• Home
  • ਗੈਂਗਸਟਰ ਹਥਿਆਰ ਸੁੱਟ ਦੇਣ, ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ : ਕੈਪਟਨ

ਗੈਂਗਸਟਰ ਹਥਿਆਰ ਸੁੱਟ ਦੇਣ, ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ : ਕੈਪਟਨ

ਚੰਡੀਗੜ,(ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੀ ਪੰਜਾਬ ਨਿਊਜ਼ ਟੀਵੀ ਚੈਨਲ ਵਲੋਂ ਕਰਵਾਏ ਗਏ ਪ੍ਰੋਗਰਾਮ 'ਪੰਜਾਬ ਵਾਰਤਾ' ਵਿਚ ਭਾਗ ਲੈਣ ਸਮੇਂ ਕਿਹਾ ਕਿ ਪੰਜਾਬ ਪੁਲਿਸ ਨੇ ਗੈਂਗਸਟਰਾਂ ਤੇ ਗੁੰਡਿਆਂ ਵਿਰੁਧ ਤਕੜੀ ਮੁਹਿੰਮ ਚਲਾਈ ਹੋਈ ਹੈ। ਪੁਲਿਸ ਕਿਸੇ ਵੀ ਗ਼ਲਤ ਅਨਸਰ ਨੂੰ ਨਹੀਂ ਬਖ਼ਸ਼ੇਗੀ। ਉਨਾਂ ਕਿਹਾ ਕਿ ਅਗਰ ਗੈਂਗਸਟਰ ਹਥਿਆਰ ਨਹੀਂ ਸੁੱਟਦੇ ਤਾਂ ਗੋਲੀ ਮਾਰ ਦਿੱਤੀ ਜਾਵੇਗੀ।
ਕੈਪਟਨ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਪੰਜਾਬ ਸਹੀ ਹੋਵੇ। ਉਨਾਂ ਕਿਹਾ ਕਿ ਜੋ ਸਹੀ ਨਹੀਂ ਹੋਵੇਗਾ ਉਸ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਹੁਣ ਤਕ ਪੰਜਾਬ 'ਚ ਜੋ ਵੀ ਗ਼ਲਤ ਹੋਇਆ ਉਸ ਨੂੰ ਸਾਡੀ ਸਰਕਾਰ ਠੀਕ ਕਰਨ 'ਤੇ ਲੱਗੀ ਹੋਈ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨਾਂ ਦੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਹੈ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ 'ਤੇ ਸਰਕਾਰ ਦੀ ਪੂਰੀ ਨਜ਼ਰ ਰਹਿੰਦੀ ਹੈ ਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕੈਪਟਨ ਨੇ ਕਿਹਾ ਕਿ ਉਹ ਸੁਧਰ ਜਾਣ ਨਹੀਂ ਤਾਂ ਸਰਕਾਰ ਅਜਿਹੇ ਅਨਸਰਾਂ ਨੂੰ ਬਖ਼ਸੇਗੀ ਨਹੀਂ।
ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਇਕ ਪ੍ਰਪੱਕ ਆਗੂ ਹਨ ਤੇ ਆਉਣ ਵਾਲੇ ਸਮੇਂ 'ਚ ਉਹ ਵਧੀਆ ਪ੍ਰਧਾਨ ਮੰਤਰੀ ਸਾਬਤ ਹੋਣਗੇ। ਉਨਾਂ ਭਾਜਪਾ 'ਤੇ ਵਾਰ ਕਰਦਿਆਂ ਕਿਹਾ ਕਿ ਭਾਜਪਾ ਆਗੂ ਤਾਂ ਹੰਕਾਰ 'ਚ ਤਰਾਂ-ਤਰਾਂ ਦਾ ਬੋਲਦੇ ਰਹਿੰਦੇ ਹਨ ਜਦਕਿ ਰਾਹੁਲ ਗਾਂਧੀ ਦੇਸ਼ ਦੇ ਹਰਮਨਪਿਆਰੇ ਆਗੂ ਹਨ।
ਪੰਜਾਬ 'ਚ ਨਸ਼ੇ ਦੀ ਸਥਿਤੀ ਬਾਰੇ ਕੈਪਟਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨਸ਼ੇ 'ਤੇ ਰੋਕ ਲਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ। ਉਨਾਂ ਅੰਕੜਿਆਂ ਸਮੇਤ ਦਸਿਆ ਕਿ ਕਿਵੇਂ ਸਰਕਾਰ ਨੇ ਨਸ਼ੇ ਤੇ ਨਸ਼ੇ ਦੇ ਸੌਦਾਗਰਾਂ ਦੀ ਨਕੇਲ ਕਸੀ ਹੈ।
ਪੰਜਾਬ 'ਚ ਇੰਡਸਟਰੀ ਦੀ ਸਥਿਤੀ ਬਾਰੇ ਕੈਪਟਨ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਕੰਪਨੀਆਂ ਨੂੰ ਪੰਜਾਬ 'ਚ ਪੂੰਜੀ ਲਾਉਣ ਲਈ ਉਤਸ਼ਾਹ ਕਰ ਰਹੀ ਹੈ। ਉਨਾਂ ਬਾਦਲ ਸਰਕਾਰ 'ਤੇ ਵਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਸਾਰੀ ਇੰਡਸਟਰੀ ਦੂਜੇ ਸੂਬਿਆਂ 'ਚ ਚਲੀ ਗਈ ਤੇ ਅਕਾਲੀਆਂ ਨੇ ਆਪਣੀਆਂ ਜਾਇਦਾਦਾਂ ਬਣਾਉਣ 'ਤੇ ਹੀ ਜ਼ੋਰ ਲਾ ਦਿੱਤਾ।