• Home
  • ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੰਗ ਲੜ ਕੇ ਸਰਹੰਦ ਦੇ ਸੂਬੇਦਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ

ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੰਗ ਲੜ ਕੇ ਸਰਹੰਦ ਦੇ ਸੂਬੇਦਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ

ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚਿੜੀ ਵਿਖੇ ਇਤਿਹਾਸਿਕ ਜੰਗ ਲੜ ਕੇ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਸੀ| ਇਸ ਸੰਬੰਧ ਵਿਚ ਮੇਰੀ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਇਕ ਲਾਸਾਨੀ ਯੋਧਾ ਵਿਚੋਂ ਕੁੱਝ ਅੰਸ ਆਪ ਜੀ ਦੀ ਨਜਰ ਪੇਸ ਕਰ ਰਿਹਾ ਹਾਂ:-
ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਕਚੀਚੀਆਂ ਵੱਟਦੀਆਂ ਹੋਈਆਂ ਚੱਪੜਚਿੜੀ ਦੇ ਮੈਦਾਨ ਵੱਲ ਵਧੀਆਂ। ਚੱਪੜਚਿੜੀ ਨਾਂਅ ਦੇ ਦੋ ਪਿੰਡ ਖਰੜ ਦੇ ਨੇੜੇ ਬਨੂੜ ਵੱਲ ਜਾਂਦੀ ਸੜਕ ਤੋਂ ਥੋੜਾ ਪਿੱਛੇ ਹੱਟ ਕੇ ਅੱਜ ਵੀ ਸਥਿਤ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਚੱਪੜਚਿੜੀ ਜ਼ਿਆਦਾ ਆਬਾਦੀ ਮੁਸਲਮਾਨ ਫਿਰਕੇ ਦੀ ਸੀ। ਜਿਨ੍ਹਾਂ ਵਿਚੋਂ ਬਹੁਤੇ ਮੁਗਲ ਸੈਨਿਕਾਂ ਦੇ ਸਮਰਥਕ ਸਨ। ਖਰੜ ਤੋਂ ਜੇਕਰ ਬਨੂੜ ਵੱਲ ਜਾਈਏ ਤਾਂ ਲਗਭਗ 4-5 ਕਿਲੋਮੀਟਰ ਚੱਲ ਕੇ ਸਵਰਾਜ ਦਾ ਕੰਬਾਇਨ ਬਣਾਉਣ ਦਾ ਵੱਡਾ ਕਾਰਖਾਨਾ ਸੜਕ 'ਤੇ ਹੀ ਆਉਂਦਾ ਹੈ। ਇਥੋਂ ਖੱਬੇ ਪਾਸੇ ਮੁੜ ਕੇ ਚੱਪੜਚਿੜੀ ਨਾਂਅ ਦੇ ਦੋ ਪਿੰਡ ਆਉਂਦੇ ਹਨ। ਇਨ੍ਹਾਂ ਪਿੰਡਾਂ ਦੇ ਨੇੜੇ ਹੀ ਅਜੇ ਵੀ ਉਹ ਮੈਦਾਨ ਮੌਜੂਦ ਹੈ, ਜਿਥੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਹਾਰ ਦਿੱਤੀ। ਹੁਣ ਤੱਕ ਇਹ ਥਾਂ ਬਿਲਕੁਲ ਹੀ ਅਣਗੌਲਿਆ ਪਿਆ ਰਿਹਾ। ਪਤਾ ਨਹੀਂ ਕਿਸੇ ਸਾਜਿਸ਼ ਦੇ ਤਹਿਤ ਜਾਂ ਉਂਝ ਹੀ ਕਿਸੇ ਨੇ ਵੀ ਇਸ ਪਵਿੱਤਰ ਧਰਤੀ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਬਾਰੇ ਕੋਈ ਬਹੁਤਾ ਪ੍ਰਚਾਰ ਕੀਤਾ। ਪਰ ਅੱਜ ਕੱਲ ਇਸ ਥਾਂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਯਤਨਾਂ ਨਾਲ ਦੇਸ਼ ਦਾ ਸਭ ਤੋਂ ਉੱਚਾ ਮੀਨਾਰ ਜਿਸਨੂੰ ਫਤਿਹ ਮੀਨਾਰ ਕਿਹਾ ਜਾਂਦਾ ਹੈ, ਉਸਾਰਿਆ ਗਿਆ ਹੈ। ਇਸ ਪਿੰਡ ਦਾ ਨਾਂਅ ਚੱਪੜਚਿੜੀ ਇਸ ਕਰਕੇ ਪਿਆ, ਕਿਉਂਕਿ ਇਥੇ ਵੱਡੇ ਵੱਡੇ ਛੱਪੜ ਹੁੰਦੇ ਸਨ ਅਤੇ ਰੁੱਖਾਂ ਦੀਆਂ ਜੰਗਲ ਨੁਮਾ ਝਿੜੀਆਂ ਵੀ ਹੁੰਦੀਆਂ ਸਨ। ਇਸ ਥਾਂ ਨੂੰ ਛੱਪੜਝਿੜੀ ਕਿਹਾ ਜਾਂਦਾ ਸੀ, ਜਿਸ ਤੋਂ ਬਦਲ ਕੇ ਅੱਜ ਇਸ ਥਾਂ ਦਾ ਨਾਂਅ ਚੱਪੜਚਿੜੀ ਹੋ ਗਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਗਿਣਤੀ ਕੁੱਝ ਕੁ ਹਜ਼ਾਰ ਦੱਸੀ ਜਾਂਦੀ ਹੈ, ਜਦਕਿ ਮੁਗਲ ਸੈਨਾ ਦੀ ਗਿਣਤੀ ਖਾਫੀ ਖਾਨ ਅਨੁਸਾਰ 15 ਹਜ਼ਾਰ, ਮੁਹੰਮਦ ਹਾਰੀਸੀ ਅਨੁਸਾਰ 12 ਹਜ਼ਾਰ ਅਤੇ ਕਈ ਅਜੋਕੇ ਇਤਿਹਾਸਕਾਰਾਂ ਅਨੁਸਾਰ 60 ਕੁ ਹਜ਼ਾਰ ਦੇ ਕਰੀਬ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਜ਼ਿਆਦਾਤਰ ਕਿਸਾਨ ਸਨ ਜਾਂ ਉਨ੍ਹਾਂ ਅਖੌਤੀ ਛੋਟੀਆਂ ਜਾਤਾਂ ਦੇ ਲੋਕ ਸਨ, ਜਿਨ੍ਹਾਂ ਨੂੰ ਸਦੀਆਂ ਤੱਕ ਉੱਚ ਜਾਤੀ ਵਾਲਿਆਂ ਨੇ ਦਬਾ ਕੇ ਰੱਖਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਇਨ੍ਹਾਂ ਲਈ ਬਹੁਤ ਹੀ ਵੱਡੀ ਗੱਲ ਸੀ। ਦੂਜਾ ਹੋ ਰਹੇ ਅਨਿਆਂ ਪ੍ਰਤੀ ਇਨ੍ਹਾਂ ਸਾਰਿਆਂ ਦਾ ਗੁੱਸਾ ਬਹੁਤ ਜ਼ਿਆਦਾ ਸੀ, ਇਸ ਲਈ ਇਹ ਸਾਰੇ ਬਿਨਾਂ ਕਿਸੇ ਆਧੁਨਿਕ ਹਥਿਆਰਾਂ ਤੋਂ ਆਪਣੇ ਰਿਵਾਇਤੀ ਟਕੂਏ, ਛਵੀਆਂ, ਗੰਡਾਸੇ, ਗੰਡਾਸੀਆਂ, ਤਲਵਾਰਾਂ ਆਦਿ ਲੈ ਕੇ ਲੜਾਈ ਵਿਚ ਮਰਨ ਜਾਂ ਮਾਰਨ ਦੀ ਧਾਰ ਕੇ ਆਏ ਹੋਏ ਸਨ।
ਵਜ਼ੀਰ ਖ਼ਾਨ ਹਰ ਤਰ੍ਹਾਂ ਨਾਲ ਆਪਣੀ ਚਾਲ ਚੱਲ ਰਿਹਾ ਸੀ। ਭਾਵੇਂ ਉਸਦੀ ਚਾਲ ਸਫਲ ਨਹੀਂ ਸੀ ਹੋ ਰਹੀ, ਪਰ ਫੇਰ ਵੀ ਉਹ ਹਰ ਹੀਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੀਚਾ ਦਿਖਾਉਣਾ ਚਾਹੁੰਦਾ ਸੀ। ਉਸਨੇ ਸੁੱਚਾ ਨੰਦ ਦੇ ਭਤੀਜੇ ਨੂੰ 1 ਹਜ਼ਾਰ ਦੇ ਕਰੀਬ ਫੌਜੀ ਦੇ ਕੇ ਭੇਜਿਆ ਤਾਂ ਜੋ ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਵਿਚ ਰਲ ਜਾਣ ਅਤੇ ਫੇਰ ਮੌਕਾ ਲੱਗਦਿਆਂ ਹੀ ਲੜਾਈ ਵਿਚੋਂ ਦੌੜ ਆਉਣ ਤਾਂ ਜੋ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਸਿੱਖ ਫੌਜ ਮੁਗਲਾਂ ਨੂੰ ਦੇਖ ਕੇ ਭੱਜ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਅੱਗੇ ਪੇਸ਼ ਹੋ ਕੇ ਇਸ ਨੇ ਕਿਹਾ ਕਿ ਉਹ ਵਜ਼ੀਰ ਖ਼ਾਨ ਦੇ ਜ਼ੁਲਮਾਂ ਤੋਂ ਤੰਗ ਹੋ ਕੇ ਬਾਬਾ ਜੀ ਦਾ ਸਾਥ ਦੇਣ ਲਈ ਆਇਆ ਹੈ, ਇਸ ਲਈ ਉਸਨੂੰ ਫੌਜ ਵਿਚ ਰਲਾ ਲਿਆ ਜਾਵੇ। ਬਾਬਾ ਜੀ ਨੇ ਉਸਨੂੰ ਆਪਣੇ ਨਾਲ ਰਲਾ ਤਾਂ ਲਿਆ, ਪਰ ਨਾਲ ਦੇ ਕੁੱਝ ਸਾਥੀਆਂ ਨੇ ਇੰਨਾਂ ਜ਼ਰੂਰ ਸੰਕੇਤ ਕਰ ਦਿੱਤਾ ਸੀ ਕਿ ਇਹ ਵਿਅਕਤੀ ਭਰੋਸੇਯੋਗ ਨਹੀਂ ਹੈ, ਇਸ ਲਈ ਬਾਬਾ ਜੀ ਨੇ ਸਾਥੀਆਂ ਨੂੰ ਉਸਦਾ ਖਾਸ ਖਿਆਲ ਰੱਖਣ ਲਈ ਕਿਹਾ।
ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਮੈਦਾਨ ਨੂੰ ਚੰਗੀ ਤਰਾਂ ਨਾਲ ਵੇਖਿਆ ਅਤੇ ਜੰਗ ਕਰਨ ਲਈ ਪੂਰੀ ਤਰਾਂ ਸੁਰੱਖਿਅਤ ਪਾਇਆ। ਇਕ ਪਾਸੇ ਨਦੀ ਵਗ ਰਹੀ ਸੀ ਤੇ ਦੂਜੇ ਪਾਸੇ ਰੇਤ ਦੇ ਉੱਚੇ ਟਿੱਬੇ ਸਨ। ਨਾਲ ਹੀ ਰੁੱਖਾਂ ਦੀਆਂ ਝਿੜੀਆਂ ਸਨ। ਬਾਬਾ ਜੀ ਨੇ ਆਪਣੀ ਫੌਜ ਨੂੰ ਥਾਓਂ ਥਾਈਂ ਟਿਕਾ ਦਿੱਤਾ ਤੇ ਉਪ ਸੈਨਿਕਾਂ ਨਾਲ ਇਕ ਸੰਖੇਪ ਜਿਹੀ ਮੀਟਿੰਗ ਕਰਕੇ ਸਾਰੀ ਰਣਨੀਤੀ ਸਮਝਾ ਦਿੱਤੀ।
ਇਧਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਦੌਰਾਨ ਰੋਪੜ ਵਲੋਂ ਆ ਰਹੀਆਂ ਸਿੱਖ ਫੌਜਾਂ ਦੇ ਇਥੇ ਆ ਜਾਣ ਦੀ ਪੂਰੀ ਉਮੀਦ ਸੀ। ਫੇਰ ਇਹ ਇਲਾਕਾ ਜੰਗੀ ਜੁਗਤਾਂ ਪੱਖੋਂ ਵੀ ਸੁਰੱਖਿਅਤ ਸੀ। ਵਜ਼ੀਰ ਖ਼ਾਨ ਜਦੋਂ ਚਪੜਚਿੜੀ ਦੇ ਨੇੜੇ ਪੁੱਜਾ ਤਾਂ ਉਸਨੇ ਬਿਨਾਂ ਸਮਾਂ ਗੁਆਇਆਂ ਤੁਰੰਤ ਹੀ ਆਪਣੀ ਫੌਜ ਨੂੰ ਗੋਲਾਬਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਵਜ਼ੀਰ ਖ਼ਾਨ ਦੇ ਹਮਲੇ ਦਾ ਸਿੱਖਾਂ ਨੇ ਪਹਿਲੀ ਝਟ ਮੂੰਹ ਤੋੜ ਜਵਾਬ ਦਿੱਤਾ ਅਤੇ ਉਸਦੀਆਂ ਫੌਜਾਂ ਨੂੰ ਪਿੱਛੇ ਪਰਤਣ ਲਈ ਮਜ਼ਬੂਰ ਕਰ ਦਿੱਤਾ। ਅੱਗੋਂ ਵਜ਼ੀਰ ਖ਼ਾਨ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਵਿਚ ਆਉਣ ਤੋਂ ਬਾਅਦ ਲਗਾਤਾਰ ਆਪਣੇ ਸੈਨਿਕਾਂ ਨੂੰ ਇਹ ਗੱਲ ਸਮਝਾਉਂਦਾ ਆ ਰਿਹਾ ਸੀ ਕਿ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਕਿਸੇ ਤਰੀਕੇ ਨਾਲ ਵੀ ਲੜਾਈ ਵਿਚ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ ਤਾਂ ਸਾਰੇ ਜਿਮੀਂਦਾਰਾਂ ਅਤੇ ਮੁਸਲਮਾਨਾਂ ਨੂੰ ਵਕਤ ਪੈ ਜਾਵੇਗਾ, ਇਸ ਲਈ ਇਸ ਲੜਾਈ ਨੂੰ ਜੇਹਾਦ ਦਾ ਰੂਪ ਦੇ ਕੇ ਹੀ ਲੜਨਾ ਹੈ। ਮੁਗਲ ਇਸ ਲੜਾਈ ਨੂੰ ਮੰਨ ਵੀ ਜੇਹਾਦ ਹੀ ਰਹੇ ਸਨ ਤੇ ਜੇਹਾਦ ਦਾ ਹੀ ਉਨ੍ਹਾਂ ਸਾਰਿਆਂ ਨੂੰ ਸੱਦਾ ਦਿੱਤਾ ਸੀ। ਇਸ ਲਈ ਉਹ ਵੀ ਅਲੀ ਅਲੀ ਕਰਕੇ ਸਿੰਘਾਂ ਦੇ ਗਲ ਜਾ ਪਏ। ਬੜੀ ਗਹਿਗੱਚ ਲੜਾਈ ਹੋਈ। ਦੋਵਾਂ ਪਾਸਿਓਂ ਤੋਂ ਇਕ ਦੂਜੇ 'ਤੇ ਖੂਬ ਹਮਲੇ ਕੀਤੇ ਗਏ।
ਬਾਬਾ ਬੰਦਾ ਸਿੰਘ ਬਹਾਦਰ ਵਾਲੇ ਪਾਸੇ ਨਾ ਤਾਂ ਕੋਈ ਤੋਪਖਾਨਾ ਸੀ, ਨਾ ਹੀ ਹਾਥੀ ਜਾਂ ਘੋੜੇ ਸਨ। ਬੱਸ ਸਿਰੜੀ ਸਿੰਘ ਸਨ, ਜੋ ਕਿ ਆਪਣੇ ਸਿਰੜ ਸਦਕਾ ਲੜਨ ਲਈ ਆਏ ਹੋਏ ਸਨ। ਇਸਦੇ ਬਾਵਜੂਦ ਸਿੱਖ ਫੌਜਾਂ ਦੇ ਹੌਸਲੇ ਬਹੁਤ ਬੁਲੰਦ ਸਨ। ਜਦੋਂ ਸਿੱਖ ਫੌਜਾਂ ਮਾਰੋ ਮਾਰ ਕਰਦੀਆਂ ਅੱਗੇ ਵਧਦੀਆਂ ਤਾਂ ਮੁਗਲਾਂ ਨੂੰ ਪਿੱਛੇ ਹਟਣਾ ਪੈ ਜਾਂਦਾ। ਉਧਰ ਜਦੋਂ ਮੁਗਲ ਸੈਨਿਕ ਹੱਲਾ ਬੋਲ ਕੇ ਸਿੱਖਾਂ ਵੱਲ ਧਾਈ ਕਰਦੇ ਤਾਂ ਕਦੇ ਤਾਂ ਸਿੰਘਾਂ ਦਾ ਪੱਲੜਾ ਭਾਰੀ ਹੋ ਜਾਂਦਾ ਤੇ ਕਦੇ ਮੁਗਲ ਅੱਗੇ ਵਧ ਆਉਂਦੇ।
ਮੁਗਲ ਸੈਨਾ ਆਪਣੇ ਬਚਾਅ ਦੀ ਲੜਾਈ ਲੜ ਰਹੀ ਸੀ। ਸਾਰਾ ਦਿਨ ਲੜਾਈ ਹੁੰਦੀ ਰਹੀ। ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਬਾਬਾ ਆਲੀ ਸਿੰਘ ਆਦਿ ਵਰਗੇ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੋਢੇ ਨਾਲ ਮੋਢਾ ਡਾਹ ਕੇ ਮੁਗਲਾਂ ਨਾਲ ਲੜਦੇ ਰਹੇ। ਅੱਗੇ ਵਧੇ ਆ ਰਹੇ ਮੁਗਲਾਂ ਨੂੰ ਸਿੰਘਾਂ ਨੇ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ। ਵਜ਼ੀਰ ਖਾਂ ਨੇ ਆਪਣੇ ਸੈਨਿਕਾਂ ਨੂੰ ਫੇਰ ਹੱਲਾਸ਼ੇਰੀ ਦਿੱਤੀ ਅਤੇ ਇਸਲਾਮ ਦਾ ਵਾਸਤਾ ਪਾ ਕੇ ਜਹਾਦ ਲੜਨ ਲਈ ਪ੍ਰੇਰਿਆ। ਮੁਗਲਾਂ ਵਿਚ ਇਕ ਵਾਰ ਫੇਰ ਜ਼ੋਸ਼ ਪੈਦਾ ਹੋ ਗਿਆ ਤੇ ਉਹ ਫਿਰ ਇਕੱਠੇ ਹੋ ਕੇ ਮੁੜ ਸਿੰਘਾਂ 'ਤੇ ਟੁੱਟ ਪਏ। ਇਤਿਹਾਸਕਾਰ ਦੱਸਦੇ ਹਨ ਕਿ ਇਸ ਜੋਰਦਾਰ ਹੱਲੇ ਨਾਲ ਲਗਭਗ ਸਿੰਘਾਂ ਦੇ ਪੈਰ ਉੱਖੜ ਹੀ ਗਏ ਸਨ।
ਬਾਬਾ ਬੰਦਾ ਸਿੰਘ ਬਹਾਦਰ ਸਿੰਘ ਨੂੰ ਇਕ ਸਿੱਖ ਜਥੇਦਾਰ ਨੇ ਲਲਕਾਰਾ ਮਾਰਦੇ ਹੋਏ ਕਿਹਾ ਕਿ ਉਹ ਪਿੱਛੇ ਟਿੱਬੇ 'ਤੇ ਬੈਠ ਕੇ ਕੀ ਕਰ ਰਿਹਾ ਹੈ। ਅੱਗੇ ਵਧੇ ਅਤੇ ਲੜਾਈ ਦੀ ਕਮਾਨ ਆਪਣੇ ਹੱਥ ਵਿਚ ਲਵੇ। ਜੇਕਰ ਹੁਣ ਸਿੰਘਾਂ ਦੇ ਪੈਰ ਉੱਖੜ ਗਏ ਤਾਂ ਫਿਰ ਜਿੱਤਣਾ ਮੁਸ਼ਕਿਲ ਹੋ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਦੀ ਤਸਵੀਰ ਜਦੋਂ ਉਲਟਦੀ ਵੇਖੀ ਤਾਂ ਉੁਹ ਰੋਹ ਵਿਚ ਆ ਗਿਆ। ਬਾਬਾ ਜੀ ਗੁਰੂ ਗੋਬਿੰਦ ਸਿੰਘ ਵਲੋਂ ਥਾਪੇ ਹੋਏ ਮਹਾਨ ਜਰਨੈਲ ਸਨ ਇਸ ਲਈ ਜੰਗ ਦਾ ਰੁਖ ਛੇਤੀ ਹੀ ਉੁਨ੍ਹਾਂ ਦੇ ਸਮਝ ਵਿਚ ਆ ਗਿਆ। ਉਨ੍ਹਾਂ ਮੈਦਾਨ ਵਿਚ ਅੱਗੇ ਆ ਕੇ ਲੜ ਰਹੇ ਸਿੱਖਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਮੁਗਲਾਂ ਦੀ ਵਧੀ ਆ ਰਹੀ ਹਨੇਰੀ ਦਾ ਟਾਕਰਾ ਕਰਨ ਲਈ ਵਿਉਂਤ ਬਣਾਉਣੀ ਸ਼ੁਰੂ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੌਂਪੇ ਸਨ ਉਨ੍ਹਾਂ ਵਿਚ ਇਕ ਤੀਰ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਂ ਲੈ ਕੇ ਮੁਗਲ ਫੌਜਾਂ ਵੱਲ ਛੱਡਿਆ। ਇਹ ਤੀਰ ਕੀ ਸੀ? ਇਹ ਤਾਂ ਇਕ ਤੂਫਾਨ ਸੀ । ਇੰਝ ਜਾਪਣ ਲੱਗਾ ਜਿਵੇਂ ਸੱਚਮੁੱਚ ਹੀ ਤੂਫਾਨ ਆ ਗਿਆ ਹੋਵੇ। ਮੁਗਲਾਂ ਵਿਚ ਭਾਜੜ ਮੱਚ ਗਈ ਜਿਸ ਦਾ ਜਿੱਧਰ ਮੂੰਹ ਆਇਆ ਉਧਰ ਭੱਜ ਤੁਰਿਆ।
ਵਜ਼ੀਰ ਖਾਂ ਜੋ ਕਿ ਕਾਫੀ ਅੱਗੇ ਵੱਧ ਆਇਆ ਸੀ, ਉਸ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਲਕੁਲ ਆਪਣੇ ਸਾਹਮਣੇ ਦੇਖਿਆ ਤਾਂ ਉਸ ਦੇ ਹੱਥ ਪੈਰ ਫੁੱਲ ਗਏ। ਮੈਕਾਲਿਫ ਇਸ ਘਟਨਾ ਵੇਰਵਾ ਦਿੰਦਿਆਂ ਇਸ ਤਰ੍ਹਾਂ ਲਿਖਦਾ ਹੈ ਕਿ 'ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ ਲਲਕਾਰ ਕੇ ਕਿਹਾ, ''ਪਾਪੀਆ ਤੂੰ ਮੇਰੇ ਗੁਰੂ ਗੋਬਿੰਦ ਸਿੰਘ ਦਾ ਦੁਸ਼ਮਣ ਹੈ। ਤੂੰ ਉਨ੍ਹਾਂ ਨੂੰ ਯਥਾਯੋਗ ਸਨਮਾਨ ਨਹੀਂ ਦਿੱਤਾ ਬਲਕਿ ਉਨ੍ਹਾਂ ਦੇ ਦੋ ਮਾਸੂਮ ਸਾਹਿਬਜ਼ਾਦਿਆਂ ਨੂੰ ਕਤਲ ਕਰਵਾ ਦਿੱਤਾ। ਇਹ ਕਾਰਾ ਕਰਕੇ ਤੂੰ ਬੱਜਰ ਅਤੇ ਮੁਆਫ਼ ਨਾ ਕੀਤਾ ਜਾਣ ਵਾਲਾ ਗੁਨਾਹ ਕੀਤਾ ਹੈ। ਮੈਂ ਹੁਣ ਤੈਨੂੰ ਇਸੇ ਗੁਨਾਹ ਦੀ ਸਜ਼ਾ ਦੇਣ ਲੱਗਿਆ ਹਾਂ। ਤੇਰੀ ਫੌਜ ਅਤੇ ਤੇਰਾ ਮੁਲਕ ਹੁਣ ਮੇਰੇ ਹੱਥੋਂ ਤਬਾਹ ਹੋ ਜਾਣਗੇ।'' ਮੈਕਾਲਿਫ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਤਲਵਾਰ ਦਾ ਇਕ ਭਰਵਾਂ ਵਾਰ ਕੀਤਾ ਅਤੇ ਵਜ਼ੀਰ ਖਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ।
ਵਜ਼ੀਰ ਖਾਂ ਨੂੰ ਕਿਸ ਨੇ ਮਾਰਿਆ, ਇਸ ਗੱਲ ਨੂੰ ਲੈ ਕੇ ਲੇਖਕਾਂ ਤੇ ਇਤਿਹਾਸਕਾਰਾਂ ਦੀਆਂ ਵੱਖੋਂ-ਵੱਖ ਰਾਵਾਂ ਹਨ। ਮਹਿਮਾ ਪ੍ਰਕਾਸ਼ ਦੇ ਕਰਤਾ ਬਾਬਾ ਸਰੂਪ ਦਾਸ ਭੱਲਾ ਜੀ ਮੰਨਦੇ ਹਨ ਕਿ ਵਜ਼ੀਰ ਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਰਿਆ। ਮੁਗਲਾਂ ਦੇ ਨਾਲ ਜੰਗ ਵਿਚ ਰਹਿ ਕੇ ਸਾਰਾ ਹਾਲ ਕਲਮ ਬੱਧ ਕਰਨ ਵਾਲੇ ਖਾਫੀ ਖਾਂ ਅਨੁਸਾਰ ਵਜ਼ੀਰ ਖਾਂ ਦੀ ਮੌਤ ਕਿਸੇ ਸਿੰਘ ਦੀ ਗੋਲੀ ਲੱਗਣ ਕਾਰਨ ਹੋਈ ਹੈ ਪਰ ਜੋ ਜ਼ਿਆਦਾਤਰ ਮੰਨਣ ਵਿਚ ਗੱਲ ਆਉਂਦੀ ਹੈ ਉਸ ਅਨੁਸਾਰ ਵਜ਼ੀਰ ਖਾਂ ਨੂੰ ਬਾਬਾ ਬਾਜ ਸਿੰਘ ਨੇ ਲਲਕਾਰਿਆ ਅਤੇ ਬਾਬਾ ਫਤਿਹ ਸਿੰਘ ਨੇ ਉਸਨੂੰ ਮੌਤ ਦੇ ਘਾਟ ਉਤਾਰਿਆ। ਕਿਹਾ ਜਾਂਦਾ ਹੈ ਕਿ ਬਾਬਾ ਬਾਜ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਵੀ ਅੱਗੇ ਹੋ ਕੇ ਵਜ਼ੀਰ ਖਾਂ 'ਤੇ ਗੁੱਸਾ ਖਾ ਕੇ ਆਪਣੇ ਨੇਜ਼ੇ ਨਾਲ ਭਰਵਾਂ ਵਾਰ ਕੀਤਾ। ਵਜ਼ੀਰ ਖਾਂ ਪਾਸਾ ਵੱਟ ਗਿਆ ਪਰ ਉਸ ਦੀ ਬਾਂਹ ਵਿਚ ਇਹ ਨੇਜ਼ਾ ਖੁਭ ਗਿਆ। ਬਾਬਾ ਬਾਜ ਸਿੰਘ ਦੇ ਨੇੜੇ ਹੀ ਬਾਬਾ ਫਤਿਹ ਸਿੰਘ ਜੀ ਖਲੋਤੇ ਸਨ ਜਿਨ੍ਹਾਂ ਨੇ ਆਪਣੀ ਤਲਵਾਰ ਦਾ ਭਰਵਾਂ ਵਾਰ ਵਜ਼ੀਰ ਖਾਂ 'ਤੇ ਕੀਤਾ ਜੋ ਕਿ ਵਜ਼ੀਰ ਖਾਂ ਦੇ ਮੋਢੇ ਤੇ ਕਮਰ ਨੂੰ ਚੀਰਦੀ ਹੋਈ ਉਸ ਦਾ ਕਾਲ ਬਣ ਗਈ। ਅਸਲ ਵਿਚ ਸਾਰੇ ਹੀ ਸਿੱਖਾਂ ਵਿਚ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸਾ ਸੀ ਕਿ ਵਜ਼ੀਰ ਖਾਂ ਬਹੁਤ ਹੀ ਜ਼ੁਲਮੀ ਬੰਦਾ ਸੀ ਅਤੇ ਉਸ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਵੀ ਸ਼ਹੀਦ ਕੀਤਾ। ਇਸੇ ਲਈ ਸਾਰੇ ਜਥੇਦਾਰ ਅਤੇ ਸਿੰਘ ਇਕ ਦੂਜੇ ਤੋਂ ਅੱਗੇ ਵੱਧ ਕੇ ਤੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਵਜ਼ੀਰ ਖਾਂ ਨੂੰ ਖਤਮ ਕਰਨਾ ਚਾਹੁੰਦੇ ਸਨ।
ਚਪੜਚਿੜੀ ਵਿਖੇ ਇਕ ਪੁਰਾਤਨ ਜੰਡ ਦਾ ਰੁੱਖ ਅਜੇ ਵੀ ਮੌਜੂਦ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਸਹਿਕ ਰਹੇ ਵਜ਼ੀਰ ਖ਼ਾਂ ਨੂੰ ਨੂੜਿਆ ਗਿਆ ਸੀ। ਇਹ ਰੁੱਖ ਅੱਜ ਕੱਲ ਗੁਰੂ ਨਾਨ ਫਾਉਂਡੇਸ਼ਨ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਆਉਂਦਾ ਹੈ। ਖਾਫੀ ਖਾਂ ਇਸ ਸਮੇਂ ਦਾ ਵਰਨਣ ਕਰਦਾ ਹੋਇਆ ਲਿਖਦਾ ਹੈ ਕਿ 'ਧਨ, ਮਾਲ, ਘੋੜੇ-ਹਾਥੀ ਬੇਦੀਨਿਆਂ ਦੇ ਹੱਥ ਆਏ ਅਤੇ ਇਸਲਾਮੀ ਸੈਨਾ ਦਾ ਇਕ ਵੀ ਬੰਦਾ ਜਾਨ ਅਤੇ ਤਨ ਦੇ ਕੱਪੜਿਆਂ ਤੋਂ ਬਿਨ੍ਹਾਂ ਕੁਝ ਵੀ ਬਚਾ ਨਾ ਸਕਿਆ। ਵੱਡੀ ਗਿਣਤੀ ਵਿਚ ਪਿਆਦੇ ਤੇ ਘੋੜ ਚੜੇ, ਕਾਫ਼ਰਾਂ ਦੀਆਂ ਤਲਵਾਰਾਂ ਦਾ ਸ਼ਿਕਾਰ ਬਣੇ ਜਿਨ੍ਹਾਂ ਨੇ ਉਨ੍ਹਾਂ ਦਾ ਸਰਹੰਦ ਤੱਕ ਪਿੱਛਾ ਕੀਤਾ।'
(ਗੁਰਪ੍ਰੀਤ ਸਿੰਘ ਨਿਆਮੀਆਂ ਦੀ ਕੰਧ ਤੋਂ )