• Home
  • ਖਹਿਰਾ, ਬੈਂਸ ,ਬਸਪਾ ਤੇ ਗਾਂਧੀ ਨੇ ਡੈਮੋਕ੍ਰੇਟਿਕ ਅਲਾਇੰਸ ਬਣਾ ਕੇ ਕੀਤੀ 9 ਸੀਟਾਂ ਦੀ ਵੰਡ -ਪੜ੍ਹੋ ਕੌਣ ਕਿੱਥੋਂ ਚੋਣ ਲੜੇਗਾ ?

ਖਹਿਰਾ, ਬੈਂਸ ,ਬਸਪਾ ਤੇ ਗਾਂਧੀ ਨੇ ਡੈਮੋਕ੍ਰੇਟਿਕ ਅਲਾਇੰਸ ਬਣਾ ਕੇ ਕੀਤੀ 9 ਸੀਟਾਂ ਦੀ ਵੰਡ -ਪੜ੍ਹੋ ਕੌਣ ਕਿੱਥੋਂ ਚੋਣ ਲੜੇਗਾ ?

: ਜਲੰਧਰ : ਜਲੰਧਰ ਵਿਖੇ ਬੀਤੀ ਦੇਰ ਸ਼ਾਮ ਹੋਈ ਇੱਕ ਮੀਟਿੰਗ ਵਿੱਚ ਪੰਜਾਬ ਏਕਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ ਅਤੇ ਡਾ. ਗਾਂਧੀ ਐਮ.ਪੀ ਦੀ ਅਗਵਾਈ ਵਾਲੇ ਪੰਜਾਬ ਮੰਚ ਨੇ ਅਗਾਮੀ ਲੋਕ ਸਭਾ ਚੋਣਾਂ ਪੰਜਾਬ ਡੈਮੋਕ੍ਰੇਟਿਕ ਅਲਾਂਇੰਸ ਦੇ ਬੈਨਰ ਹੇਠ ਲੜਣ ਦਾ ਫੈਸਲਾ ਕੀਤਾ। ਉਪਰੋਕਤ ਦੱਸੇ ਸਾਰੇ ਹੀ ਗਠਜੋੜ ਭਾਈਵਾਲਾਂ ਵਿੱਚ 9 ਲੋਕ ਸਭਾ ਸੀਟਾਂ ਉੱਪਰ ਸਹਿਮਤੀ ਹੋ ਗਈ ਹੈ ਜੋ ਕਿ ਪੀ.ਡੀ.ਏ ਦੇ ਬੈਨਰ ਹੇਠ ਲੜੀਆਂ ਜਾਣਗੀਆਂ।
ਪਾਰਟੀਵਾਰ ਸੀਟਾਂ ਦੀ ਵੰਡ ਹੇਠ ਲਿਖੇ ਅਨੁਸਾਰ ਹੈ:
ਬਹੁਜਨ ਸਮਾਜ ਪਾਰਟੀ – ਆਨੰਦਪੁਰ ਸਾਹਿਬ, ਜਲੰਧਰ ਅਤੇ ਹੋਸ਼ਿਆਰਪੁਰ – 3
ਪੰਜਾਬ ਏਕਤਾ ਪਾਰਟੀ – ਬਠਿੰਡਾ ਅਤੇ ਫਰੀਦਕੋਟ – 2
ਲੋਕ ਇਨਸਾਫ ਪਾਰਟੀ- ਲੁਧਿਆਣਾ, ਅੰਮ੍ਰਿਤਸਰ ਅਤੇ ਫਤਿਹਗੜ ਸਾਹਿਬ – 3
ਪੰਜਾਬ ਮੰਚ – ਪਟਿਆਲਾ – 1
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਗਠਜੋੜ ਭਾਈਵਾਲਾਂ ਨੇ ਕਿਹਾ ਕਿ ਪਿਛਲੇ ਅਨੇਕਾਂ ਦਹਾਕਿਆਂ ਤੋਂ ਵਾਰੀ ਸਿਰ ਸੂਬੇ ਨੂੰ ਲੁੱਟਣ ਵਾਲੀਆਂ ਭ੍ਰਿਸ਼ਟ ਰਵਾਇਤੀ ਪਾਰਟੀਆਂ ਦੇ ਚੁੰਗਲ ਤੋਂ ਪੰਜਾਬ ਨੂੰ ਅਜਾਦ ਕਰਵਾਉਣ ਵਾਸਤੇ ਅਲਾਂਇੰਸ ਦਾ ਗਠਨ ਹੋਇਆ ਹੈ। ਗਠਜੋੜ ਆਗੂਆਂ ਨੇ ਕਿਹਾ ਕਿ ਉਕਤ ਭ੍ਰਿਸ਼ਟ ਪਾਰਟੀਆਂ ਦੇ ਕੁਸ਼ਾਸਨ ਦੇ ਨਤੀਜੇ ਵਜੋਂ ਪੰਜਾਬ ੨.੫ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਝੇਲ ਰਿਹਾ ਹੈ, ਕਿਸਾਨ ਅਤੇ ਖੇਤ ਮਜਦੂਰ ਕਰਜੇ ਕਾਰਨ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ, ਲੱਖਾਂ ਨੋਜਵਾਨ ਬੇਰੋਜਗਾਰ ਘੁੰਮ ਰਹੇ ਹਨ ਅਤੇ ਡਰੱਗਸ ਦੇ ਸ਼ਿਕਾਰ ਹੋ ਰਹੇ ਹਨ, ਵਪਾਰੀ ਅਤੇ ਸਨਅਤਕਾਰ ਕੇਂਦਰ ਵਿਚਲੀਆਂ ਸਰਕਾਰਾਂ ਦੀਆਂ ਪੱਖਪਾਤੀ ਨੀਤੀਆਂ ਦੀ ਮਾਰ ਝੇਲ ਰਹੇ ਹਨ, ਪੰਜਾਬ ਵਿੱਚ ਹਰ ਤਰਾਂ ਦਾ ਮਾਫੀਆ ਪ੍ਰਬਲ ਹੈ, ਸਿੱਖਿਆ ਅਤੇ ਸਿਹਤ ਪ੍ਰਣਾਲੀ ਢਹਿ ਢੇਰੀ ਹੋ ਚੁੱਕੀ ਹੈ, ਵਾਤਾਵਰਣ ਅਤੇ ਦਰਿਆਈ ਪਾਣੀ ਜਹਰੀਲੇ ਹੋ ਗਏ ਹਨ, ਅਮਨ ਕਾਨੂੰਨ ਦੀ ਸਥਿਤੀ ਢਹਿ ਢੇਰੀ ਹੋ ਚੁੱਕੀ ਹੈ ਜਿਸ ਨਾਲ ਕਿ ਜੰਗਲ ਰਾਜ ਵਰਗਾ ਮਾਹੋਲ ਹੈ, ਸਰਕਾਰੀ ਮੁਲਾਜਮਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ, ਦਲਿਤਾਂ ਅਤੇ ਕਮਜੋਰ ਵਰਗਾਂ ਦੀਆਂ ਭਾਵਨਾਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਆਦਿ ਵਰਗੇ ਰਜਵਾੜਾਸ਼ਾਹੀ ਲੀਡਰਾਂ ਵੱਲੋਂ ਦਬਾਇਆ ਜਾ ਰਿਹਾ ਹੈ।
ਅਲਾਇੰਸ ਲੀਡਰਾਂ ਨੇ ਮੁੜ ਦੁਹਰਾਇਆ ਕਿ ਮੁੱਦਿਆਂ ਉੱਤੇ ਅਧਾਰਿਤ ਸਾਫ ਸੁਥਰੀ ਅਤੇ ਜਵਾਬਦੇਹ ਰਾਜਨੀਤੀ ਲਈ ਉਹ ਦ੍ਰਿੜ ਹਨ ਅਤੇ ਉਹਨਾਂ ਦਾ ਮਕਸਦ ਸਿਰਫ ਲੋਕ ਸਭਾ ਸੀਟਾਂ ਸ਼ੇਅਰ ਕਰਨਾ ਹੀ ਨਹੀਂ ਬਲਕਿ ਪੰਜਾਬ ਦੀਆਂ ਲੰਮੇ ਸਮੇਂ ਤੋ ਚਲੀਆਂ ਆ ਰਹੀਆਂ ਹੱਕੀ ਮੰਗਾਂ ਲਈ ਸੰਘਰਸ਼ ਨੂੰ ਵੀ ਜਾਰੀ ਰੱਖਣਾ ਹੈ ਚਾਹੇ ਇਹ ਦਰਿਆਈ ਪਾਣੀ ਹੋਣ, ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਹੋਵੇ, ਰਾਜਧਾਨੀ ਚੰਡੀਗੜ ਦੇ ਉੱਪਰ ਸਾਡਾ ਹੱਕੀ ਦਾਅਵਾ ਹੋਵੇ ਅਤੇ ਸੂਬਿਆਂ ਨੂੰ ਵੱਧ ਤਾਕਤਾਂ ਅਤੇ ਖੁਦਮੁਖਤਿਆਰੀ ਦੇਣ ਵਾਲੇ ਸਹੀ ਫੈਡਰਲ ਸਿਸਟਮ ਦੀ ਮੰਗ ਹੋਵੇ।
ਖਹਿਰਾ ਨੇ ਕਿਹਾ ਕਿ ਗਠਜੋੜ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਨਿਆਂ ਯਕੀਨੀ ਬਣਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖੇਗਾ ਜਿਸ ਤੋਂ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੈਰ ਪਿੱਛੇ ਖਿੱਚ ਰਹੀ ਹੈ ਅਤੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ, ਸਬਕਾ ਡਿਪਟੀ ਸੀ.ਐਮ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਤਾਕਤਵਰ ਲੋਕਾਂ ਨੂੰ ਸਜ਼ਾ ਦੇਣ ਦੀ ਇੱਛੁਕ ਨਹੀਂ ਹੈ।
ਖਹਿਰਾ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਅਕਾਲੀ ਦਲ ਟਕਸਾਲੀ ਨੇ ਆਨੰਦਪੁਰ ਸਾਹਿਬ ਸੀਟ ਤੋਂ ਆਪਣੇ ਉਮੀਦਵਾਰ ਦਾ ਨਾਮ ਇਕਤਰਫਾ ਹੀ ਐਲਾਨ ਦਿੱਤਾ ਜਦਕਿ ਪੀ.ਡੀ.ਏ ਵਿੱਚ ਇਸ ਉੱਪਰ ਵਿਚਾਰ ਚਰਚਾ ਹੋ ਰਹੀ ਸੀ। ਉਹਨਾਂ ਕਿਹਾ ਕਿ ਪੀ.ਡੀ.ਏ ਇਸ ਗੱਲ ਦਾ ਹਾਮੀ ਹੈ ਕਿ ਵਿਰੋਧੀ ਧਿਰ ਪੂਰੀ ਤਰਾਂ ਨਾਲ ਇਕੱਠੀ ਹੋਣੀ ਚਾਹੀਦੀ ਹੈ ਅਤੇ ਇਸ ਦਿਸ਼ਾ ਵਿੱਚ ਅਕਾਲੀ ਦਲ ਟਕਸਾਲੀ ਦੇ ਲੀਡਰਾਂ ਨੂੰ ਆਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਵਾਪਿਸ ਲੈਣਾ ਚਾਹੀਦਾ ਹੈ ਅਤੇ ਪੰਜਾਬ ਦੇ ਵੱਡੇ ਹਿੱਤ ਵਿੱਚ ਅਲਾਇੰਸ ਦਾ ਹਿੱਸਾ ਬਣਨਾ ਚਾਹੀਦਾ ਹੈ। 
ਕਾਂਗਰਸ, ਅਕਾਲੀ ਦਲ, ਭਾਜਪਾ ਵਰਗੀਆਂ ਭ੍ਰਿਸ਼ਟ ਪਾਰਟੀਆਂ ਤੋਂ ਸਮਾਂਤਰ ਦੂਰੀ ਬਣਾ ਕੇ ਰੱਖਣ ਵਾਲੀਆਂ ਸਾਰੀਆਂ ਹੀ ਹਮਖਿਆਲ ਪਾਰਟੀਆਂ ਅਤੇ ਤਾਕਤਾਂ ਨੂੰ ਪੀ.ਡੀ.ਏ ਸੱਦਾ ਦਿੰਦਾ ਹੈ ਕਿ ਸਾਡੇ ਨਾਲ ਹੱਥ ਮਿਲਾਉ ਤਾਂ ਕਿ ਪੰਜਾਬ ਨੂੰ ਭ੍ਰਿਸ਼ਟ ਅਤੇ ਤਾਨਾਸ਼ਾਹ ਤਾਕਤਾਂ ਤੋਂ ਅਜਾਦ ਕਰਵਾਇਆ ਜਾ ਸਕੇ। ਇਸ ਸਬੰਧੀ ਪੀ.ਡੀ.ਏ ਦਾ ਸੀ.ਪੀ.ਆਈ, ਸੀ.ਪੀ.ਐਮ, ਆਰ.ਐਮ.ਪੀ.ਆਈ ਪਾਸਲਾ ਗਰੁੱਪ ਅਤੇ ਵੱਖ ਵੱਖ ਭਾਰਤੀ ਕਿਸਾਨ ਯੂਨੀਅਨਾਂ ਨੂੰ ਸੱਦਾ ਹੈ ਕਿ ਸਾਡਾ ਸਾਥ ਦਿਉ ਤਾਂ ਕਿ ਅਸੀਂ ਉਹਨਾਂ ਸਾਰਿਆਂ ਨੂੰ ਹਰਾ ਸਕੀਏ ਜੋ ਕਿ ਪੰਜਾਬ ਨੂੰ ਤਬਾਹੀ ਦੀ ਕਗਾਰ ਤਕ ਲੈ ਕੇ ਆਉਣ ਦੇ ਜਿੰਮੇਵਾਰ ਹਨ। ਗਠਜੋੜ ਦੇ ਲੀਡਰਾਂ ਨੇ ਦੱਸਿਆ ਕਿ ਬਾਕੀ ਰਹਿੰਦੀਆਂ ਚਾਰ ਸੀਟਾਂ ਦਾ ਵੀ ਜਲਦ ਹੀ ਫੈਸਲਾ ਕੀਤਾ ਜਾਵੇਗਾ। 
ਖਹਿਰਾ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਪੰਜਾਬ ਮੰਚ ਦੇ ਡਾ. ਧਰਮਵੀਰ ਗਾਂਧੀ ਐਮ.ਪੀ, ਬਸਪਾ ਪੰਜਾਬ ਪ੍ਰਧਾਨ ਰਛਪਾਲ ਸਿੰਘ ਰਾਜੂ, ਸ਼੍ਰੀ ਰਣਧੀਰ ਬੈਣੀਵਾਲ ਇੰਚਾਰਜ ਬਸਪਾ ਪੰਜਾਬ, ਸ. ਸਿਮਰਜੀਤ ਸਿੰਘ ਬੈਂਸ ਪ੍ਰਧਾਨ ਲੋਕ ਇਨਸਾਫ ਪਾਰਟੀ, ਸ. ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਪੀ.ਏ.ਸੀ ਮੈਂਬਰ ਪੀ.ਈ.ਪੀ, ਲੋਕ ਇਨਸਾਫ ਪਾਰਟੀ ਦੇ ਸ. ਜਸਵਿੰਦਰ ਸਿੰਘ ਖਾਲਸਾ ਅਤੇ ਪੰਜਾਬ ਮੰਚ ਦੇ ਡਾ. ਜੇ.ਐਸ. ਚੀਮਾ ਹਾਜਿਰ ਸਨ।