• Home
  • ਕੈਪਟਨ ਵਿਰੁੱਧ ਨਵਜੋਤ ਸਿੱਧੂ ਦੀ ਬਗਾਵਤ ਛਾਂਟੀ ਵਾਲੇ ਮੰਤਰੀਆਂ ਨੂੰ ਕਿਵੇਂ ਰਾਸ ਆਈ.? ਕਿੰਨਾਂ ਨੂੰ ਮਿਲੀ ਤਰੱਕੀ! ਪੜ੍ਹੋ- ਵਿਸ਼ੇਸ਼ ਰਿਪੋਰਟ

ਕੈਪਟਨ ਵਿਰੁੱਧ ਨਵਜੋਤ ਸਿੱਧੂ ਦੀ ਬਗਾਵਤ ਛਾਂਟੀ ਵਾਲੇ ਮੰਤਰੀਆਂ ਨੂੰ ਕਿਵੇਂ ਰਾਸ ਆਈ.? ਕਿੰਨਾਂ ਨੂੰ ਮਿਲੀ ਤਰੱਕੀ! ਪੜ੍ਹੋ- ਵਿਸ਼ੇਸ਼ ਰਿਪੋਰਟ

- ਪਰਮਿੰਦਰ ਸਿੰਘ ਜੱਟਪੁਰੀ-

ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਟੀਮ ਚ ਸ਼ਾਮਿਲ ਕਾਂਗਰਸ ਦੇ ਦਿੱਲੀ ਦਰਬਾਰ ਨਾਲ ਸਿੱਧਾ ਰਾਬਤਾ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਣ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਸੰਕੇਤ ਦਿੱਤੇ ਗਏ ਸੀ ,ਜਿਸ ਤੋਂ ਬਾਅਦ ਸਿੱਧੂ ਵੱਲੋਂ ਅਪਣਾਈਆਂ ਗਈਆਂ ਬਗਾਵਤੀ ਸੁਰਾਂ ਜਿਥੇ ਅੱਧੀ ਦਰਜਨ ਤੋਂ ਵਧੇਰੇ ਮੰਤਰੀਆਂ ਨੂੰ ਰਾਸ ਆ ਗਈਆਂ ਹਨ ,ਉੱਥੇ ਵੋਟਾਂ ਤੋਂ ਬਾਅਦ ਚ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੀ ਛੁੱਟੀ ਹੋਣ ਤੇ ਉਨ੍ਹਾਂ ਦੀ ਥਾਂ ਤੇ ਫਿੱਟ ਹੋਣ ਲਈ ਮੰਤਰੀ ਬਨਣ ਦੇ ਸੁਨਹਿਰੀ ਸੁਪਨੇ ਸਿਰਜਣ ਵਾਲੇ ਸੀਨੀਅਰ ਵਿਧਾਇਕ ਨਿਰਾਸ਼ਾ ਦੇ ਆਲਮ 'ਚ ਹਨ।

ਪਾਠਕਾਂ ਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਬਿਆਨ ਦਿੱਤਾ ਗਿਆ ਸੀ ਕਿ ਜਿਹੜੇ ਮੰਤਰੀ ਤੇ ਵਿਧਾਇਕ ਦੇ ਵਿਧਾਨ ਸਭਾ ਹਲਕੇ ਚੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਹਾਰੇ ਤਾਂ ਉਨ੍ਹਾਂ ਮੰਤਰੀਆਂ ਦੀ ਛੁੱਟੀ ਅਤੇ ਵਿਧਾਇਕਾਂ ਨੂੰ ਚੇਅਰਮੈਨੀਆਂ ਤੋਂ ਇਲਾਵਾ ਆਉਣ ਵਾਲੀਆਂ ਚੋਣਾਂ ਚ ਟਿਕਟਾਂ ਵੀ ਨਹੀਂ ਮਿਲਣਗੀਆਂ ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਤੋਂ ਬਾਅਦ ਮੰਤਰੀਆਂ ਤੇ ਬਹੁਤ ਸਾਰੇ ਵਿਧਾਇਕਾਂ ਨੇ ਆਪੋ ਆਪਣੇ ਵਿਧਾਨ ਸਭਾ ਹਲਕੇ ਚ ਇਸ ਵਾਰ ਇੰਝ ਚੋਣ ਲੜੀ ,ਜਿਵੇਂ ਕਿ ਉਨ੍ਹਾਂ ਦੀ ਆਪਣੀ ਵਿਧਾਨ ਸਭਾ ਚੋਣ ਹੋਵੇ ।
ਲੋਕ ਸਭਾ ਦੇ ਆਏ ਨਤੀਜਿਆਂ ਚ ਇਹ ਸਾਹਮਣੇ ਆਇਆ ਕਿ ਕੈਬਨਿਟ ਮੰਤਰੀ ਅਰੁਣਾ ਚੌਧਰੀ ਆਪਣੇ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ,ਉਦਯੋਗ ਮੰਤਰੀ ਸ਼ਾਮ ਸੁੰਦਰ ਆਪਣੇ ਵਿਧਾਨ ਸਭਾ ਹਲਕੇ ਹੁਸ਼ਿਆਰਪੁਰ ਤੋਂ ,ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਆਪਣੇ ਵਿਧਾਨ ਸਭਾ ਹਲਕਾ ਸੰਗਰੂਰ ਤੋਂ ,ਮੁੱਖ ਮੰਤਰੀ ਦੇ ਖਾਸ ਸਮਝੇ ਜਾਂਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਆਪਣੇ ਗੁਰੂਹਰਸਹਾਏ ਹਲਕੇ ਤੋਂ ਆਪਣੇ ਉਮੀਦਵਾਰ ਨੂੰ ਜਿਤਾਉਣ ਚ ਅਸਫਲ ਰਹੇ ਹਨ । ਇਸ ਤੋਂ ਇਲਾਵਾ ਪਿਛਲੇ ਢਾਈ ਸਾਲ ਦੌਰਾਨ ਮਾੜੀ ਕਾਰਗੁਜ਼ਾਰੀ ਤੇ ਭ੍ਰਿਸ਼ਟਾਚਾਰ ਵਰਗੇ ਵਿਵਾਦਾਂ ਚ ਰਹਿਣ ਵਾਲੇ ਮੰਤਰੀਆਂ ਦੀ ਵੀ ਛੁੱਟੀ ਕਰਨਾ ਮੁੱਖ ਨਿਸ਼ਾਨੇ ਸੀ।
ਪਰ ਸੂਤਰਾਂ ਅਨੁਸਾਰ ਕੈਪਟਨ ਨੂੰ ਮੰਤਰੀ ਮੰਡਲ ਚ ਛਾਂਟੀ ਕਰਨ ਵਾਲਾ ਫ਼ੈਸਲਾ ਮੌਕੇ ਤੇ ਹੀ ਬਦਲਣਾ ਪਿਆ । ਮੁੱਖ ਮੰਤਰੀ -ਸਿੱਧੂ ਵਿਭਾਗ ਚ ਕੈਪਟਨ ਦੀਆਂ ਮੀਟਿੰਗਾਂ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੀਟਿੰਗ ਵਾਲੇ ਦਿਨ ਕੈਬਨਿਟ ਚੋਂ ਗੈਰ ਹਾਜ਼ਰ ਹੋ ਕੇ ਆਪਣੀ ਸਰਕਾਰੀ ਕੋਠੀ ਚ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਕਿਹਾ ਸੀ ਕਿ ਉਹ ਅਜੇ ਤਾਂ 20% ਫੀਸਦੀ ਹੀ ਲੋਕਾਂ ਸਾਹਮਣੇ ਰੱਖ ਰਿਹਾ ਹੈ ਅਤੇ 80% ਫੀਸਦੀ ਉਸ ਦੀ ਢਿੱਡ ਅੰਦਰ ਹੈ । ਪ੍ਰੈੱਸ ਕਾਨਫਰੰਸ ਚ ਸ਼ਹਿਰੀ ਖੇਤਰਾਂ ਚ ਓਸ ਨੇ ਪਹਿਲਾਂ ਨਾਲੋਂ ਮਿਲੀਆਂ ਵੱਧ ਸੀਟਾਂ ਦਾ ਲੇਖਾ ਜੋਖਾ ਦਿੱਤਾ ਸੀ ਅਤੇ ਨਾਲ ਹੀ ਕੈਪਟਨ ਵੱਲੋਂ ਮਾੜੀ ਕਾਰਗੁਜ਼ਾਰੀ ਵਾਲੇ ਮੰਤਰੀਆਂ ਦੀ ਛੁੱਟੀ ਕਰਨ ਦੀ ਨੀਤੀ ਬਾਰੇ ਇਹ ਵੀ ਬਿਆਨ ਦਿੱਤਾ ਸੀ ਕਿ ਜਿਹੜੇ ਵੀ ਲੋਕ ਸਭਾ ਚੋਣਾਂ ਦੌਰਾਨ ਮੰਤਰੀ ਆਪਣੇ ਵਿਧਾਨ ਸਭਾ ਹਲਕਿਆਂ ਚੋਂ ਸਾਡੇ ਮੰਤਰੀ ਸਾਥੀ ਹਾਰੇ ਹਨ ,ਉਨ੍ਹਾਂ ਨੂੰ ਸਜ਼ਾ ਕਿਉਂ ? ਸਿੱਧੂ ਨੇ ਇਹ ਵੀ ਕਿਹਾ ਸੀ ਕਿ ਟੀਮ ਵਿੱਚ ਸਾਰੇ ਤਕੜੇ ਹੀ ਖਿਡਾਰੀ ਹੁੰਦੇ ਹਨ ਪਰ ਹਲਕਿਆਂ ਦੀ ਮੌਜੂਦਾ ਹਾਲਾਤਾਂ ਮੁਤਾਬਕ ਘੱਟ ਵੋਟ ਮਿਲੇ ਹਨ , ,ਕਿਉਂਕਿ ਸਾਡੀ ਟੀਮ ਦਾ ਜਿੱਤੀ ਹੈ ।
ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਧਿਆਨ ਚ ਰੱਖਦਿਆਂ ਮੁੱਖ ਮੰਤਰੀ ਨੇ ਮੰਤਰੀ ਮੰਡਲ ਚ ਛਾਂਟੀ ਕਰਨ ਦੀ ਨੀਤੀ ਫਿਲਹਾਲ ਇਸ ਲਈ ਟਾਲ ਦਿੱਤੀ ,ਕਿਉਂਕਿ ਕੱਢੇ ਗਏ ਮੰਤਰੀ ਕਿਤੇ ਨਵਜੋਤ ਸਿੰਘ ਸਿੱਧੂ ਦੇ ਖੇਮੇ ਚ ਨਾ ਚਲੇ ਜਾਣ । ਇੱਥੋਂ ਤੱਕ ਕਿ ਮੁੱਖ ਮੰਤਰੀ ਵਿਰੁੱਧ ਅੰਦਰੂਨੀ ਤੌਰ ਤੇ ਹਾਈਕਮਾਨ ਪਾਸ ਸ਼ਿਕਾਇਤਾਂ ਕਰਨ ਵਾਲੇ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੂੰ ਇੱਕ ਵਿਭਾਗ ਦਿੱਤਾ ਗਿਆ ਸੀ ਤੋਂ ਇਲਾਵਾ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਵੱਡੀ ਗਿਣਤੀ ਚ ਆਪਣੇ ਵਿਧਾਨ ਸਭਾ ਹਲਕੇ ਤੋਂ ਹਾਰੇ ਸਨ ਆਦਿ ਦੀਆਂ ਪ੍ਰਮੋਸ਼ਨਾਂ ਕਰਕੇ ਉਨ੍ਹਾਂ ਨੂੰ ਹੋਰ ਵਿਭਾਗ ਦਿੱਤੇ ਗਏ ਅਤੇ ਨਾਲ ਹੀ ਪੰਜਾਬ ਦੇ ਡੀਜੀਪੀ ਬਣਨ ਤੋਂ ਨਿਰਾਸ਼ ਹੋ ਕੇ ਸਰਕਾਰ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੇ ਡੀਜੀਪੀ ਰੈਂਕ ਦੇ ਅਧਿਕਾਰੀ ਮੁਹੰਮਦ ਮੁਸਤਫਾ ਨੂੰ ਵੀ ਖੁਸ਼ ਕੀਤਾ ਗਿਆ ਹੈ ,ਕਿਉਂਕਿ ਉਨ੍ਹਾਂ ਦੀ ਪਤਨੀ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨੂੰ ਪਹਿਲੇ ਵਿਭਾਗ ਦੇ ਨਾਲ ਟਰਾਂਸਪੋਰਟ ਮੰਤਰੀ ਦਾ ਵੀ ਵਿਭਾਗ ਵੀ ਸੌਂਪ ਦਿੱਤਾ ਹੈ ।

ਹੁਣ ਇਹ ਦੇਖਣਾ ਹੋਵੇਗਾ ਕਿ 6 ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੇ ਰਾਕੇਸ਼ ਪਾਂਡੇ ਵਰਗੇ ਹੋਰ ਕਈ ਸੀਨੀਅਰ ਵਿਧਾਇਕ ਜਿਹੜੇ ਕਿ ਲੋਕ ਸਭਾ ਚੋਣਾਂ ਲੰਘਣ ਤੇ ਮੰਤਰੀ ਮੰਡਲ ਚ ਜਾਣ ਦੀ ਉਡੀਕ ਕਰ ਰਹੇ ਸਨ ,ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਵੇਂ ਸ਼ਾਂਤ ਕਰਦੇ ਹਨ ।