• Home
  • ਡੇਰਾ ਸੱਚਾ ਸੌਦਾ ਮੁਖੀ ਨਾਲ ਬਾਦਲਾਂ ਦੀ ਸਾਂਝ ਦਾ ਮੰਤਰੀ ਰੰਧਾਵਾ ਨੇ ਕੀਤਾ ਖੁਲਾਸਾ :-ਬਹਿਸ ਰੋਕ ਕੇ ਸਪੀਕਰ ਨੇ ਫੂਲਕਾ ਤੋਂ 295 ਧਾਰਾ ਲਈ ਸਲਾਹ

ਡੇਰਾ ਸੱਚਾ ਸੌਦਾ ਮੁਖੀ ਨਾਲ ਬਾਦਲਾਂ ਦੀ ਸਾਂਝ ਦਾ ਮੰਤਰੀ ਰੰਧਾਵਾ ਨੇ ਕੀਤਾ ਖੁਲਾਸਾ :-ਬਹਿਸ ਰੋਕ ਕੇ ਸਪੀਕਰ ਨੇ ਫੂਲਕਾ ਤੋਂ 295 ਧਾਰਾ ਲਈ ਸਲਾਹ

ਚੰਡੀਗੜ੍ਹ,( ਖਬਰ ਵਾਲੇ ਬਿਊਰੋ)-ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਦੌਰਾਨ ਕਾਂਗਰਸ ਵੱਲੋਂ ਦੂਜੇ ਬੁਲਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ  ਆਪਣੇ ਭਾਸਨ ਵਿੱਚ ਜਿੱਥੇ ਅਕਾਲੀ ਦਲ ਦੇ ਮੁਖੀ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ, ਉੱਥੇ ਨਾਲ ਹੀ ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੈਰਾਂ ਥੱਲੇ ਰੋਲਣ ਵਾਲੇ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਭਾਰਤੀ ਦੰਡਾਵਲੀ ਧਾਰਾ 295 ਤਹਿਤ ਮੁਕੱਦਮਾ ਦਰਜ ਕੀਤਾ ਜਾਵੇ । ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਇਸ ਰਿਪੋਰਟ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਵਾਰ ਵਰਣਨ ਕੀਤਾ ਹੋਇਆ ਹੈ ਅਤੇ ਨਾਲ ਹੀ ਵੱਖ ਵੱਖ ਧਰਮਾਂ ਦੀਆਂ ਧਾਰਮਿਕ ਗ੍ਰੰਥਾਂ ਜਿਨ੍ਹਾਂ ਦੀ ਬੇਅਦਬੀ ਹੋਈ ਹੈ, ਉਨ੍ਹਾਂ ਨੂੰ ਵੀ ਬੜੇ ਸਤਿਕਾਰ ਨਾਲ ਲਿਖਿਆ ਹੋਇਆ ਹੈ । ਇਨ੍ਹਾਂ ਵੱਲੋਂ ਪੈਰਾਂ ਥੱਲੇ ਰੋਲਣ ਨਾਲ ਸਾਡੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ ।

ਇਸ ਸਮੇਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਖੜ੍ਹੇ ਹੋ ਕੇ  ਸਵਾਲ ਕੀਤਾ ਕਿ ਕੀ ਉਹ ਬਾਦਲਾਂ ਵਿਰੁੱਧ ਮੁਕੱਦਮਾ ਦਰਜ ਕਰਨਗੇ ।

ਇਸ ਸਮੇਂ ਸਪੀਕਰ ਨੇ ਸੁਖਜਿੰਦਰ ਰੰਧਾਵਾ ਦੇ ਭਾਸ਼ਣ ਨੂੰ ਰੋਕ ਕੇ ਸਦਨ ਚ ਬੈਠੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਵਿਧਾਇਕ ਨੂੰ ਪੁੱਛਿਆ ਕਿ ਕੀ ਮੁਕੱਦਮਾ ਦਰਜ ਹੋ ਸਕਦਾ ਹੈ । ਵਿਧਾਇਕ  ਫੂਲਕਾ ਨੇ ਵੀ ਸੁਖਜਿੰਦਰ ਰੰਧਾਵਾ ਦੀ ਗੱਲ ਤੇ ਮੋਹਰ ਲਗਾਈ ।

ਇਸ ਸਮੇਂ ਸੁਖਜਿੰਦਰ ਰੰਧਾਵਾ ਨੇ ਸਦਨ ਤੋਂ ਸੁਖਬੀਰ ਬਾਦਲ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਸਹਿਮਤੀ ਲਈ ।

ਸੁਖਜਿੰਦਰ ਰੰਧਾਵਾ ਨੇ ਕਿਹਾ ਦਲਜੀਤ ਸਿੰਘ ਚੀਮਾ ਨੇ ਡੇਰਾ ਸੱਚਾ ਸੌਦਾ ਦਾ ਮੁਆਫੀਨਾਮਾ ਲਿਖਾਉਣ  ਚ ਅਹਿਮ ਭੂਮਿਕਾ ਨਿਭਾਈ ਅਤੇ ਸੁੱਚਾ ਸਿੰਘ ਲੰਗਾਹ ਨੇ ਆਪਣੀ ਗੱਡੀ ਚ ਤਖ਼ਤਾਂ ਦੇ ਜਥੇਦਾਰਾਂ ਨੂੰ ਲਿਆਂਦਾ ।

ਮੰਤਰੀ ਰੰਧਾਵਾ ਨੇ ਇੱਕ ਹੋਰ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਰਾਵਾ ਪਾਕੇ ਅੰਮ੍ਰਿਤ ਤਿਆਰ ਕਰਨ ਵਾਲੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 295 ਐਕਟ ਤਹਿਤ ਮੁਕੱਦਮਾ ਦਰਜ ਹੋਇਆ ਸੀ ,  ਮੁਕੱਦਮੇ  ਨੂੰ ਕੈਂਸਲ ਕਰਨ ਲਈ ਉਸ  ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼  ਸਿੰਘ  ਬਾਦਲ ਦੀ ਸਰਕਾਰ ਨੇ ਵੋਟਾਂ ਨੇੜੇ ਆ ਕੇ ਉਸ ਦੇ ਡੇਰੇ ਤੋਂ ਹੀ ਜਾ ਕੇ ਜ਼ਮਾਨਤ ਲਿਆਂਦੀ ਤੇ ਮੁਕੱਦਮਾ ਖ਼ਾਰਜ ਕਰਨ ਲਈ ਅਦਾਲਤ ਨੂੰ ਲਿਖ ਦਿੱਤਾ ।

ਸੁਖਜਿੰਦਰ ਸਿੰਘ ਰੰਧਾਵਾ  ਨੇ ਆਪਣੇ ਭਾਸ਼ਣ ਚ ਜ਼ਿਆਦਾ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਹੀ ਬਣਾਇਆ ।