• Home
  • ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅੰਤਰਰਾਸ਼ਟਰੀ ਕਵੀ ਦਰਬਾਰ ਸੁਲਤਾਨਪੁਰ ਲੋਧੀ ਵਿਖੇ ਨਵੰਬਰ ਚ ਹੋਵੇਗਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅੰਤਰਰਾਸ਼ਟਰੀ ਕਵੀ ਦਰਬਾਰ ਸੁਲਤਾਨਪੁਰ ਲੋਧੀ ਵਿਖੇ ਨਵੰਬਰ ਚ ਹੋਵੇਗਾ

ਲੁਧਿਆਣਾ 3 ਮਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮਿਤੀ 8 ਨਵੰਬਰ ਤੋਂ 13 ਨਵੰਬਰ 2019 ਤੀਕ ਸੁਲਤਾਨਪੁਰ ਲੋਧੀ ਵਿਖੇ ਕੌਮੀ ਪੱਧਰ ਤੇ ਮਨਾਇਆ ਜਾ ਰਿਹਾ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਵੱਲੋਂ ਸਥਾਪਿਤ ਗੁਰੂ ਨਾਨਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੇ ਕਰਵਾਏ ਜਾਣ ਵਾਲੇ ਕਵੀ ਦਰਬਾਰਾਂ ਲਈ ਨਿਰਧਾਰਿਤ ਸਬ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾ: ਦਸਵੀਂ,ਆਲਮਗੀਰ (ਲੁਧਿਆਣਾ)ਵਿਖੇ ਹੋਈ ਜਿਸ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਪਹਿਲਾਂ ਇਹ ਕਵੀ ਦਰਬਾਰ ਪੰਜਾਬ ਵਿੱਚ ਤਿੰਨ ਵੱਖ-ਵੱਖ ਜਗ੍ਹਾ ਕੀਰਤਪੁਰ ਸਾਹਿਬ(ਰੂਪਨਗਰ), ਡੇਰਾ ਬਾਬਾ ਨਾਨਕ(ਗੁਰਦਾਸਪੁਰ) ਅਤੇ ਪਟਿਆਲਾ ਵਿਖੇ ਕਰਵਾਏ ਜਾਣਗੇ।ਇਨ੍ਹਾਂ ਚੋਂ ਚੋਣਵੇਂ ਕਵੀ ਅਤੇ ਕੁਝ ਸਿਰਕੱਢ ਕਵੀ ਸੁਲਤਾਨਪੁਰ ਲੋਧੀ ਵਿਖੇ ਸ਼ਤਾਬਦੀ ਸਮਾਗਮਾਂ ਸਮੇਂ ਕਰਵਾਏ ਜਾ ਰਹੇ ਮੁੱਖ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ।
ਕਵੀ ਦਰਬਾਰ ਦੇ ਕਨਵੀਨਰ ਸ: ਸੁਖਦੇਵ ਸਿੰਘ ਨੇ ਦੱਸਿਆ ਕਿ ਕਵੀ ਦਰਬਾਰ ਚ ਪੇਸ਼ ਹੋਣ ਵਾਲੀਆਂ ਕਵਿਤਾਵਾਂ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਨਾਲ ਸਬੰਧਤ ਹੀ ਹੋਵੇਗਾ।
ਮੁੱਢਲੇ ਤਿੰਨ ਖੇਤਰੀ ਕਵੀ ਦਰਬਾਰਾਂ ਵਿੱਚ ਹਰ ਉਮਰ ਵਰਗ ਦੇ ਕਵੀਆਂ ਦੀਆਂ ਮੌਲਿਕ ਰਚਿਨਾਵਾਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮੇਂ ਮੁੱਖ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਵੱਖ-ਵੱਖ ਭਾਸ਼ਾਵਾਂ ਅਤੇ ਧਰਮਾਂ ਦੇ ਕਵੀਆਂ ਦੀ ਸ਼ਮੂਲੀਅਤ ਵੀ ਕਰਵਾਈ ਜਾਵੇਗੀ।
ਇਸ ਕਵੀ ਦਰਬਾਰ ਕਮੇਟੀ ਦੇ ਕਨਵੀਨਰ ਪ੍ਰੋ: ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਕਵੀ ਦਰਬਾਰ 'ਚ ਸ਼ਾਮਲ ਕਵਿਤਾਵਾਂ ਨੂੰ ਪਹਿਲਾਂ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਬਾਅਦ ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਤੇ ਨੈਸ਼ਨਲ ਬੁੱਕ ਟਰੱਸਟ ਦੀ ਮਦਦ ਨਾਲ ਭਾਰਤੀ ਭਾਸ਼ਾਵਾਂ 'ਚ ਅਨੁਵਾਦ ਕਰਕੇ ਪ੍ਰਕਾਸ਼ਿਤ ਕਰਵਾਇਆ ਜਾਵੇਗਾ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੁਝਾਅ ਦਿੱਤਾ ਕਿ ਬਦੇਸ਼ਾਂ ਚ ਵੱਸਦੇ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਵੀ ਰੀਕਾਰਡਡ ਰੂਪ ਚ ਮੰਗਵਾ ਕੇ ਕਵੀ ਦਰਬਾਰ ਚ ਸ਼ਮੂਲੀਅਤ ਲਈ ਵਿਚਾਰ ਲਈਆਂ ਜਾਣ।
ਇਸ ਮੌਕੇ ਸ: ਰਛਪਾਲ ਸਿੰਘ ਜੀ ਪਾਲ ਜੀ ਦਾ ਸਟੇਜੀ ਕਵਿਤਾ ਵਿੱਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਕੱਤਰਤਾ ਵਿੱਚ ਪ੍ਰੋ: ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ(ਲੁਧਿਆਣਾ), ਸ: ਰਛਪਾਲ ਸਿੰਘ ਜੀ ਪਾਲ ਜਲੰਧਰ , ਪ੍ਰਿੰਸੀਪਲ ਜਸਵੀਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਪ੍ਰੋ: ਸੁਖਦੇਵ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਆਦਿ ਸ਼ਾਮਲ ਹੋਏ।ਇਸ ਸਮੇਂ ਸ: ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਕਮੇਟੀ, ਸ: ਰੇਸ਼ਮ ਸਿੰਘ ਮੈਨੇਜਰ, ਸ: ਗੁਰਮੀਤ ਸਿੰਘ ਮੀਤ ਮੈਨੇਜਰ ਆਦਿ ਵੀ ਹਾਜ਼ਰ ਸਨ।