• Home
  • ਸਾਬਕਾ ਸਰਪੰਚ ਦੀ ਮੌਤ ਲਈ ਨਾਮਜ਼ਦ ਜੋਤੀ ਅਤੇ ਜਗਦੀਸ਼ ਨਿਹੰਗ ਦੀ ਉੱਚੀ ਪਹੁੰਚ ਕਾਰਨ ਪੁਲਿਸ ਹੱਥ ਪਾਉਣ ਤੋਂ ਇਨਕਾਰੀ ?

ਸਾਬਕਾ ਸਰਪੰਚ ਦੀ ਮੌਤ ਲਈ ਨਾਮਜ਼ਦ ਜੋਤੀ ਅਤੇ ਜਗਦੀਸ਼ ਨਿਹੰਗ ਦੀ ਉੱਚੀ ਪਹੁੰਚ ਕਾਰਨ ਪੁਲਿਸ ਹੱਥ ਪਾਉਣ ਤੋਂ ਇਨਕਾਰੀ ?

ਐਸ.ਐਸ.ਪੀ ਬਰਾੜ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨਸ਼ੀਲ
ਗੁਰੂਸਰ ਸੁਧਾਰ/ ਗਿੱਲ
ਜੋਤੀ ਅਤੇ ਜਗਦੀਸ਼ ਨਿਹੰਗ ਦੀ ਉੱਚੀ ਪਹੁੰਚ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਿੰਜਲ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 304 ਅਧੀਨ ਉਨ੍ਹਾਂ ਨੂੰ ਨਾਮਜ਼ਦ ਤਾਂ ਕਰ ਲਿਆ ਹੈ, ਪਰ ਹਾਲੇ ਤੱਕ ਉਨ੍ਹਾਂ ਦੇ ਘਰ ਦਾ ਕੁੰਡਾ ਖੜਕਾਉਣ ਦੀ ਜੁਰਅਤ ਨਹੀਂ ਕਰ ਸਕੀ। ਪੀੜਤ ਪਰਿਵਾਰ ਅਨੁਸਾਰ ਦੋਵੇਂ ਮੁਲਜ਼ਮ ਬੇਖ਼ੌਫ ਪਿੰਡ ਵਿਚ ਹੀ ਘੁੰਮ ਰਹੇ ਹਨ, ਸੂਚਨਾ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਟਾਲਮਟੋਲ ਜਾਰੀ ਹੈ। ਮ੍ਰਿਤਕ ਗੁਰਮੀਤ ਸਿੰਘ ਦੇ ਭਰਾ ਸਹਾਇਕ ਥਾਣੇਦਾਰ ਗੁਰਸੇਵਲ ਸਿੰਘ ਨੇ ਦੱਸਿਆ ਕਿ ਇਸ ਜੋੜੀ ਦੀ ਉੱਚੀ ਪਹੁੰਚ ਕਾਰਨ ਹੀ ਉਨ੍ਹਾਂ ਨੂੰ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਤ ਤੋਂ ਅਗਲੇ ਦਿਨ ਵੀ ਉਹ ਪਿੰਡ ਵਿਚ ਹੀ ਮੌਜੂਦ ਸੀ, ਪੁਲਿਸ ਨੂੰ ਫ਼ੋਨ ਕੀਤਾ ਤਾਂ ਕੋਈ ਹੁੰਗਾਰਾ ਨਹੀਂ ਮਿਲਿਆ।
ਮ੍ਰਿਤਕ ਸਾਬਕਾ ਸਰਪੰਚ ਗੁਰਮੀਤ ਸਿੰਘ ਦੇ ਭਰਾ ਗੁਰਸੇਵਲ ਸਿੰਘ ਨੇ ਦੁਖੀ ਮਨ ਨਾਲ ਪੱਤਰਕਾਰਾਂ ਨੂੰ ਕਿਹਾ ਕਿ ਪਿੰਡ ਵਾਸੀਆਂ ਉੱਪਰ ਜੋਤੀ ਅਤੇ ਉਸ ਦੇ ਨਿਹੰਗ ਪਤੀ ਜਗਦੀਸ਼ ਸਿੰਘ ਦਾ ਖ਼ੌਫ਼ ਪਹਿਲਾਂ ਵਾਂਗ ਬਰਕਰਾਰ ਹੈ। ਇਸ ਸਬੰਧੀ ਜਦੋਂ ਰਾਏਕੋਟ ਥਾਣਾ ਸਦਰ ਦੇ ਮੁਖੀ ਗੁਰਇਕਬਾਲ ਸਿੰਘ ਸਿਕੰਦ ਨੇ ਸੰਪਰਕ ਕਰਨ 'ਤੇ ਕਿਹਾ ਕਿ ਪੁਲਿਸ ਵੱਲੋਂ ਛਾਪੇਮਾਰੀ ਦੇ ਬਾਵਜੂਦ ਮੁਲਜ਼ਮ ਹਾਲੇ ਤੱਕ ਹੱਥ ਨਹੀਂ ਆਏ ਹਨ। ਐਸ.ਐਸ.ਪੀ ਲੁਧਿਆਾਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੋਈ ਢਿੱਲ ਨਹੀਂ ਵਰਤ ਰਹੀ ਹੈ, ਪੁਲਿਸ ਗ੍ਰਿਫ਼ਤਾਰੀ ਲਈ ਯਤਨਸ਼ੀਲ ਹੈ। ਉਨ੍ਹਾਂ ਪੁਲਿਸ ਉੱਪਰ ਕਿਸੇ ਦਬਾਅ ਤੋਂ ਇਨਕਾਰ ਕੀਤਾ ਹੈ।