ਲੁਧਿਆਣਾ ਵਾਸੀ ਵਿਦਿਆਰਥਣ ਨੂੰ ਅਗਵਾ ਕਰਕੇ ਦਰਜਣ ਦੇ ਕਰੀਬ ਬਦਮਾਸ਼ਾਂ ਵੱਲੋਂ ਜਬਰ-ਜ਼ਨਾਹ

  • ਜਾਨ ਬਖਸ਼ਣ ਲਈ ਫਿਰੌਤੀ ਵੀ ਮੰਗੀ
  • ਰਾਤ ਸਮੇਂ ਮਹਿਲਾ ਡਾਕਟਰ ਨਾ ਹੋਣ ਕਾਰਨ ਡਾਕਟਰੀ ਮੁਆਇਨਾ ਨਾ ਹੋ ਸਕਿਆ ਅਤੇ ਅੱਜ ਵੀ ਕਈ ਘੰਟੇ ਰੁਲਦੀ ਰਹੀ ਪੀੜਤ
    ਲੁਧਿਆਣਾ 11 ਫਰਵਰੀ (ਗਿੱਲ)
    ਲੁਧਿਆਣਾ ਵਾਸੀ 21 ਸਾਲਾ ਕਾਲਜ ਵਿਦਿਆਰਥਣ ‘ਤੇ ਸ਼ਨੀਵਾਰ ਦੀ ਰਾਤ ਅਜਿਹਾ ਕਹਿਰ ਬਣਕੇ ਟੁੱਟੀ ਕਿ ਦਰਜਣ ਦੇ ਕਰੀਬ ਬਦਮਾਸ਼ਾਂ ਨੇ ਉਸ ਦੀ ਇੱਜਤ ਤਾਰ-ਤਾਰ ਕਰਕੇ ਰੱਖ ਦਿੱਤੀ। ਸ਼ਨਿਚਰਵਾਰ 9 ਫਰਵਰੀ ਦੀ ਸ਼ਾਮ ਨੂੰ ਉਹ ਆਪਣੇ ਦੋਸਤ ਨਾਲ ਗੱਡੀ ਵਿੱਚ ਈਸੇਵਾਲ ਵੱਲ ਨੂੰ ਜਾ ਰਹੀ ਸੀ ਤਾਂ ਦੋ-ਤਿੰਨ ਬਦਮਾਸ਼ਾਂ ਦੀ ਨਜ਼ਰ ਉਨ੍ਹਾਂ ਉਪਰ ਪੈ ਗਈ। ਉਹ ਕਾਫੀ ਦੇਰ ਪਿੱਛਾ ਕਰਦੇ ਰਹੇ ਆਖਰ ਇੱਕ ਸੁੰਨਸਾਨ ਥਾਂ ‘ਤੇ ਉਨ੍ਹਾਂ ਬਦਮਾਸ਼ਾਂ ਨੇ ਮੋਟਰ ਸਾਈਕਲ ਅੱਗੇ ਲਾ ਕੇ ਗੱਡੀ ਰੋਕ ਲਈ। ਜਦੋਂ ਅਭਾਗੀ ਲੜਕੀ ਦੇ ਦੋਸਤ ਨੇ ਗੱਡੀ ਦੀ ਤਾਕੀ ਨਾ ਖੋਲ੍ਹੀ ਤਾਂ ਉਨ੍ਹਾਂ ਪੱਥਰ ਮਾਰ ਕੇ ਸ਼ੀਸ਼ਾ ਤੋੜ ਦਿੱਤਾ ਅਤੇ ਦੋਵਾਂ ਨੂੰ ਗੱਡੀ ਸਮੇਤ ਅਗਵਾ ਕਰਕੇ ਸੁੰਨਸਾਨ ਥਾਂ ‘ਤੇ ਇੱਕ ਖਾਲੀ ਪਲਾਟ ਵਿੱਚ ਲੈ ਗਏ ਅਤੇ ਉਥੇ ਉਨ੍ਹਾਂ ਲੜਕੀ ਨਾਲ ਜਬਰ-ਜ਼ਨਾਹ ਸ਼ੁਰੂ ਕਰ ਦਿੱਤਾ ਅਤੇ ਲੜਕੇ ਨੂੰ ਗੱਡੀ ਵਿੱਚ ਬੰਦੀ ਬਣਾਈ ਰੱਖਿਆ। ਉਨ੍ਹਾਂ ਦੋਵਾਂ ਕੋਲੋਂ ਫੋਨ, ਨਕਦੀ ਅਤੇ ਗਹਿਣੇ ਆਦਿ ਖੋਹ ਲਏ ਅਤੇ ਜਾਨ ਬਖਸ਼ਣ ਬਦਲੇ ਹੋਰ ਪੈਸਿਆਂ ਦੀ ਮੰਗ ਕੀਤੀ। ਲੜਕੇ ਦੇ ਹੀ ਫੋਨ ਤੋਂ ਉਨ੍ਹਾਂ ਉਸ ਦੇ ਦੋਸਤ ਨੂੰ ਫੋਨ ਕਰਕੇ ਪਹਿਲਾਂ ਦੋ ਲੱਖ ਦੀ ਮੰਗ ਕੀਤੀ ਬਾਅਦ ਵਿੱਚ ਉਹ ਇੱਕ ਲੱਖ ਰੁਪਏ ਮੰਗਣ ਲੱਗੇ। ਇਸੇ ਦੌਰਾਨ ਉਕਤ ਬਦਮਾਸ਼ਾ ਨੇ ਆਪਣੇ ਸੱਤ ਹੋਰ ਦੋਸਤਾਂ ਨੂੰ ਵੀ ਉਥੇ ਬੁਲਾ ਲਿਆ ਅਤੇ ਘੰਟਿਆਂ-ਬੱਧੀ ਲੜਕੀ ਨਾਲ ਬਾਰੋ-ਬਾਰੀ ਜਬਰ-ਜ਼ਨਾਹ ਕਰਦੇ ਰਹੇ। ਲੜਕੇ ਦੇ ਦੋਸਤ ਨੇ ਕੁਝ ਪੈਸਿਆਂ ਦਾ ਇੰਤਜਾਮ ਕਰਕੇ ਇਸ ਸਬੰਧੀ ਥਾਣਾ ਦਾਖਾ ਵਿੱਚ ਸੂਚਨਾ ਦਿੱਤੀ ਪਰ ਕਈ ਘੰਟੇ ਦਾਖਾ ਪੁਲਿਸ ਨੇ ਉਸ ਦੀ ਗੱਲ ਵੱਲ ਕੋਈ ਤਵੱਜੋਂ ਹੀ ਨਹੀਂ ਦਿੱਤੀ ਆਖਰ ਦੋ ਢਾਈ ਘੰਟੇ ਬਾਅਦ ਕੁਝ ਪੁਲਿਸ ਮੁਲਾਜਮਾਂ ਨੇ ਪੀੜਤ ਲੜਕੀ ਅਤੇ ਉਸ ਦੇ ਦੋਸਤ ਦੀ ਭਾਲ ਸ਼ੁਰੂ ਕੀਤੀ।ਲੜਕੇ ਦੋਸਤ ਨੇ ਦੱਸਿਆ ਕਿ ਬਦਮਾਸ਼ਾਂ ਦੀ ਗਿਣਤੀ ਵੱਧਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਾਲੇ ਘਟਨਾ ਸਥਾਨ ‘ਤੇ ਪਹੁੰਚਣ ਤੋਂ ਘਬਰਾਕੇ ਪਿੱਛੇ ਹੀ ਮੁੜ ਆਏ। ਆਖਰ ਅੱਧੀ ਰਾਤ ਤੋਂ ਬਾਅਦ ਜਦੋਂ ਪੈਸੇ ਮਿਲਣ ਦੀ ਉਨ੍ਹਾਂ ਦੀ ਆਸ ਪੂਰੀ ਨਾ ਹੋਈ ਤਾਂ ਬਾਅਦ ਵਿੱਚ ਆਏ ਬਦਮਾਸ਼ ਉਥੋਂ ਖਿੱਸਕ ਗਏ ਅਤੇ ਇੰਨੇ ਨੂੰ ਪੀੜਤ ਨੌਜ਼ਵਾਨ ਨੇ ਹਿੰਮਤ ਕਰਕੇ ਇੱਕ ਦੇ ਸਿਰ ਵਿੱਚ ਖਾਲੀ ਬੋਤਲ ਮਾਰ ਦਿੱਤੀ ਅਤੇ ਉਹ ਦਿਨ ਚੜ੍ਹਨ ਦੇ ਡਰੋਂ ਉਥੋਂ ਭੱਜ ਗਏ। ਪੀੜਤ ਲੜਕੀ ਆਪਣੇ ਦੋਸਤ ਨਾਲ ਜਦੋਂ ਘਰ ਗਈ ਤਾਂ ਕਈ ਘੰਟੇ ਉਹ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਮਹਿਸੂਸ ਕਰਦੇ ਪੁਲਿਸ ਕੋਲ ਜਾਣ ਤੋਂ ਡਰਦੇ ਰਹੇ ਆਖਰ ਐਤਵਾਰ ਸ਼ਾਮ ਚਾਰ ਵਜੇ ਉਹ ਦਾਖਾ ਥਾਣੇ ਸ਼ਿਕਾਇਤ ਦਰਜ ਕਰਾਉਣ ਪੁੱਜ ਗਏ।ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 376 ਡੀ, 384 ਅਤੇ 342 ਅਧੀਨ ਮੁਕੱਦਮਾਂ ਨੰਬਰ 17 ਦਰਜ ਕਰਕੇ ਜਾਂਚ ਅਰੰਭ ਦਿੱਤੀ। ਡੀ.ਐਸ.ਪੀ ਦਾਖਾ ਹਰਕੰਵਲ ਕੌਰ ਬਰਾੜ ਸਮੇਤ ਜਾਂਚ ਅਫਸਰ ਮਨਜੀਤ ਕੌਰ ਅਤੇ ਪੀੜਤ ਲੜਕੀ ਬੀਤੀ ਰਾਤ ਸੁਧਾਰ ਦੇ ਸਰਕਾਰੀ ਹਸਪਤਾਲ ਡਾਕਟਰੀ ਮੁਆਇਨਾ ਕਰਾਉਣ ਲਈ ਪੁੱਜੇ ਪਰ ਅੱਧੀ ਰਾਤ ਤੱਕ ਸਰਕਾਰੀ ਹਸਪਤਾਲ ਵਿੱਚ ਮਹਿਲਾ ਡਾਕਟਰ ਉਪਲੱਬਧ ਨਾ ਹੋਣ ਕਾਰਨ ਪੀੜਤ ਦਾ ਮੁਆਇਨਾ ਨਾ ਹੋ ਸਕਿਆ ਅਤੇ ਅੱਜ ਸਵੇਰੇ 9 ਵਜੇ ਪੀੜਤ ਲੜਕੀ ਨੂੰ ਲੈ ਕੇ ਪੁਲਿਸ ਅਧਿਕਾਰੀ ਹਸਪਤਾਲ ਪਹੁੰਚੇ ਪਰ ਸਾਢੇ ਗਿਆਰਾ ਵਜੇ ਤੱਕ ਵੀ ਔਰਤਾਂ ਦੀ ਮਾਹਰ ਡਾਕਟਰ ਨਾ ਹੋਣ ਕਾਰਨ ਪੀੜਤ ਖੱਜਲ ਖੁਆਰ ਹੁੰਦੀ ਰਹੀ। ਆਖਰ 11:55 ਵਜੇ ਦੁਪਹਿਰ ਨੂੰ ਪੀੜਤ ਲੜਕੀ ਦੀ ਐਮਰਜੈਂਸੀ ਰਜਿਸਟਰ ਵਿੱਚ ਐਂਟਰੀ ਹੋ ਸਕੀ। ਇੱਸ ਢਿੱਲਮੱਠ ਬਾਰੇ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀ ਇੱਕ ਦੂਜੇ ਨੂੰ ਜਿੰਮੇਵਾਰ ਠਹਿਰਾਉਂਦੇ ਰਹੇ। ਇਸ ਮੌਕੇ ਸਰਕਾਰੀ ਹਸਪਤਾਲ ਸੁਧਾਰ ਵਿੱਚ ਪੀੜਤ ਨਾਲ ਮੁਲਾਕਾਤ ਕਰਨ ਲਈ ਡੀ.ਆਈ.ਜੀ ਰਣਵੀਰ ਸਿੰਘ ਖਟੜਾ, ਐਸ.ਐਸ.ਪੀ ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ, ਐਸ.ਪੀ.ਡੀ ਤਰੁਣ ਰਤਨ, ਡੀ.ਐਸ.ਪੀ ਡੀ ਅਮਨਦੀਪ ਬਰਾੜ ਅਤੇ ਹੋਰ ਅਧਿਕਾਰੀ ਵੀ ਪੁੱਜੇ ਹੋਏ ਸਨ। ਇਸ ਮੌਕੇ ਡੀ.ਆਈ.ਜੀ ਖਟੜਾ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਰਾਤ ਸਮੇਂ ਆਪਣੀ ਡਿਊਟੀ ਵਿੱਚ ਕੁਤਾਹੀ ਲਈ ਜਿੰਮੇਵਾਰ ਥਾਣੇਦਾਰ ਵਿਦਿਆ ਰਤਨ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਇਲਾਕੇ ਇਹ ਪਹਿਲੀ ਘਟਨਾ ਨਹੀਂ ਹੈ, ਇਥੇ ਇੱਕ ਡੀ.ਐਸ.ਪੀ ਦੀ ਵੀ ਅਜਿਹੀ ਹੀ ਘਟਨਾ ਵਿੱਚ ਜਾਨ ਚਲੀ ਗਈ ਸੀ ਅਤੇ ਅਨੇਕਾਂ ਘਟਨਾਵਾਂ ਦੀ ਪੁਲਿਸ ਨੂੰ ਸੂਚਨਾ ਤੱਕ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਸਕੈਚ ਬਣਾਉਣ ਵਾਲੇ ਮਾਹਰਾਂ ਦੀ ਮੱਦਦ ਨਾਲ ਬਦਮਾਸ਼ਾਂ ਦੇ ਸਕੈਚ ਜਲਦੀ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਈ ਅਹਿਮ ਜਾਣਕਾਰੀਆਂ ਹੱਥ ਲੱਗੀਆਂ ਹਨ ਜਿੰਨ੍ਹਾਂ ਦੇ ਅਧਾਰ ‘ਤੇ ਟੀਮਾਂ ਬਣਾਕੇ ਦੋਸ਼ੀਆਂ ਦੀ ਭਾਲ ਲਈ ਯਤਨ ਅਰੰਭ ਦਿੱਤੇ ਗਏ ਹਨ।ਡੀ.ਆਈ ਜੀ ਖਟੜਾ ਖੁੱਦ ਮੌਕੇ ‘ਤੇ ਜਾਂਚ ਲਈ ਰਵਾਨਾ ਹੋ ਗਏ।
    ਇਸੇ ਦੌਰਾਨ ਸਰਕਾਰੀ ਹਸਪਤਾਲ ਸੁਧਾਰ ਦੀ ਐਸ.ਐਮ.ਓ ਡਾਕਟਰ ਨੀਨਾ ਨਾਕਰਾ ਨੇ ਕਿਹਾ ਕਿ ਔਰਤਾਂ ਦੀ ਮਾਹਰ ਡਾਕਟਰ ਨੀਲਮ ਭਾਟੀਆ ਦੀ ਅਗਵਾਈ ਵਿੱਚ ਡਾਕਟਰ ਨਿਸ਼ਾ ਜੈਨ ਅਤੇ ਡਾਕਟਰ ਇੰਦਰਵੀਰ ਸਿੰਘ 'ਤੇ ਅਧਾਰਤ ਬੋਰਡ ਵੱਲੋਂ ਪੀੜਤ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਹੈ ਅਤੇ ਪੀੜਤ ਦੇ ਸੈਂਪਲ ਹਾਸਲ ਕਰਕੇ ਖਰੜ ਸਥਿਤ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ।ਉਨ੍ਹਾਂ ਪੀੜਤ ਦੇ ਸਰੀਰ ਉਪਰ ਅਨੇਕਾਂ ਜਖਮਾਂ ਦੀ ਪੁਸ਼ਟੀ ਕੀਤੀ ਹੈ।