• Home
  • ਪੰਜਾਬ ਪੁਲਿਸ ਨੇ ਸੁਲਝਾਈ ਮੁਕਤਸਰ ਕਤਲ ਕਾਂਡ ਦੀ ਗੁੱਥੀ, ਦਵਿੰਦਰ ਬੰਬੀਹਾ ਗੈਂਗ ਦੇ 4 ਵਿਅਕਤੀ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸੁਲਝਾਈ ਮੁਕਤਸਰ ਕਤਲ ਕਾਂਡ ਦੀ ਗੁੱਥੀ, ਦਵਿੰਦਰ ਬੰਬੀਹਾ ਗੈਂਗ ਦੇ 4 ਵਿਅਕਤੀ ਗ੍ਰਿਫਤਾਰ

ਚੰਡੀਗੜ•, (ਖ਼ਬਰ ਵਾਲੇ ਬਿਊਰੋ)
ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੁਨਿਟ(ਓ.ਸੀ.ਸੀ.ਯੂ) ਵੱਲੋਂ 11 ਮਾਰਚ, 2018 ਨੂੰ ਸ੍ਰੀ ਮੁਕਤਸਰ ਸਾਹਿਬ ਵਿੱਚ ਦਿਨ ਦਿਹਾੜੇ ਹੋਏ ਅੰਨੇ ਕਤਲ ਦੀ ਉਲਝੀ ਗੁੱਥੀ ਸੁਲਝਾ ਲਈ ਗਈ ਹੈ। ਗੌਰਤਲਬ ਹੈ ਕਿ 52 ਸਾਲਾ ਗੁਰਦੇਵ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਸਿਟੀ ਥਾਣਾ, ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ  ਦਰਜ ਕੀਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਜੀ.ਪੀ., ਇੰਟੈਲੀਜੈਂਸ (ਓ.ਸੀ.ਸੀ.ਯੂ)ਨੇ ਦੱਸਿਆ ਉਕਤ ਮਕਤੂਲ (ਕਤਲ ਕੀਤਾ ਵਿਅਕਤੀ) ਸਥਾਨਕ ਬਾਜ਼ਾਰ ਵਿੱਚ ਕੋਲੇ ਦਾ ਵਪਾਰੀ ਸੀ ਅਤੇ ਲੱਕੜ ਦਾ ਕਾਰੋਬਾਰ ਵੀ ਕਰਦਾ ਸੀ ਅਤੇ ਕਤਲ ਵਾਲੇ ਦਿਨ ਤੋਂ ਹੀ ਏ.ਆਈ.ਜੀ. ਸੰਦੀਪ ਗੋਇਲ ਦੀ ਅਗਵਾਈ ਵਿੱਚ ਓ.ਸੀ.ਸੀ.ਯੂ ਦੀ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਉਕਤ ਕਤਲ ਕਾਂਡ ਦਾ ਕਾਰਨ ਜਬਰੀ ਕਾਰ ਖੋਹਣਾ ਸੀ ਕਿਉਂ ਜੋ ਦੋਸ਼ੀ, ਮਕਤੂਲ ਦੀ ਸਵਿੱਫਟ ਡਜ਼ਾਇਰ ਕਾਰ ਹਥਿਆਉਣਾ ਚਾਹੁੰਦੇ ਸਨ। ਇਸ ਕਤਲ ਪਿੱਛੇ ਦਵਿੰਦਰ ਬੰਬੀਹਾ ਗੈਂਗ ਦਾ ਹੱਥ ਦੱਸਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸੇ ਗੈਂਗ ਦਾ ਇੱਕ ਮੈਂਬਰ ਅਜੈ ਫ਼ਰੀਦਕੋਟੀਆ ਨੇ ਲੰਮੀ ਪੁਛਗਿੱਛ ਦੌਰਾਨ ਆਪਣਾ ਜੁਰਮ ਕਬੂਲਿਆ ਅਤੇ ਕਤਲ ਵਿੱਚ ਸ਼ਾਮਲ ਹੋਰ ਦੋਸ਼ੀ ਅਮਨਾ ਜੈਤੋ, ਅੰਮ੍ਰਿਤਪਾਲ ਬਾਬਾ,ਰਾਕੇਸ਼ ਕਾਕੂ ਅਤੇ ਕੋਮਲਜੀਤ ਸਿੰਘ ਉਰਫ਼ ਕੋਮਲ ਦੇ ਨਾਂ ਵੀ ਦੱਸੇ।
ਆਈਜੀ., ਓ.ਸੀ.ਸੀ.ਯੂ ਨੇ ਇਹ ਵੀ ਦੱਸਿਆ ਕਿ ਕਰੀਬ ਦੋ ਦਰਜਨ ਸੰਵੇਦਨਸ਼ੀਲ ਕੇਸਾਂ ਵਿੱਚ ਲੋੜੀਂਦੇ ਅਜੈ ਫ਼ਰੀਦਕੋਟੀਆ ਨੂੰ ਕੁਝ ਸਮਾਂ ਪਹਿਲਾਂ  ਮੋਗਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਓ.ਸੀ.ਸੀ.ਯੂ  ਟੀਮ ਵੱਲੋਂ ਪਹਿਲਾਂ ਹੀ ਗਿਰਫਤਾਰ ਕੀਤਾ ਅਮਨ ਜੈਤੋ ਪਰੋਡਕਸ਼ਨ ਵਰੰਟ 'ਤੇ ਪੇਸ਼ ਕੀਤਾ ਗਿਆ ਸੀ। ਕੇਸ ਹੱਲ ਹੋਣ ਪਿੱਛੋਂ ਅਤੇ ਜਾਂਚ ਟੀਮ ਵੱਲੋਂ ਸਭ ਉਲਝੀਆਂ ਤਾਣੀਆਂ ਸੁਲਝਾ ਲੈਣ ਤੋਂ ਬਾਅਦ ਅੰਮ੍ਰਿਤਪਾਲ ਬਾਬਾ(ਮੁਕਤਸਰ) ਅਤੇ ਰਾਕੇਸ਼ ਕਾਕੂ(ਬਠਿੰਡਾ) ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਉਕਤ ਕਤਲ ਵਿੱਚ ਵਰਤਿਆ 0.32 ਬੋਰ ਦਾ ਪਿਸਟਲ ਦੋਸ਼ੀ ਪਾਸੋਂ ਬਰਾਮਦ ਕੀਤਾ ਗਿਆ।
ਉਹਨਾਂ ਅੱਗੇ ਦੱਸਿਆ ਕਿ ਇਸ ਕਤਲ ਕੇਸ ਦੀ ਜਾਂਚ ਡੀਐਸਪੀ ਵਿਭੋਰ ਕੁਮਾਰ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਇੰਸਪੈਕਟਰ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਸੰਜੀਵ ਕੁਮਾਰ ਸ਼ਾਮਲ ਸਨ,ਵੱਲੋਂ ਕੀਤੀ ਗਈ। ਜਾਂਚ ਦੌਰਾਨ ਕਤਲ ਵਿੱਚ ਦੋਸ਼ੀਆਂ ਲਈ ਕਾਰ ਦਾ ਪ੍ਰਬੰਧ ਕਰਨ ਵਾਲੇ ਲਖਵਿੰਦਰ ਸਿੰਘ ਲੱਖਾ(ਮੁਕਤਸਰ) ਦਾ ਨਾਂ ਵੀ ਸਾਹਮਣੇ ਆਇਆ ਹੈ। ਕਤਲ ਦੌਰਾਨ ਵਰਤੀ ਗਈ ਕਾਰ ਵੀ ਟੀਮ ਵੱਲੋਂ ਬਰਾਮਦ ਕੀਤੀ ਜਾ ਚੁੱਕੀ ਹੈ।
ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਸਾਰੇ ਦੋਸ਼ੀਆਂ ਨੂੰ ਮੁਕਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ। ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ ਕੇਸ ਨਾਲ ਸਬੰਧਤ ਕਈ ਹੋਰ ਗ੍ਰਿਫਤਾਰੀਆਂ ਹੋਣ ਦੀ ਆਸ ਹੈ।
ਸ੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਦੀ ਓ.ਸੀ.ਸੀ.ਯੂ ਪੰਜਾਬ ਦੀ ਇਸ ਪਵਿੱਤਰ ਤੇ ਜ਼ਰਖ਼ੇਜ਼ ਧਰਤੀ ਤੋਂ ਜੁਰਮ ਤੇ ਗੁੰਡਾ ਗੈਂਗਾਂ ਦੇ ਸੰਕਟ ਨੂੰ ਠੱਲ•ਣ ਲਈ ਸਮਰਪਿਤ ਹੈ।