• Home
  • ਚੋਣ ਕਮਿਸ਼ਨ ਦਾ ਰਾਜ :- ਸਾਵਧਾਨ !ਨਗਦ ਪੈਸੇ ਨਾਲ ਲੈ ਕੇ ਨਾ ਜਾਇਓ ! 92.50 ਲੱਖ ਦੀ ਨਗ਼ਦੀ ਲੈ ਕੇ ਜਾ ਰਹੇ ਪੁਲਿਸ ਨੇ ਕੀਤੇ ਕਾਬੂ

ਚੋਣ ਕਮਿਸ਼ਨ ਦਾ ਰਾਜ :- ਸਾਵਧਾਨ !ਨਗਦ ਪੈਸੇ ਨਾਲ ਲੈ ਕੇ ਨਾ ਜਾਇਓ ! 92.50 ਲੱਖ ਦੀ ਨਗ਼ਦੀ ਲੈ ਕੇ ਜਾ ਰਹੇ ਪੁਲਿਸ ਨੇ ਕੀਤੇ ਕਾਬੂ

ਪਟਿਆਲਾ, 14 ਮਾਰਚ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਰੀ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਅਰੰਭੇ ਯਤਨਾ ਤਹਿਤ ਬੀਤੀ ਰਾਤ 9.30 ਵਜੇ ਪਟਿਆਲਾ ਪੁਲਿਸ ਨੇ 92 ਲੱਖ 50 ਹਜ਼ਾਰ ਰੁਪਏ ਦੀ ਨਗ਼ਦੀ ਬਰਾਮਦ ਕਰਨ 'ਚ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਜਾਣਕਾਰੀ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਸਾਂਝੀੇ ਤੌਰ 'ਤੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਹ ਸ਼ੱਕੀ ਨਗ਼ਦੀ ਜ਼ਬਤ ਕਰਕੇ ਆਮਦਨ ਕਰ ਟੀਮ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕਰ ਦਿੱਤ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਲੋਕ ਸਭਾ ਹਲਕਾ ਪਟਿਆਲਾ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਖੇ ਤਾਇਨਾਤ ਸਟੈਟਿਕ ਤੇ ਸਰਵੇਲੈਂਸ ਅਤੇ ਫਲਾਇੰਗ ਸੁਕੈਡ ਦੀਆਂ 9-9 ਟੀਮਾਂ ਪੂਰੀ ਮੁਸ਼ਤੈਦੀ ਨਾਲ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਚੋਣ ਜਾਬਤੇ ਦੀ ਸਖ਼ਤੀ ਪਾਲਣਾ ਨਾਲ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦ ਹੈ। ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੂੰ 92.50 ਲੱਖ ਰੁਪਏ ਬਰਾਮਦ ਕਰਨ ਦੀ ਇਹ ਵੱਡੀ ਕਾਮਯਾਬੀ ਉਸ ਸਮੇਂ ਮਿਲੀ ਜਦੋਂ ਡੀ.ਐਸ.ਪੀ. ਪਾਤੜਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਏ.ਐਸ.ਆਈ. ਹਰਿੰਦਰਪਾਲ ਸਿੰਘ ਦੀ ਪੁਲਿਸ ਟੀਮ ਨੇ ਨੈਸ਼ਨਲ ਹਾਈਵੇ ਨਰਵਾਣਾਂ ਰੋਡ ਨੇੜੇ ਬੈਰੀਅਰ ਪਿੰਡ ਢਾਬੀ ਗੁੱਜਰਾਂ ਵਿਖੇ ਅੰਤਰਰਾਜੀ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਬਿਨ੍ਹਾਂ ਕਿਸੇ ਯੋਗ ਦਸਤਾਵੇਜਾਂ ਦੇ ਵੱਡੀ ਮਾਤਰਾ 'ਚ ਨਗ਼ਦੀ ਲੈਕੇ ਜਾਣਾ ਚੋਣ ਜਾਬਤੇ ਦੀ ਉਲੰਘਣਾ ਹੈ। ਸ. ਸਿੱਧੂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9.30 ਵਜੇ ਇੱਕ ਕਾਲੇ ਰੰਗ ਦੀ ਹੁੰਡਈ ਕਰੇਟਾ ਕਾਰ ਨੰਬਰ ਪੀ.ਬੀ. 13 ਬੀ.ਸੀ. 2797 ਨਰਵਾਣਾ ਵਾਲੇ ਪਾਸੇ ਤੋਂ ਆਈ। ਇਸ ਕਾਰ ਨੂੰ ਰੋਕ ਕੇ ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਦੀਆਂ ਦੋਵੇਂ ਅਗਲੀਆਂ ਸੀਟਾਂ ਦੇ ਥੱਲਿਓਂ 92 ਲੱਖ 50 ਹਜ਼ਾਰ ਰੁਪਏ ਦੀ ਨਗ਼ਦੀ ਬਰਾਮਦ ਹੋਈ।  ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਦੋਂ, ਕਾਰ ਚਾਲਕ ਰਵੀ (ਕਰੀਬ 23 ਸਾਲ) ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਸ਼ੇਰਗੜ੍ਹ ਅਤੇ ਨਾਲ ਵਾਲੇ ਵਿਅਕਤੀ ਸਚਿਨ (ਕਰੀਬ 20 ਸਾਲ) ਪੁੱਤਰ ਪਵਨ ਕੁਮਾਰ ਵਾਸੀ ਖਨੌਰੀ, ਤੋਂ ਇਸ ਨਗਦੀ ਬਾਬਤ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ, ਇਸ 'ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਨਗ਼ਦੀ ਜ਼ਬਤ ਕਰ ਲਈ ਗਈ ਅਤੇ ਇਸ ਬਾਰੇ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਨਗ਼ਦੀ ਕਿੱਥੋਂ ਅਤੇ ਕਿਸ ਮੰਤਵ ਲਈ ਲਿਆਂਦੀ ਗਈ ਸੀ।  ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਦਰਸ਼ ਚੋਣ ਜਾਬਤੇ ਦੀ ਪਾਲਣਾ ਕਰਨ ਅਤੇ 1 ਲੱਖ ਰੁਪਏ ਤੋਂ ਵੱਧ ਰਾਸ਼ੀ ਅਪਣੇ ਨਾਲ ਲੈਜਾਣ-ਲਿਆਉਣ ਸਮੇਂ ਪੂਰੇ ਦਸਤਾਵੇਜ ਆਪਣੇ ਨਾਲ ਰੱਖਣ। ਇਸ ਮੌਕੇ ਐਸ.ਪੀ. (ਐਚ) ਰਵਜੋਤ ਗਰੇਵਾਲ ਅਤੇ ਡੀ.ਐਸ.ਪੀ. ਪਾਤੜਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ ਵੀ ਮੌਜੂਦ ਸਨ।ਨੰ: ਲਸਪ (ਪ੍ਰੈ.ਰੀ.)-2019/ਫੋਟੋ ਕੈਪਸ਼ਨ-ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਜ਼ਬਤ ਕੀਤੀ ਗਈ 92.50 ਲੱਖ ਰੁਪਏ ਦੀ ਨਗ਼ਦੀ ਬਾਬਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਉਨ੍ਹਾਂ ਨਾਲ ਐਸ.ਪੀ. (ਐਚ) ਰਵਜੋਤ ਗਰੇਵਾਲ ਅਤੇ ਡੀ.ਐਸ.ਪੀ. ਪਾਤੜਾਂ ਸ. ਸੁਖਅੰਮ੍ਰਿਤ ਸਿੰਘ ਰੰਧਾਵਾ ਵੀ ਨਜ਼ਰ ਆ ਰਹੇ ਹਨ।