤੀ ਆਈ.ਐਸ.ਆਈ ਸਰਟੀਫਿਕੇਸ਼ਨ ਤੋਂ ਬਗੈਰ ਨਾ ਤਾਂ ਪੈਕ ਕੀਤੇ ਹੋਏ ਪੀਣ ਯੋਗ ਪਾਣੀ ਦਾ ਉਤਪਾਦਨ ਕਰ ਸਕਦਾ ਹੈ ਤੇ ਨਾ ਹੀ ਵਿਕਰੀ ਕਰ ਸਕਦਾ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼ 2011 ਦੇ ਅਨੁਸਾਰ ਕੋਈ ਵੀ ਵਿਅਕਤੀ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵਲੋਂ ਤਸਦੀਕ ਮਾਰਕੇ ਬਿਨਾਂ ਪੈਕ ਕੀਤੇ ਹੋਏ ਪੀਣ ਯੋਗ ਪਾਣੀ/ਮਿਨਰਲ ਵਾਟਰ ਦਾ ਉਤਪਾਦਨ ਤੇ ਵਿਕਰੀ  ਨਹੀਂ ਕਰ ਸਕਦਾ।। ਪਰ ਇਹ ਵੇਖਿਆ ਗਿਆ ਹੈ ਕਿ ਕਈ ਲੋਕ/ਫਰਮਾਂ ਹਰਬਲ ਵਾਟਰ, ਅਰੋਮਾ ਵਾਟਰ, ਵਿਟਾਮਿਨ ਵਾਟਰ ਆਦਿ ਦੀ ਬਿਨਾਂ ਬੀ.ਆਈ.ਐਸ. ਸਰਟੀਫਿਕੇਸਨ ਜਾਂ ਫਿਰ ਨਕਲੀ ਮਾਰਕੇ ਲਗਾ ਕੇ ਗੁਮਰਾਹਕੁੰਨ ਜਾਣਕਾਰੀ ਦੀ ਵਰਤੋਂ ਕਰਦਿਆਂ 200 ਮਿਲੀ ਲੀਟਰ ਦੇ ਕੱਪਾਂ, 01 ਲੀਟਰ ਦੀਆਂ ਬੋਤਲਾਂ, 15-25 ਲੀਟਰ ਦੀ ਪੈਕਿੰਗ ਦੀ ਸਪਲਾਈ ਜਾਂ ਵਿਕਰੀ ਕਰ ਰਹੇ ਹਨ।। ਸ੍ਰੀ ਪੰਨੂੰ ਨੇ ਦੱਸਿਆ ਕਿ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕੋਈ ਵੀ ਵਿਅਕਤੀ ਬੀ.ਆਈ.ਐਸ. ਸਰਟੀਫਿਕੇਸ਼ਨ ਅਤੇ ਐਫ.ਐਸ.ਏ.ਆਈ ਲਾਇਸੈਂਸ/ਸਰਟੀਫਿਕੇਸ਼ਨ ਬਿਨਾਂ ਕਿਸੇ ਵੀ ਤਰਾਂ ਦਾ ਪੀਣ ਯੋਗ ਪਾਣੀ ਦੀ ਵਿਕਰੀ ਨਹੀਂ ਕਰ ਸਕਦਾ।
ਫੂਡ ਅਤੇ ਡਰੱਗ ਪ੍ਰਬੰਧਨ ਕਮਿਸ਼ਨਰ ਨੇ ਅਜਿਹੀਆਂ ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਿਲ ਵਿਅਕਤੀਆਂ ਨੂੰ ਅਗਾਊਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ ਆਪਣਾ  ਵਪਾਰ ਕਾਨੂੰਨ ਅਨੁਸਾਰ ਕਰਨ ਜਾਂ ਫਿਰ ਬਣਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।। ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।