• Home
  • “ਸ਼ਰਾਬ ਸ਼ੌਕੀਨਾਂ” ਲਈ ਬੁਰੀ ਖ਼ਬਰ—!

“ਸ਼ਰਾਬ ਸ਼ੌਕੀਨਾਂ” ਲਈ ਬੁਰੀ ਖ਼ਬਰ—!

ਚਿਤਵਨ ਵਿਨਾਇਕ
ਚੰਡੀਗੜ : ਸ਼ਰਾਬ ਦੇ ਸ਼ੌਕੀਨਾਂ ਲਈ ਇਕ ਬੁਰੀ ਖ਼ਬਰ ਹੈ ਕਿਉਂਕਿ ਸਰਕਾਰ ਸ਼ਰਾਬ ਘਰ ਜਾਂ ਗੱਡੀਆਂ ਆਦਿ 'ਚ ਸ਼ਰਾਬ ਸਟੋਰ ਕਰ ਕੇ ਰੱਖਣ ਵਾਲਿਆਂ ਵਿਰੁਧ ਸ਼ਿਕੰਜਾ ਕਸਣ ਜਾ ਰਹੀ ਹੈ। ਐਕਸਾਈਜ ਵਿਭਾਗ ਪੰਜਾਬ ਨੇ ਫੈਸਲਾ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ 1 ਬੋਤਲ ਤੋਂ ਵੱਧ ਸ਼ਰਾਬ ਮਿਲੇਗੀ ਤਾਂ ਉਸ ਨੂੰ ਇਕ ਲੱਖ ਰੁਪਏ ਤਕ ਦਾ ਜੁਰਮਾਨਾ ਵੀ ਭੁਗਤਣਾ ਪੈ ਸਕਦਾ ਹੈ। ਵਿਭਾਗ ਦੇ ਸੂਤਰਾਂ ਮੁਤਾਬਕ ਸ਼ਰਾਬ ਸਟੋਰ ਕਰ ਕੇ ਰੱਖਣ ਵਾਲੇ ਵਿਰੁਧ ਐਫ਼ ਆਈ ਆਰ ਵੀ ਦਰਜ ਹੋ ਸਕਦੀ ਹੈ।
ਇਸ ਨੂੰ ਸਰਕਾਰ ਦੀ ਕਮਾਈ ਦਾ ਸਾਧਨ ਕਹਿ ਲਵੋ ਜਾਂ ਸੁਧਾਰ ਕਹਿ ਲਵੋ ਪਰ ਸਰਕਾਰ ਨੇ ਇਸ ਦੇ ਬਕਾਇਦਾ ਨੀਤੀ ਤਿਆਰ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਸ਼ਰਾਬ ਦੀ ਇਕ ਤੋਂ ਵੱਧ ਬੋਤਲ ਘਰ ਜਾਂ ਹੋਰ ਕਿਤੇ ਰਖਣਾ ਚਾਹੁੰਦਾ ਹੈ ਤਾਂ ਉਸ ਨੂੰ ਐਲ-50 ਲਾਇਸੰਸ ਲੈਣਾ ਪਵੇਗਾ, ਜਿਸ ਦਾ ਅਰਥ ਇਹ ਹੈ ਕਿ ਜੇਕਰ ਤੁਸੀਂ ਇਕ ਸਾਲ ਲਈ ਲਾਇਸੰਸ ਲਵੋਂਗੇ ਤਾਂ ਤੁਹਾਨੂੰ 1000 ਰੁਪਏ ਤਾਰਨੇ ਪੈਣਗੇ ਤੇ ਤੁਸੀਂ 24 ਬੋਤਲਾਂ ਘਰ ਵਿਚ ਰੱਖ ਸਕਦੇ ਹੋਂ ਤੇ ਜੇਕਰ ਪੂਰੀ ਜ਼ਿੰਦਗੀ ਭਰ ਲਈ ਇਹ ਲਾਇਸੰਸ ਲੈਣਾ ਹੈ ਤਾਂ ਇਸ ਦੀ ਫ਼ੀਸ 10000 ਰੁਪਏ ਹੋਵੇਗੀ।
ਐਕਸਾਈਜ ਵਿਭਾਗ ਦਾ ਮੰਨਣਾ ਹੈ ਕਿ ਇਸ ਨੀਤੀ ਨਾਲ ਇਕ ਸੂਬੇ ਤੋਂ ਦੂਜੇ ਸੂਬੇ 'ਚ ਸ਼ਰਾਬ ਲਿਜਾਣ 'ਤੇ ਰੋਕ ਲੱਗ ਜਾਵੇਗੀ ਤੇ ਵਿਭਾਗ ਬਕਾਇਦਾ ਸੂਬੇ ਦੀਆਂ ਹੱਦਾਂ 'ਤੇ ਨਾਕੇਬੰਦੀ ਕਰੇਗਾ ਤੇ ਅਜਿਹੇ ਅਨਸਰਾਂ ਵਿਰੁਧ ਸ਼ਿਕੰਜਾ ਕਸੇਗਾ ਜਿਹੜੇ ਦੂਜੇ ਰਾਜਾਂ ਤੋਂ ਸ਼ਰਾਬ ਲਿਆ ਕੇ ਪੰਜਾਬ 'ਚ ਵੇਚਦੇ ਹਨ।